ਸਾਂਝੇ ਯਤਨ ਬਣਾ ਸਕਦੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ

Punjab

ਕਦੇ ਸਮਾਂ ਸੀ ਪੰਜਾਬ ਦੀ ਧਰਤੀ ਪ੍ਰਕਿਰਤਿਕ ਪੱਖੋਂ ਬਹੁਤ ਸ਼ਾਂਤ ਤੇ ਹਰੀ-ਭਰੀ ਹੋਇਆ ਕਰਦੀ ਸੀ। ਇਸੇ ਕਾਰਨ ਹੀ ਰਿਸ਼ੀ-ਮੁਨੀਆਂ ਨੇ ਦੁਨੀਆਂ ਦੇ ਚਾਰ ਮਹਾਨ ਗ੍ਰੰਥਾਂ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ਦੇ ਸ਼ਾਂਤ ਪ੍ਰਕਿਰਤਿਕ ਮਾਹੌਲ ਵਿੱਚ ਬੈਠ ਕੇ ਕੀਤੀ ਸੀ। ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਪਿੰਡਾਂ ਵਿੱਚ ਵੱਸਦੇ ਛੋਟੇ ਕਾਰੀਗਰਾਂ ਦੀ ਥਾਂ ਫੈਕਟਰੀਆਂ ਤੇ ਵੱਡੇ-ਵੱਡੇ ਕਾਰਖਾਨਿਆਂ ਨੇ ਲੈ ਲਈ। ਖੇਤੀ, ਜੋ ਕਿ ਪਹਿਲਾਂ ਬਲਦਾਂ/ਪਸ਼ੂਆਂ ਨਾਲ ਕੀਤੀ ਜਾਂਦੀ ਸੀ, ਦੀ ਥਾਂ ਟਰੈਕਟਰਾਂ ਤੇ ਮਸ਼ੀਨਾਂ ਨੇ ਲੈ ਲਈ। ਮਸ਼ੀਨਾਂ ਦੀ ਮੱਦਦ ਨਾਲ ਖੇਤੀ ਕਰਨਾ ਸੁਖਾਲਾ ਹੋ ਗਿਆ। Punjab

ਕਿਸਾਨਾਂ ਨੂੰ ਟਰੈਕਟਰਾਂ ਨਾਲ ਜ਼ਮੀਨ ਦੀ ਵਾਹੀ ਕਰਦੇ ਸਮੇਂ ਖੇਤਾਂ ’ਚ ਦਰੱਖਤ ਅੜਚਨ ਪੈਦਾ ਕਰਦੇ ਮਹਿਸੂਸ ਹੋਣ ਲੱਗੇ ਅਤੇ ਜਮੀਨ ਤੋਂ ਵੱਧ ਪੈਦਾਵਾਰ ਲੈਣ ਲਈ ਦਰੱਖਤਾਂ ਦੀ ਕਟਾਈ ਹੋਣ ਲੱਗੀ। ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਖੇਤਾਂ ਵਿੱਚ ਰਹਿੰਦ-ਖੂੰਹਦ ਭਾਵ ਨਾੜ ਦੀ ਪਰਾਲੀ ਨੂੰ ਸਾਂਭਣਾ ਕਿਸਾਨ ਲਈ ਇੱਕ ਸਮੱਸਿਆ ਬਣ ਗਿਆ ਤਾਂ ਸਾਧਨਾਂ ਦੀ ਘਾਟ ਕਾਰਨ ਕਿਸਾਨ ਨੇ ਨਾੜ ਦੀ ਪਰਾਲੀ ਨੂੰ ਅੱਗ ਲਾਉਣ ਨੂੰ ਤਰਜੀਹ ਦਿੱਤੀ। ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੇ ਖੇਤਾਂ ਵਿੱਚ ਖੜ੍ਹੇ ਸਾਰੇ ਛੋਟੇ-ਵੱਡੇ ਦਰੱਖਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਵੇਖਦਿਆਂ ਹੀ ਵੇਖਦਿਆਂ ਹਰੇ-ਭਰੇ ਪੰਜਾਬ ਦੀ ਧਰਤੀ ਦੇ ਖੇਤ ਦਰੱਖਤਾਂ ਤੋਂ ਖਾਲੀ ਹੋ ਗਏ। Punjab

