ਦੇਸ ਦੇ ਨਾਮੀ ਸ਼ਾਇਰਾਂ ਨੇ ਕੀਤੀ ਸ਼ਿਰਕਤ
ਵਿਧਾਇਕ ਡਾ. ਬਲਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾ ਰੌਸਨ ਕਰਕੇ ਮੁਸਾਇਰੇ ਦੀ ਸੁਰੂਆਤ ਕੀਤੀ
ਪਟਿਆਲਾ, (ਨਰਿੰਦਰ ਸਿੰਘ ਬਠੋਈ)। ਭਾਸਾ ਵਿਭਾਗ ਪੰਜਾਬ ਵੱਲੋਂ ਮੁੱਖ ਦਫਤਰ ਵਿਖੇ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ’ਚ ਜਸਨ ਏ ਉਰਦੂ ਮੁਸਾਇਰਾ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਦੇਸ ਦੇ ਨਾਮਵਰ ਉਰਦੂ ਸਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਸਮਾਗਮ ਦੌਰਾਨ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾ ਰੌਸਨ ਕਰਕੇ ਮੁਸਾਇਰੇ ਦੀ ਸੁਰੂਆਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਰੁਬੀਨਾ ਸਬਨਮ ਨੇ ਕੀਤੀ ਅਤੇ ਉੱਤਰਾਖੰਡ ਉਰਦੂ ਅਕਾਦਮੀ ਦੇ ਉਪ ਚੇਅਰਮੈਨ ਅਫਜਲ ਮੰਗਲੂਰੀ ਵਿਸੇਸ ਮਹਿਮਾਨ ਵਜੋਂ ਹਾਜ਼ਰ ਹੋਏ।
ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਦੀ ਦੇਖ-ਰੇਖ ’ਚ ਹੋਏ ਸਮਾਗਮ ਦੌਰਾਨ ਸੰਯੁਕਤ ਨਿਰਦੇਸਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ-ਨਾਲ ਉਰਦੂ ਤੇ ਹਿੰਦੀ ਨੂੰ ਦਿੱਤੇ ਜਾਣ ਵਾਲੇ ਸਨਮਾਨ ਬਾਰੇ ਵਿਭਾਗ ਦੀਆਂ ਗਤੀਵਿਧੀਆਂ, ਯੋਜਨਾਵਾਂ ਤੇ ਇਨਾਮਾਂ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਡਾ. ਬਲਵੀਰ ਸਿੰਘ ਨੇ ਕਿਹਾ ਕਿ ਜੇਕਰ ਇਤਿਹਾਸ ਤੇ ਵਰਤਮਾਨ ਨੂੰ ਫਰੋਲਿਆ ਜਾਵੇ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸਾਇਰ ਹਮੇਸ਼ਾ ਹੀ ਸਮੇਂ ਦੀ ਅਵਾਜ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਵੱਡੀ ਮਿਸਾਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜਬਰ-ਜੁਲਮ ਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ ਉਠਾਈ ਸੀ ਅਤੇ ਇਹ ਸਿਲਸਲਾ ਹੋਰ ਵੀ ਗੁਰੂਆਂ ਤੇ ਭਗਤਾਂ ਨੇ ਵੀ ਜਾਰੀ ਰੱਖਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜ ਕੇ ਰੱਖਣ ਲਈ ਪਿੰਡਾਂ-ਸ਼ਹਿਰਾਂ ਦੀਆਂ ਸੱਥਾਂ ’ਚ ਸਮਾਗਮ ਰਚਾਏ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਭਾਸ਼ਾ ਵਿਭਾਗ ਵਿਖੇ ਇੱਕ ਵੱਡਾ ਹਾਲ ਬਣਾਇਆ ਜਾਵੇਗਾ। ਮੰਚ ਸੰਚਾਲਨ ਅਸ਼ਰਫ ਮਹਿਮੂਦ ਨੰਦਨ ਨੇ ਕੀਤਾ। ਮੁਸਾਇਰੇ ਦੇ ਸੰਚਾਲਨ ਕਰਤਾ ਡਾ. ਮੁਹੰਮਦ ਰਫੀ ਨੇ ਉਰਦੂ ਭਾਸਾ ਦੀਆਂ ਖੂਬੀਆਂ ਤੇ ਮੁਸਕਲਾਂ ਮੁੱਖ ਮਹਿਮਾਨ ਅੱਗੇ ਰੱਖੀਆਂ। ਮੁਸਾਇਰੇ ਦੀ ਸ਼ੁਰੂਆਤ ਸਾਇਰਾ ਖੁਸਬੂ ਰਾਮਪੁਰੀ ਨੇ ਆਪਣੇ ਕਲਾਮ ‘ਮੇਰੇ ਸਿਰ ਪਰ ਹੈ
ਅਸਮਾਨੀ ਦੁਪੱਟਾ..’, ‘ਬਿਹਤਰ ਯੇ ਹੈ ਆਗ ਸੇ ਨਾ ਖੇਲਾ ਕਰੋ’ ਤੇ ‘ਕਾਗਜ ਕੀ ਕਿਸਤੀ ਪਰ ਭਰੋਸਾ ਨਾ ਕੀ ਜੀਏ..’ ਨਾਲ ਕੀਤੀ। ਫਿਰ ਪਰਮਿੰਦਰ ਸੋਖ ਨੇ ‘ਇਸਕ ਹੋ ਜਾਏ ਕਿਸੀ ਸੇ ਜਬ..’ ਸਿਰਲੇਖ ਅਧੀਨ ਆਪਣੀ ਸਾਇਰੀ ਪੇਸ ਕੀਤੀ। ਨਫੀਸ ਦਿਉਬਾਦੀ ਨੇ ‘ਜਨਤ ਕੇ ਖੁਆਬ’, ਸਰਦਾਰ ਪੰਛੀ, ਡਾ. ਸਾਬਰ, ਡਾ. ਜਾਵੇਦ ਅਖਤਰ, ਮੁਹੰਮਦ ਇਸਲਾਮੀ, ਸਮਸ ਪਰਵੇਜ, ਅਫਜਲ ਮੰਗਲੌਰੀ, ਡਾ. ਰੁਬੀਨਾ ਸਬਨਮ ਤੇ ਡਾ. ਮੁਹੰਮਦ ਰਫੀ ਨੇ ਵੀ ਆਪਣੇ ਕਲਾਮ ਪੇਸ ਕਰਕੇ ਰੰਗ ਬੰਨਿਆ। ਇਸ ਮੌਕੇ ਵਿਭਾਗ ਵੱਲੋਂ ਛਾਪੀਆਂ ਗਈਆਂ ਉਰਦੂ ਭਾਸਾ ਦੀਆਂ ਪੁਸਤਕਾਂ ਤੇ ਰਸਾਲਾ ਵੀ ਰਿਲੀਜ ਕੀਤਾ ਗਿਆ। ਵਿਭਾਗ ਵੱਲੋਂ ਸਾਰੇ ਮਹਿਮਾਨਾਂ ਦਾ ਪੁਸਤਕਾਂ ਤੇ ਬੂਟਾ ਪ੍ਰਸਾਦ ਨਾਲ ਸਨਮਾਨ ਕੀਤਾ। ਇਸ ਮੌਕੇ ਸਹਾਇਕ ਨਿਰਦੇਸਕਾ ਹਰਭਜਨ ਕੌਰ, ਸਤਨਾਮ ਸਿੰਘ, ਪਰਵੀਨ ਕੁਮਾਰ ਸੁਰਿੰਦਰ ਕੌਰ ਤੇ ਸੁਖਪ੍ਰੀਤ ਕੌਰ, ਸਾਹਿਤ ਰਸੀਏ ਤੇ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