ਲਾਂਘੇ ‘ਤੇ ਡਾਲਰ ਦੇਣ ਲਈ ਨਹੀਂ ਖੋਲਿਆ ਕਾਉਂਟਰ, 20 ਡਾਲਰ ਦੀ ਥਾਂ ਖ਼ਰਚਣੇ ਪੈ ਰਹੇ ਹਨ 25 ਡਾਲਰ
ਕਾਰੀਡੋਰ ਨਹੀਂ ਹੋਇਆ ਅਜੇ ਮੁਕੰਮਲ ਤਿਆਰ, ਟੁੱਟ ਭੱਜ ‘ਚ ਚਲ ਰਿਹਾ ਐ ਕੰਮ-ਕਾਰ
ਕਰਤਾਰਪੁਰ ਸਾਹਿਬ (ਅਸ਼ਵਨੀ ਚਾਵਲਾ)। ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਨੂੰ ਲੈ ਕੇ ਨਾ ਹੀ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜਿਆਦਾ ਇੰਤਜ਼ਾਮ ਕੀਤੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਇੰਤਜ਼ਾਮ ਕਰਨ ਵਿੱਚ ਲਗੀ ਹੋਈ ਹੈ। ਜਿਸ ਦਾ ਖ਼ਾਮਿਆਜਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੂਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਇੰਤਜ਼ਾਮ ਲਾ-ਮਿਸਾਲ ਕੀਤੇ ਗਏ ਹਨ। ਇਨਾਂ ਇੰਤਜ਼ਾਮ ਨੂੰ ਦੇਖਣ ਲਈ ਹੀ ਸੱਚ ਕਹੂੰ ਦੇ ਚੰਡੀਗੜ ਤੋਂ ਬਿਊਰੋ ਚੀਫ਼ ਅਸ਼ਵਨੀ ਚਾਵਲਾ ਵਲੋਂ 25 ਅਗਸਤ ਨੂੰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ ਗਿਆ।
ਜਿਥੇ ਕਿ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ, ਜਿਸ ਨਾਲ ਕੇਂਦਰ ਸਰਕਾਰ ਦੇ ਨਾਲ ਹੀ ਪੰਜਾਬ ਸਰਕਾਰ ਦੀ ਨਿਯਤ ‘ਤੇ ਵੀ ਸ਼ਕ ਜ਼ਾਹਿਰ ਹੋ ਰਿਹਾ ਹੈ। ਪੰਜਾਬ ਦੇ ਸਿਆਸੀ ਲੀਡਰ 20 ਡਾਲਰ ਮੁਆਫ਼ ਕਰਨ ਲਈ ਤਾਂ ਬਿਆਨਬਾਜ਼ੀ ਕਰਨ ਵਿੱਚ ਲਗੇ ਹੋਏ ਹਨ ਪਰ ਲਾਂਘੇ ‘ਤੇ ਭਾਰਤੀ ਅਤੇ ਪੰਜਾਬ ਸਰਕਾਰ ਦੇ ਇੰਤਜ਼ਾਮ ਦੀ ਘਾਟ ਦੇ ਕਾਰਨ ਹੀ ਯਾਤਰੂਆਂ ਨੂੰ 20 ਡਾਲਰ ਦੀ ਥਾਂ ‘ਤੇ 25 ਡਾਲਰ ਖ਼ਰਚਣੇ ਪੈ ਰਹੇ ਹਨ। ਕਾਰੀਡੋਰ ਦੇ ਅੰਦਰ ਕੋਈ ਵੀ ਭਾਰਤੀ ਰੁਪਏ ਨੂੰ ਡਾਲਰ ਵਿੱਚ ਬਦਲਨ ਲਈ ਕੋਈ ਕਾਉਂਟਰ ਨਹੀਂ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪਾਕਿਸਤਾਨ ਵਾਲੇ ਪਾਸੇ ਜਾ ਕੇ ਡਾਲਰ ਲੈਣੇ ਪੈ ਰਹੇ ਹਨ। ਜਿਥੇ ਕਿ 20 ਡਾਲਰ ਦੇ ਬਦਲੇ 1700 ਰੁਪਏ ਲਏ ਜਾ ਰਹੇ ਹਨ, ਜਦੋਂ ਕਿ ਡਾਲਰ ਦੀ ਕੀਮਤ ਅਨੁਸਾਰ ਸਿਰਫ਼ 1450 ਰੁਪਏ ਹੀ ਬਣਦੇ ਹਨ।
ਪਾਕਿਸਤਾਨ ਵਾਲੇ ਪਾਸੇ 20 ਡਾਲਰ ਫੀਸ ਲੈਣ ਲਈ ਕੋਈ ਅੰਤਰਰਾਜੀ ਰੇਟ ਨਹੀਂ ਦੱਸਿਆ ਜਾ ਰਿਹਾ ਹੈ, ਉਥੇ ਫਲੈਟ ਵਿੱਚ 1700 ਰੁਪਏ ਹੀ ਲਏ ਜਾ ਰਹੇ ਹਨ ਹਾਲਾਂਕਿ ਜਿਹੜੇ ਯਾਤਰੀ ਪੰਜਾਬ ਤੋਂ ਹੀ ਡਾਲਰ ਲੈ ਕੇ ਆ ਰਹੇ ਸਨ, ਉਨਾਂ ਨੂੰ ਪੰਜਾਬ ‘ਚ 1450 ਰੁਪਏ ਹੀ ਦੇਣੇ ਪੈ ਰਹੇ ਸਨ। ਲਾਂਘੇ ‘ਤੇ ਡਾਲਰ ਦੇਣ ਲਈ ਇੱਕ ਬੈਂਕ ਵਲੋਂ ਕਾਉਂਟਰ ਖੋਲਿਆ ਤਾਂ ਜਾਣਾ ਹੈ ਪਰ ਅਜੇ ਤੱਕ ਬੈਂਕ ਵਲੋਂ ਕੋਈ ਵੀ ਕਾਉਂਟਰ ਨਹੀਂ ਖੋਲਿਆ ਗਿਆ ਹੈ। ਇਸ ਨਾਲ ਹੀ ਲਾਂਘੇ ਰਾਹੀਂ ਕਰਤਾਰਪੁਰ ਜਾਣ ਲਈ ਯਾਤਰੀ ਸਵੇਰੇ 7 ਵਜੇ ਹੀ ਟਰਮੀਨਲ ‘ਤੇ ਪੁੱਜਣ ਲਗ ਜਾਂਦੇ ਹਨ ਅਤੇ ਯਾਤਰੀ ਲੰਬਾ ਸਫ਼ਰ ਕਰਦੇ ਹੋਏ ਇਥੇ ਪੁੱਜਣ ਤੋਂ ਬਾਅਦ ਚਾਹ-ਪਾਣੀ ਨੂੰ ਲੱਭਣ ਦੀ ਕੋਸ਼ਸ਼ ਤਾਂ ਕਰ ਰਹੇ ਹਨ ਪਰ ਟਰਮੀਨਲ ਨੇੜੇ ਸਵੇਰੇ ਕੋਈ ਵੀ ਇੰਤਜ਼ਾਮ ਦਿਖਾਈ ਨਹੀਂ ਦੇ ਰਿਹਾ ਹੈ।