ਹੁਣ ਪੰਜਾਬ ਦੇ ਖੇਤਾਂ ਵਿੱਚ ਇਹ ਹਾਲਾਤ ਬਣ ਗਏ ਹਨ ਕਿ ਕਈਂ ਖੇਤਾਂ ਵਿੱਚ ਤਾਂ ਛਾਵੇਂ ਬੈਠਣ ਨੂੰ ਵੀ ਦਰੱਖਤ ਨਹੀਂ ਰਹੇ। ਇਸ ਤੋਂ ਇਲਾਵਾ ਪੰਜਾਬ ਦੀਆਂ ਸੜਕਾਂ ਕਿਨਾਰੇ ਖੜ੍ਹੇ ਦਰੱਖਤਾਂ ਨੂੰ ਭਾਰਤ ਮਾਲਾ ਪ੍ਰੋਜੈਕਟ ਖਾਈ ਜਾ ਰਿਹਾ ਹੈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਸਮੁੱਚੇ ਦੇਸ਼ ਵਾਂਗ ਪੰਜਾਬ ਵਿੱਚ ਵੀ ਸੜਕਾਂ ਨੂੰ ਚੌੜਾ ਕਰਕੇ 4 ਮਾਰਗੀ/6 ਮਾਰਗੀ ਕਰਨ ਦਾ ਕੰਮ ਜਾਰੀ ਹੈ। ਅਜਾਦੀ ਤੋਂ ਬਾਅਦ ਪੰਜਾਬ ਵਿੱਚ ਏਨੀ ਵੱਡੀ ਪੱਧਰ ਉੱਤੇ ਇਕੱਠਿਆਂ ਦਰਖਤਾਂ ਦੀ ਤਬਾਹੀ ਕਦੇ ਨਹੀਂ ਹੋਈ ਜਿੰਨੀ ਪਿਛਲੇ ਇੱਕ ਦਹਾਕੇ ਦੌਰਾਨ ਸੜਕਾਂ ਨੂੰ ਚੌੜਾ ਕਰਨ ਲਈ ਦਰੱਖਤਾਂ ਦੀ ਤਬਾਹੀ ਹੋਈ। ਪੰਜਾਬ ਵਿੱਚ ਇਹ ਮਸਲਾ ਬੜੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। Punjab

ਜੇ ਅਸੀਂ ਅਜੇ ਵੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਰੁੱਖ ਲਾਉਣ ਲਈ ਕੀ ਉਪਰਾਲੇ ਕੀਤੇ ਜਾਣ: ਪੰਜਾਬ ਵਿੱਚ ਰੁੱਖ ਲਾਉਣ ਲਈ ਭਾਵੇਂ ਹੁਣ ਤੱਕ ਕਈ ਵੱਖ-ਵੱਖ ਸਮਾਜਿਕ ਸੰਗਠਨਾਂ ਆਦਿ ਵੱਲੋਂ ਉਪਰਾਲੇ ਕੀਤੇ ਜਾਂਦੇ ਰਹੇ ਹਨ ਅਤੇ ਰੁੱਖ ਵੀ ਲਾਏ ਜਾਂਦੇ ਰਹੇ ਹਨ ਪਰ ਸਾਂਭ-ਸੰਭਾਲ ਦੀ ਘਾਟ ਕਾਰਨ ਅਕਸਰ ਹੀ ਰੁੱਖ ਸੁੱਕ ਜਾਂਦੇ ਹਨ। ਪੰਜਾਬ ਦੀ ਧਰਤੀ ਉੱਪਰ ਮੁੜ ਤੋਂ ਹਰਿਆਵਲ ਲਿਆਉਣਾ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਪੰਜਾਬ ਸਰਕਾਰ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲੈਂਦੀ। ਅੱਜ ਪੰਜਾਬ ਦੇ ਸਮੂਹ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੀ ਧਰਤੀ ਉੱਤੇ ਵੱਡੀ ਗਿਣਤੀ ਵਿੱਚ ਰੁੱਖ ਲਾਉਣ ਲਈ ਇੱਕ ਵੱਡੀ ਮੁਹਿੰਮ ਚਲਾਉਣ ਦੀ ਲੋੜ ਹੈ। Punjab

