ਕਬੱਡੀ ਦਾ ਚੈਂਪੀਅਨ, ਕਰਮੀ ਬਰੜਵਾਲ
ਘੇਰੇ ਵਾਲੀ ਕਬੱਡੀ ਦਾ ਜਦੋਂ ਵੀ ਇਤਿਹਾਸ ਫਰੋਲਿਆ ਜਾਵੇਗਾ ਤਾਂ ਸਭ ਤੋਂ ਪਹਿਲਾਂ ਸੰਗਰੂਰ ਦਾ ਜ਼ਿਕਰ ਹੋਵੇਗਾ ਜਿੱਥੋਂ ਦੇ ਵਾਰ ਹੀਰੋਜ ਸਟੇਡੀਅਮ ਵਿੱਚ 19 ਫਰਵਰੀ 1973 ਨੂੰ ਸਰਕਲ ਕਬੱਡੀ ਦਾ ਪਹਿਲਾ ਇਤਿਹਾਸਕ ਮੈਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ। ਇਸ ਜ਼ਿਲ੍ਹੇ ਦੇ ਅਨੇਕਾਂ ਅਜਿਹੇ ਖਿਡਾਰੀ ਹੋਏ ਹਨ ਜਿਨ੍ਹਾਂ ਨੇ ਕਬੱਡੀ ਦੀ ਬਦੌਲਤ ਸੰਗਰੂਰ ਦੇ ਨਾਂਅ ਨੂੰ ਹੋਰ ਚਮਕਦਾਰ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ।
ਅਜਿਹਾ ਹੀ ਇੱਕ ਨਾਂਅ ਹੈ ਕਰਮਜੀਤ ਸਿੰਘ ਕਰਮੀ ਬਰੜਵਾਲ। ਕਰਮੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਵੱਸੇ ਪਿੰਡ ਬਰੜਵਾਲ ਵਿਖੇ ਸੰਨ 1982 ਦੇ ਚੌਥੇ ਮਹੀਨੇ ਦੀ 11 ਤਰੀਕ ਨੂੰ ਪਿਤਾ ਸ੍ਰ. ਧੰਨਾ ਸਿੰਘ ਢੀਂਡਸਾ ਦੇ ਘਰ ਮਾਤਾ ਸ੍ਰੀਮਤੀ ਜਰਨੈਲ ਕੌਰ ਦੀ ਕੁੱਖੋਂ ਹੋਇਆ । ਕਰਮੀ ਨੇ ਜਦੋਂ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਖੇ ਗਿਆਰਵੀਂ ਜਮਾਤ ਵਿੱਚ ਦਾਖਲਾ ਲਿਆ ਤਾਂ ਉਦੋਂ ਉਸ ਦਾ ਭਾਰ 60 ਕੁ ਕਿੱਲੋ ਦੇ ਕਰੀਬ ਸੀ ।
ਛੋਟੇ ਹੁੰਦਿਆਂ ਸਕੂਲੀ ਸਮੇਂ ਦੌਰਾਨ ਭਾਵੇਂ ਉਹ ਥੋੜ੍ਹਾ-ਬਹੁਤ ਨੈਸ਼ਨਲ ਸਟਾਈਲ ਕਬੱਡੀ ਅਤੇ ਖੋ-ਖੋ ਦੀ ਖੇਡ ਵਿੱਚ ਦਿਲਚਸਪੀ ਰੱਖਦਾ ਸੀ ਪਰ ਗਿਆਰਵੀਂ ਵਿੱਚ ਪੜ੍ਹਦਿਆਂ 16 ਕੁ ਸਾਲ ਦੀ ਉਮਰ ਦੇ ਕਰਮੀ ਨੇ ਸਰਕਲ ਸਟਾਈਲ ਕਬੱਡੀ ਵਿੱਚ ਆਪਣੇ ਨੇੜਲੇ ਪਿੰਡ ਬਾਬਾ ਸ਼ਹੀਦਾਂ ਦੀ ਧਰਤੀ ਧਾਂਦਰਾ ਦੇ ਟੂਰਨਾਮੈਂਟ ਤੋਂ 62 ਕਿੱਲੋ ਵਜ਼ਨੀ ਮੁਕਾਬਲਿਆਂ ਦੀ ਸ਼ੁਰੂਆਤ ਕਰ ਦਿੱਤੀ । ਦੋ ਕੁ ਸਾਲਾਂ ਤੋਂ ਬਾਅਦ ਹੀ ਉਹ ਸਿੱਧਾ ਓਪਨ ਕਬੱਡੀ ਵਿੱਚ ਜੋਰ ਵਿਖਾਉਣ ਲੱਗ ਪਿਆ ।
ਉਸਨੇ ਪਹਿਲੀ ਵਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢਾਂਡੇਵਾਲ ਵਿਖੇ ਟੂਰਨਾਮੈਂਟ ਤੋਂ ਸਰਵੋਤਮ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ। ਦੇਸ਼ ਭਗਤ ਕਾਲਜ ਬਰੜਵਾਲ (ਧੂਰੀ), ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਨੈਸ਼ਨਲ ਕਾਲਜ ਭੀਖੀ ਅਤੇ ਐਸ. ਡੀ. ਕਾਲਜ ਬਰਨਾਲਾ ਵੱਲੋਂ-ਵੱਖੋ ਵੱਖਰੇ ਸਮਿਆਂ ਦੌਰਾਨ ਕਬੱਡੀ ਵਿੱਚ ਮੈਡਲ ਜਿੱਤਣ ਵਾਲਾ ਕਰਮੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੋ-ਖੋ ਦੀ ਖੇਡ ਵਿੱਚ ਵੀ ਸੋਨ ਤਗਮੇ ਦਾ ਜੇਤੂ ਬਣਿਆ।
ਸਾਬਕਾ ਖਿਡਾਰੀ ਅਤੇ ਪ੍ਰਸਿੱਧ ਕੋਚ ਹਰਪ੍ਰੀਤ ਸਿੰਘ ਬਾਬਾ ਦੀ ਬਦੌਲਤ ਸੰਨ 2004 ਵਿੱਚ ਕਰਮੀ ਨੂੰ ਹਰਜੀਤ ਬਰਾੜ ਕਲੱਬ ਬਾਜਾਖਾਨਾ ਵੱਲੋਂ ਖੇਡਣ ਦਾ ਮੌਕਾ ਮਿਲਿਆ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਗਏ ਕੈਨੇਡਾ ਕੱਪ ਵਿੱਚ ਹਰਜੀਤ ਬਰਾੜ ਕਲੱਬ ਬਾਜਾਖਾਨਾ ਵੱਲੋਂ ਪਹਿਲੀ ਵਾਰ ਖੇਡਦਿਆਂ ਉਸਨੇ ਵਿਰੋਧੀ ਰੇਡਰਾਂ ਨੂੰ ਛੇ ਜੱਫੇ ਲਾ ਕੇ ਆਪਣੀ ਟੀਮ ਨੂੰ ਜੇਤੂ ਬਣਾਇਆ ।
ਨਿੱਤ ਜਿੱਤਾਂ ਹਾਸਲ ਕਰਨ ਦੇ ਸੁਫ਼ਨੇ ਲੈਣ ਵਾਲੇ ਕਰਮੀ ਨੂੰ ਸੰਨ 2005, 2006, 2010 ਅਤੇ 2017 ਵਿੱਚ ਈਰਥ ਕਲੱਬ ਅਤੇ ਸਿੰਘ ਸਭਾ ਕਲੱਬ ਬਾਰਕਿੰਗਜ ਵੱਲੋਂ ਇੰਗਲੈਂਡ ਦੀਆਂ ਘਾਹਦਾਰ ਮੈਦਾਨਾਂ ‘ਤੇ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ । ਕਰਮੀ ਸੰਨ 2007, 2008 ਅਤੇ 2011 ਵਿੱਚ ਐਬਟਸਫੋਰਡ ਕਲੱਬ, ਇੰਟਰਨੈਸ਼ਨਲ ਕਲੱਬ ਅਤੇ ਮੈਟਰੋ ਕਲੱਬ ਵੱਲੋਂ ਕੈਨੇਡਾ ਅਤੇ ਇੱਕ ਸਾਲ ਪਾਕਿਸਤਾਨ ਵਿੱਚ ਵੀ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਿਆ ਹੈ ।
ਕਰਮੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕੱਪ 2010 ਅਤੇ 2016 ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ ।ਭਾਰਤੀ ਟੀਮ ਦੇ ਇਸ ਚੈਂਪੀਅਨ ਖਿਡਾਰੀ ਨੂੰ 2010 ਦਾ ਵਿਸ਼ਵ ਕੱਪ ਖੇਡਣ ਉਪਰੰਤ ਮਾਰਕੀਟ ਕਮੇਟੀ ਧੂਰੀ ਵਿਖੇ ਬਤੌਰ ਆਕਸ਼ਨ ਰਿਕਾਰਡਰ ਸਰਕਾਰੀ ਨੌਕਰੀ ਮਿਲ ਗਈ ਅਤੇ ਸੰਨ 2016 ਵਿੱਚ ਪਦਉੱਨਤ ਹੋ ਕੇ ਉਹ ਮੰਡੀ ਸੁਪਰਵਾਈਜ਼ਰ ਬਣ ਗਿਆ ।
ਪਹਿਲੀ ਵਾਰ ਪਿੰਡ ਦਹਿਲੀਜ਼ ਦੇ ਖੇਡ ਮੇਲੇ ਤੋਂ ਮੋਟਰਸਾਈਕਲ ਜਿੱਤਣ ਵਾਲਾ ਕਰਮੀ ਹੁਣ ਤੱਕ ਆਪਣੀ ਸ਼ਾਨਦਾਰ ਖੇਡ ਸਦਕਾ ਇੱਕ ਅਲਟੋ ਕਾਰ, ਇੱਕ ਘੋੜਾ, 25 ਮੋਟਰਸਾਈਕਲ, ਅਨੇਕਾਂ ਵਾਰ ਸੋਨੇ ਦੀਆਂ ਚੈਨੀਆਂ, ਮੁੰਦੀਆਂ, ਕੜੇ ਅਤੇ ਐਲ. ਈ. ਡੀ. ਦੇ ਨਾਲ ਨਕਦ ਇਨਾਮਾਂ ਦਾ ਵੀ ਜੇਤੂ ਰਿਹਾ ਹੈ । ਗੁੱਟ ਫੜ ਕੇ ਕੈਂਚੀ ਮਾਰਨ ਵਾਲਾ ਅਤੇ ਭੱਜੇ ਜਾਂਦੇ ਧਾਵੀ ਦਾ ਗਿੱਟਾ ਫੜਨ ਵਾਲਾ ਇਹ ਖੂੰਖਾਰ ਜਾਫੀ ਇੱਕ ਬੁਲਟ ਅਤੇ ਇੱਕ ਮੋਟਰਸਾਈਕਲ ਨਾਲ ਵੀ ਸਨਮਾਨਿਆ ਗਿਆ ਹੈ।
ਕਰਮੀ ਨੂੰ ਆਪਣੇ ਪਿੰਡ ਦੀ ਟੀਮ ਵੱਲੋਂ ਹੀ ਖੇਡਣਾ ਜ਼ਿਆਦਾ ਵਧੀਆ ਲੱਗਦਾ ਹੈ । ਛੈਲ-ਛਬੀਲਾ ਛੇ ਫੁੱਟ ਕੱਦ ਵਾਲਾ ਇਹ ਗੱਭਰੂ ਚੰਗੀ ਖ਼ੁਰਾਕ ਅਤੇ ਸਖ਼ਤ ਮਿਹਨਤ ਨੂੰ ਹੀ ਆਪਣੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਮੰਨਦਾ ਹੈ ।
ਕਰਮਜੀਤ ਸਿੰਘ ਢੀਂਡਸਾ ਉਰਫ਼ ਕਰਮੀ ਬਰੜਵਾਲ ਸਾਰੇ ਪਰਿਵਾਰ ਸਮੇਤ ਆਪਣੀ ਜਨਮ ਭੂਮੀ ਪਿੰਡ ਬਰੜਵਾਲ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਕਿ ਕਰਮਾਂ ਵਾਲੇ ਕਰਮੀ ਨੂੰ ਪਰਮਾਤਮਾ ਹਮੇਸ਼ਾ ਹੀ ਚੰਗੀ ਸਿਹਤਯਾਬੀ ਅਤੇ ਜ਼ਿੰਦਗੀ ਦੇ ਹਰ ਮਿਸ਼ਨ ਵਿੱਚ ਫਤਿਹ ਨਸੀਬ ਕਰੇ ।
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।