ਹਾਲਾਂਕਿ 10 ਵਜੇ ਤੋਂ ਬਾਅਦ ਮਸ਼ੀਨੀ ਚਾਹ ਦਾ ਇੱਕ ਆਰਜ਼ੀ ਕਾਉਂਟਰ ਜਰੂਰ ਲਗਾਇਆ ਜਾਂਦਾ ਹੈ ਪਰ ਉਸ ਸਮੇਂ ਤੱਕ ਯਾਤਰੀ ਪਾਕਿਸਤਾਨ ਵਾਲੇ ਪਾਸੇ ਜਾ ਚੁੱਕੇ ਹੁੰਦੇ ਹਨ। ਪਾਕਿਸਤਾਨ ਵਾਲੇ ਪਾਸੇ ਇਸ ਤੋਂ ਉਲਟ ਸਵੇਰੇ 7 ਵਜੇ ਹੀ ਚਾਹ-ਪਾਣੀ ਤੋਂ ਲੈ ਕੇ ਨਾਸ਼ਤਾ ਤੱਕ ਕਰਨ ਦੇ ਇੰਤਜ਼ਾਮ ਕਰ ਦਿੱਤੇ ਜਾ ਰਹੇ ਹਨ। ਜਿਥੇ ਕਿ ਚਾਹ-ਕਾਫ਼ੀ ਤੋਂ ਲੈ ਕੇ ਹਰ ਤਰਾਂ ਦਾ ਫਾਸਟਫੂਡ ਮਿਲ ਰਿਹਾ ਹੈ। ਜਿਸ ਲਈ ਕੋਈ ਜਿਆਦਾ ਅਦਾਇਗੀ ਵੀ ਨਹੀਂ ਕਰਨੀ ਪੈ ਰਹੀਂ ਹੈ।
ਫਾਰਮ ਭਰਨ ਲਈ ਨਹੀਂ ਕੋਈ ਕਾਊਂਟਰ, ਫਾਰਮ ਵੀ ਅੰਗਰੇਜ਼ੀ ‘ਚ
ਲਾਂਘੇ ਨੂੰ ਟੱਪਣ ਤੋਂ ਪਹਿਲਾਂ ਭਾਰਤੀ ਇਮੀਗ੍ਰੇਸ਼ਨ ਵਿਭਾਗ ਵਲੋਂ ਪਾਕਿਸਤਾਨ ਵਾਲੇ ਪਾਸੇ ਪੈਸੇ ਅਤੇ ਬੈਗ ਲੈ ਕੇ ਜਾਣ ਲਈ ਇੱਕ ਫਾਰਮ ਭਰਨ ਲਈ ਦਿੱਤਾ ਜਾਂਦਾ ਹੈ। ਜਿਸ ਵਿੱਚ ਨਾਅ ਅਤੇ ਪਤੇ ਸਣੇ ਪਾਸਪੋਰਟ ਦੀ ਸਾਰੀ ਜਾਣਕਾਰੀ ਭਰਨੀ ਪੈਂਦੀ ਹੈ। ਇਸ ਨਾਲ ਹੀ ਕਿੰਨੇ ਭਰਤੀ ਰੁਪਏ ਅਤੇ ਡਾਲਰ ਤੁਸੀਂ ਪਾਕਿਸਤਾਨ ਲੈ ਕੇ ਜਾ ਰਹੇ ਹਨ ਅਤੇ ਬੈਗ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ।
ਇਹ ਫਾਰਮ ਭਰਨ ਲਈ ਕੋਈ ਵੀ ਕਾਉਂਟਰ ਨਹੀਂ ਹੈ ਅਤੇ ਫਾਰਮ ਅੰਗਰੇਜ਼ੀ ਵਿੱਚ ਹੋਣ ਦੇ ਕਾਰਨ ਪਿੰਡਾਂ ਦੇ ਲੋਕਾਂ ਅਤੇ ਖ਼ਾਸ ਕਰਕੇ ਬਜ਼ੁਰਗਾ ਨੂੰ ਜਿਆਦਾ ਦਿੱਕਤ ਆ ਰਹੀਂ ਹੈ। ਟਰਮੀਨਲ ਦੇ ਅੰਦਰ ਕੋਈ ਰਿਸ਼ਤੇਦਾਰ ਨਹੀਂ ਜਾ ਸਕਦਾ ਹੈ, ਜਿਸ ਕਾਰਨ ਪਿੰਡਾਂ ਦੇ ਲੋਕ ਜਾਂ ਫਿਰ ਬਜ਼ੁਰਗ ਆਪਣੇ ਸਗੇ ਸੰਬੰਧੀਆਂ ਦੀ ਮਦਦ ਵੀ ਨਹੀਂ ਲੈ ਸਕਦੇ। ਜਿਸ ਕਾਰਨ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕ ਹੀ ਇੱਕ ਦੂਜੇ ਦੀ ਮਦਦ ਕਰਨ ਵਿੱਚ ਲਗੇ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।