ਇਸ ਮਕਸਦ ਲਈ ਪੰਜਾਬ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ, ਸਾਰੀਆਂ ਰਾਜਨੀਤਕ ਪਾਰਟੀਆਂ, ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੀਆਂ ਮਿਊਂਸਪਲ ਕੌਂਸਲਾਂ ਤੇ ਕਮੇਟੀਆਂ ਆਦਿ ਨੂੰ ਨਾਲ ਲੈ ਕੇ ਪਿੰਡ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਕਮੇਟੀਆਂ ਨੂੰ ਵਿੱਤੀ ਫੰਡ ਮੁਹੱਈਆ ਕਰਵਾ ਕੇ ਦਰੱਖਤਾਂ ਨੂੰ ਲਾਉਣ ਦੀ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਭਖਾਇਆ ਜਾਵੇ। ਪੰਜਾਬ ਦੀ ਧਰਤੀ ਉੱਤੇ ਹਰ ਪਿੰਡ, ਸ਼ਹਿਰ, ਕਸਬੇ ਵਿੱਚ ਪਹਿਲਾਂ ਤੋਂ ਮੌਜੂਦ ਦਰੱਖਤਾਂ ਦੀ ਗਿਣਤੀ ਕਰਕੇ ਉਸਦਾ ਪੂਰਾ ਰਿਕਾਰਡ ਤਿਆਰ ਕੀਤਾ ਜਾਵੇ ਤੇ ਦਰੱਖਤਾਂ ਦੀ ਕਟਾਈ ਉੱਪਰ ਬੈਨ ਲਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਪੰਜਾਬ ਵਿੱਚ ਜਿੰਨੇ ਵੀ ਨਵੇਂ ਦਰੱਖਤ ਲਾਏ ਜਾਣ ਉਨ੍ਹਾਂ ਦੀ ਪੂਰੀ ਗਿਣਤੀ ਰਿਕਾਰਡ ਵਿੱਚ ਦਰਜ ਕੀਤੀ ਜਾਵੇ। Punjab

ਪਿੰਡ ਪੱਧਰ ਤੋਂ ਲੈ ਕੇ ਸ਼ਹਿਰ ਪੱਧਰ ਤੱਕ ਹਰ ਜਗ੍ਹਾ ਉੱਪਰ ਨਵੇਂ ਲਾਏ ਗਏ ਦਰੱਖਤਾਂ ਤੇ ਪਹਿਲਾਂ ਤੋਂ ਮੌਜੂਦ ਪੁਰਾਣੇ ਦਰੱਖਤਾਂ ਦੀ ਸਾਂਭ-ਸੰਭਾਲ ਲਈ ਪੰਚਾਇਤੀ ਅਤੇ ਸਰਕਾਰੀ ਪੱਧਰ ਉੱਤੇ ਮੁਲਾਜਮਾਂ ਤੇ ਮਜਦੂਰਾਂ ਦੀ ਭਰਤੀ ਕੀਤੀ ਜਾਵੇ। ਪਿੰਡਾਂ ਦੀਆਂ ਪੰਚਾਇਤਾਂ ਅਧੀਨ ਕੰਮ ਕਰਦੇ ਨਰੇਗਾ ਕਰਮਚਾਰੀਆਂ ਨੂੰ ਰੁੱਖਾਂ ਦੀ ਸਾਂਭ-ਸੰਭਾਲ ਲਈ ਪੱਕੇ ਤੌਰ ’ਤੇ ਪਾਬੰਦ ਕੀਤਾ ਜਾਵੇ। ਹਰ ਬਲਾਕ ਵਿੱਚ ਰੁੱਖਾਂ ਦੀਆਂ ਸਰਕਾਰੀ ਨਰਸਰੀਆਂ ਬਣਾਈਆਂ ਜਾਣ ਤੇ ਛਬੀਲਾਂ ਦੀ ਤਰ੍ਹਾਂ ਸੜਕਾਂ ਤੇ ਰਸਤਿਆਂ ਉੱਪਰ ਲੋਕਾਂ ਲਈ ਦਰੱਖਤਾਂ ਦੇ ਬਿਲਕੁਲ ਮੁਫਤ ’ਚ ਲੰਗਰ ਲਾਏ ਜਾਣ। ਰੁੱਖ ਲਾਉਣ ਲਈ ਥਾਂ ਦੀ ਚੋਣ ਕਿਵੇਂ ਕੀਤੀ ਜਾਵੇ: ਪੰਜਾਬ ਦੇ ਕੁੱਝ ਕੁ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਪੰਚਾਇਤੀ ਜਮੀਨ ਮੌਜੂਦ ਹੈ ਤੇ ਕਈ ਪੰਚਾਇਤਾਂ ਕੋਲ ਤਾਂ ਸੈਂਕੜੇ ਏਕੜ ਜ਼ਮੀਨ ਹੈ। Punjab

ਇਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਆਪੋ-ਆਪਣੀ ਜਮੀਨ ਕਿਸਾਨਾਂ ਨੂੰ ਠੇਕੇ ਉੱਪਰ ਬੀਜਣ ਨੂੰ ਦਿੰਦੀਆਂ ਹਨ। ਪੰਜਾਬ ਸਰਕਾਰ ਨੂੰ ਚਾਹੀਦੈ ਕਿ ਇੱਕ ਕਾਨੂੰਨ ਬਣਾਇਆ ਜਾਵੇ ਤੇ ਪੰਜਾਬ ਦੇ ਹਰ ਪਿੰਡ ਦੀ ਪੰਚਾਇਤ ਕੋਲ ਜਿੰਨੀ ਵੀ ਪੰਚਾਇਤੀ ਜਮੀਨ ਹੈ ਉਸ ਪੰਚਾਇਤੀ ਜਮੀਨ ਦੇ 10ਵੇਂ ਹਿੱਸੇ ਉੱਪਰ ਰਵਾਇਤੀ ਰੁੱਖ ਲਾ ਕੇ ਮਿੰਨੀ ਜੰਗਲ ਸਥਾਪਿਤ ਕੀਤੇ ਜਾਣ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ, ਧਾਰਮਿਕ ਸਥਾਨਾਂ, ਸ਼ਮਸ਼ਾਨਘਾਟਾਂ ਤੇ ਹੋਰ ਸਾਰੀਆਂ ਜਨਤਕ ਥਾਵਾਂ ਉੱਪਰ ਰਵਾਇਤੀ ਰੁੱਖ ਲਾਏ ਜਾਣ। ਇਸ ਤੋਂ ਇਲਾਵਾ ਪੰਜਾਬ ਦੀਆਂ ਨਹਿਰਾਂ ਤੇ ਸੜਕਾਂ ਦੇ ਕਿਨਾਰਿਆਂ ’ਤੇ ਖਾਲੀ ਪਈਆਂ ਸਾਰੀਆਂ ਥਾਵਾਂ ਉੱਪਰ ਰਵਾਇਤੀ ਰੁੱਖ ਲਾਏ ਜਾਣ। Punjab

ਖੇਤਾਂ ਵਿੱਚ ਹਰ ਪਾਣੀ ਵਾਲੀ ਮੋਟਰ ਦੇ ਸਥਾਨ ’ਤੇ ਰੁੱਖ ਲਾਉਣੇ ਲਾਜਮੀ ਕੀਤੇ ਜਾਣ ਤੇ ਹਰ ਸਥਾਨ ਉੱਤੇ ਲੱਗਣ ਵਾਲੇ ਇਨ੍ਹਾਂ ਰੁੱਖਾਂ ਨੂੰ ਕੱਟਣ, ਵੱਢਣ ਤੇ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ ਮਿਸਾਲੀ ਸਜਾਵਾਂ ਦੇਣ ਲਈ ਨਵੇਂ ਕਾਨੂੰਨ ਬਣਾਏ ਜਾਣ। ਸੋ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੀਆਂ ਮਿਊਂਸਪਲ ਕੌਂਸਲਾਂ, ਨੌਜਵਾਨ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਵੱਖ-ਵੱਖ ਐੱਨ.ਜੀ.ਓਜ ਤੇ ਪਿੰਡ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਰੁੱਖ ਲਾਉਣ ਤੇ ਰੁੱਖ ਬਚਾਉਣ ਦੀ ਮੁਹਿੰਮ ਚਲਾ ਕੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ ਪਰ ਇਸ ਕੰਮ ਲਈ ਪੰਜਾਬ ਸਰਕਾਰ ਨੂੰ ਪੂਰੀ ਦਿਲਚਸਪੀ ਲੈ ਕੇ ਤਨਦੇਹੀ ਨਾਲ ਯਤਨ ਕਰਨੇ ਪੈਣਗੇ। Punjab

ਪਿੰਡ: ਪਿੰਡੀ, ਫਿਰੋਜ਼ਪੁਰ।
ਹਰਜਿੰਦਰ ਹਾਂਡਾ