ਜੇਈ ਨੇ ਟਿਊਬਵੈੱਲ ਕੁਨੈਕਸ਼ਨ ਦੇ ਸਮਾਨ ਬਦਲੇ ਮੰਗੇ ਸਨ 9 ਹਜ਼ਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਸਥਾਨਕ ਵਿਜੀਲੈਂਸ ਬਿਊਰੋਂ ਨੇ ਪਾਵਰਕੌਮ ਦੇ ਇੱਕ ਜੇਈ ਨੂੰ 9 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋਂ ਦੇ ਤਫਤੀਸ਼ੀ ਅਫਸਰ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਨਿਹਾਲਗੜ੍ਹ ਤਹਿਸੀਲ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਕੋਲ ਇੱਕ ਕਿਲਾ ਜ਼ਮੀਨ ਹੈ ਜਦਕਿ ਉਸਦੀ ਮਾਤਾ ਕੋਲ 2 ਕਨਾਲ ਜ਼ਮੀਨ ਹੈ, ਜਿਸਨੂੰ ਚੇਅਰਮੈਨ ਕੋਟੇ ਵਿਚੋਂ ਟਿਊਬਵੈੱਲ ਕੁਨੈਕਸ਼ਨ ਅਲਾਟ ਹੋਇਆ ਹੈ। ਇਸ ਸਬੰਧੀ ਉਸ ਵੱਲੋਂ ਪਾਵਰਕੌਮ ਦੇ ਦਫ਼ਤਰ ਵਿਖੇ ਸਰਕਾਰੀ ਫੀਸ 22 ਹਜ਼ਾਰ ਰੁਪਏ ਸਮੇਤ ਐਸਟੀਮੇਟ ਅਤੇ ਸਮਾਨ ਸਬੰਧੀ ਇੱਕ ਲੱਖ ਰੁਪਏ ਤੋਂ ਜਿਆਦਾ ਰਕਮ ਭਰ ਦਿੱਤੀ ਗਈ ਸੀ।
ਮੋਟਰ ਕੂਨੈਕਸ਼ਨ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਜੇ.ਈ. ਮੁਨੀਸ਼ ਕੁਮਾਰ ਵੱਲੋਂ ਟਿਊਬਵੈੱਲ ਕੁਨੈਕਸ਼ਨ ਦਾ ਸਮਾਨ ਦੇਣ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਸੌਦਾ 9 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਅੱਜ ਵਿਜੀਲੈਂਸ ਦੀ ਟੀਮ ਅੱਜ ਜੇਈ ਮੁਨੀਸ਼ ਕੁਮਾਰ ਨੂੰ 9 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀ ਟੀਮ ਵਿੱਚ ਇੰਸਪੈਕਟਰ ਪ੍ਰਿਤਪਾਲ ਸਿੰਘ ਤੋਂ ਇਲਾਵਾ ਏਐੱਸਆਈ ਪਵਿੱਤਰ ਸਿੰਘ, ਹੌਲਦਾਰ ਕੁੰਦਨ ਸਿੰਘ, ਸ਼ਾਮ ਸੁੰਦਰ, ਵਿਜੈ ਸਾਰਦਾ, ਕਾਰਜ ਸਿੰਘ, ਜਨਕ ਰਾਜ ਸ਼ਾਮਲ ਸਨ।