ਐਕਸ਼ਨ ਕਮੇਟੀ ਵੱਲੋਂ ਆਈਜੀ ਤੋਂ ਦੋਸ਼ੀ ਗ੍ਰਿਫਤਾਰ ਕਰਨ ਦੀ ਮੰਗ | Murder Case
ਬਠਿੰਡਾ (ਅਸ਼ੋਕ ਵਰਮਾ)। ਪਿੰਡ ਜਵਾਹਰੇਵਾਲਾ ‘ਚ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਪੈਦਾ ਹੋਈ ਖਹਿਬਾਜ਼ੀ ਕਰਕੇ ਹੋਈ ਗੋਲੀਬਾਰੀ ਕਾਰਨ ਹੋਈ ਦੋ ਜਣਿਆਂ ਦੀ ਮੌਤ ਦਾ ਮਾਮਲਾ ਬਠਿੰਡਾ ਦੇ ਆਈਜੀ ਕੋਲ ਪੁੱਜ ਗਿਆ ਹੈ ਕਈ ਵਰ੍ਹੇ ਪਹਿਲਾਂ ਪਿੰਡ ਗੰਧੜ ‘ਚ ਲੜਕੀ ਨਾਲ ਹੋਏ ਜਬਰਜਨਾਂਹ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ ਸਬੰਧਤ ਇਹ ਦੂਸਰਾ ਵੱਡਾ ਮਾਮਲਾ ਹੈ ਜਿਸ ਨੂੰ ਜਨਤਕ ਧਿਰਾਂ ਵੱਲੋਂ ਬਣਾਈ ਜਵਾਹਰੇ ਵਾਲਾ ਕਤਲ ਵਿਰੋਧੀ ਐਕਸ਼ਨ ਕਮੇਟੀ ਬਠਿੰਡਾ ਰੇਂਜ ਦੇ ਆਈਜੀ ਕੋਲ ਲਿਆਈ ਹੈ ਅੱਜ ਐਕਸ਼ਨ ਕਮੇਟੀ ਦਾ ਵਫਦ ਆਈਜੀ ਨੂੰ ਮਿਲਿਆ ਅਤੇ ਕਤਲ ਕਾਂਡ ਨਾਲ ਸਬੰਧਤ ਸਾਰੇ ਤੱਥ ਰੱਖੇ ਐਕਸ਼ਨ ਕਮੇਟੀ ਮੈਂਬਰਾਂ ਨੇ ਮੁਲਜਮਾਂ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਪੀੜਤ ਪ੍ਰੀਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਗੰਧੜ ਕਾਂਡ ਦੀ ਤਰਜ ‘ਤੇ ਇਹ ਮਾਮਲਾ ਵੀ ਵੱਡੀ ਗਰਮੀ ਫੜ੍ਹ ਸਕਦਾ ਹੈ। (Murder Case)
ਐਕਸ਼ਨ ਕਮੇਟੀ ਦੇ ਮੈਂਬਰ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਹੈ ਕਿ ਮੁਕਤਸਰ ਪੁਲਿਸ ਨੇ ਨਿਆਂ ਦੇ ਸਭ ਬੂਹੇ ਬੰਦ ਕਰ ਲਏ ਹਨ ਜਿਸ ਕਰਕੇ ਹੁਣ ਆਈ ਜੀ ਦਾ ਬੂਹਾ ਖੜਕਾਉਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰੇਵਾਲਾ ਵਿੱਚ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਨਾਮਜ਼ਦ ਕੀਤੇ 12 ਮੁਲਜ਼ਮਾਂ ਵਿੱਚੋਂ 5 ਦੀ ਗ੍ਰਿਫ਼ਤਾਰੀ ਨਾ ਕਰਨ ‘ਤੇ ਪੁਲਿਸ ਦੀ ਭੂਮਿਕਾ ਸ਼ੱਕੀ ਬਣੀ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਐਕਸ਼ਨ ਕਮੇਟੀ ਦੇ ਸੱਦੇ ‘ਤੇ ਲੋਕ ਸੜਕਾਂ ‘ਤੇ ਵੀ ਉੱਤਰੇ ਪਰ ਪੁਲਿਸ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਕਥਿਤ ਸਿਆਸੀ ਸਰਪ੍ਰਸਤੀ ਹਾਸਲ ਹੈ ਜਿਸ ਕਰਕੇ ਇੰਨ੍ਹਾਂ ਗੁੰਡਾ ਟੋਲਿਆਂ ਨੇ ਇਸ ਵਹਿਸ਼ੀਆਨਾ ਕਾਰੇ ਨੂੰ ਅੰਜਾਮ ਦਿੱਤਾ ਹੈ ਵਫਦ ‘ਚ ਸ਼ਾਮਲ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਸੰਗੀਤਾ ਰਾਣੀ ਦਾ ਕਹਿਣਾ ਹੈ ਕਿ ਅਸਲ ‘ਚ ਇਹ ਲੜਾਈ ਕਿਸਾਨਾਂ ਮਜਦੂਰਾਂ ਦੀ ਨਹੀਂ ਬਲਕਿ ਸਰਮਾਏਦਾਰਾਂ ਅਤੇ ਕਿਰਤੀਆਂ ਵਿਚਕਾਰ ਹੈ।
ਇਹ ਹੈ ਜਵਾਹਰੇ ਵਾਲਾ ਕਤਲ ਮਾਮਲਾ
ਦੱਸਣਯੋਗ ਹੈ ਕਿ ਪਿੰਡ ਜਵਾਹਰੇ ਵਾਲਾ ਦੀ ਦਲਿਤ ਸਰਪੰਚੀ ਨੂੰ ਲੈ ਕੇ ਪਿੰਡ ‘ਚ ਤਣਾਅ ਬਣਿਆ ਹੋਇਆ ਸੀ ਐਕਸ਼ਨ ਕਮੇਟੀ ਅਨੁਸਾਰ ਇੱਕ ਸਿਆਸੀ ਆਗੂ ਦਲਿਤ ਸਰਪੰਚ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦਾ ਸੀ ਜਦੋਂ ਗੱਲ ਨਾ ਬਣੀ ਤਾਂ ਇਸੇ ਰੰਜਿਸ਼ ਤਹਿਤ 13 ਜੁਲਾਈ ਨੂੰ ਪਿੰਡ ‘ਚ ਬਣਦੀ ਇੱਕ ਗਲੀ ਨੂੰ ਲੈ ਕੇ ਤਕਰਾਰ ਹੋ ਗਿਆ ਇਸ ਮੌਕੇ ਇੱਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਦਿਉਰ-ਭਰਜਾਈ ਮਿੰਨੀ ਕੌਰ ਅਤੇ ਕਿਰਨਦੀਪ ਸਿੰਘ ਦੀ ਮੌਤ ਹੋ ਗਈ ਜਦੋਂਕਿ ਕਿਰਨਦੀਪ ਸਿੰਘ ਦੇ ਦੋ ਭਰਾਵਾਂ ਸਣੇ ਕਈ ਜਣੇ ਜ਼ਖ਼ਮੀ ਹੋ ਗਏ ਸਨ।
ਤਿੱਖੇ ਸੰਘਰਸ਼ ਦੀ ਚਿਤਵਾਨੀ | Murder Case
ਜਵਾਹਰੇ ਵਾਲਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਵਫਦ ‘ਚ ਸ਼ਾਮਲ ਗਗਨ ਸੰਗਰਾਮੀ, ਹਰਜੀਤ ਮਦਰੱਸਾ , ਪਰਮਿੰਦਰ ਪਾਸ਼ਾ, ਪਾਲਾ ਸਿੰਘ ਖੱਪਿਆਂ ਵਾਲੀ, ਗੁਰਾਂਦਿੱਤਾ ਸਿੰਘ ਝਬੇਲਵਾਲੀ,ਰਣਜੀਤ ਸਿੰਘ ,ਅਲਵਿੰਦਰ ਬਿੱਲਾ,ਮੰਗਲ ਸਿੰਘ, ਧਰਮਿੰਦਰ ਸਿੰਘ ਅਤੇ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਆਗੂ ਕਿਰਨਜੀਤ ਕੌਰ ਨੇ ਸਪਸ਼ਟ ਕੀਤਾ ਕਿ ਜੇਕਰ ਹੁਣ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਫੈਸਲਾਕੁੰਨ ਸੰਘਰਸ਼ ਵਿੱਢਿਆ ਜਾਏਗਾ। (Murder Case)