ਜੰਮੂ-ਕਸ਼ਮੀਰ : ਬੱਦਲ ਫਟੇ… ਵਰਿਆ ਤਬਾਹੀ ਦਾ ਮੀਂਹ
ਸ਼੍ਰੀਨਗਰ। ਜੰਮੂ-ਕਸ਼ਮੀਰ ’ਚ ਪਵਿੱਤਰ ਅਮਰਨਾਥ ਗੁਫਾ ’ਚ 30-35 ਲਾਪਤਾ ਸ਼ਰਧਾਲੂਆਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰਤ ਸੂਤਰਾਂ ਅਨੁਸਾਰ ਯਾਤਰਾ ਅਸਥਾਈ ਤੌਰ ’ਤੇ ਮੁਅੱਤਲ ਕੀਤੀ ਗਈ ਹੈ। ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਘਟਨਾ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਆਏ ਹੜ੍ਹ ਨਾਲ ਘੱਟੋ-ਘੱਟ 25 ਟੈਂਟ ਵਹਿ ਗਏ।
ਸੁੰਘਣ ਵਾਲੇ ਕੁੱਤਿਆਂ ਅਤੇ ਆਧੁਨਿਕ ਉਪਕਰਨਾਂ ਨਾਲ ਲੈਸ ਕਈ ਏਜੰਸੀਆਂ ਅਤੇ ਬਚਾਅ ਟੀਮਾਂ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਨਿਰਦੇਸ਼ਕ ਅਤੁਲ ਕਰਵਲ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਸਵੇਰੇ 4.30 ਵਜੇ ਤੱਕ ਚੱਲੀ ਅਤੇ ਮੀਂਹ ਕਾਰਨ ਕੁਝ ਸਮੇਂ ਲਈ ਰੁਕਿਆ ਰਿਹਾ। ਇਸ ਤੋਂ ਬਾਅਦ ਸਵੇਰੇ 06.30 ਵਜੇ ਦੁਬਾਰਾ ਮੁਹਿੰਮ ਸ਼ੁਰੂ ਹੋਈ। ਅਸੀਂ ਪੰਜਾਬ ਦੇ ਬਠਿੰਡਾ ਤੋਂ ਸੁੰਘਣ ਵਾਲੇ ਕੁੱਤਿਆਂ ਸਮੇਤ ਕੁਝ ਹੋਰ ਸਰੋਤ ਲੈ ਰਹੇ ਹਾਂ। ਇਸ ਸਭ ਨੂੰ ਏਅਰਲਿਫਟ ਕਰਕੇ ਸ਼੍ਰੀਨਗਰ ਲਿਜਾਇਆ ਜਾ ਰਿਹਾ ਹੈ ਅਤੇ ਫਿਰ ਇਸ ਨੂੰ ਮੌਕੇ ’ਤੇ ਏਅਰਲਿਫਟ ਕੀਤਾ ਜਾਵੇਗਾ, ਤਾਂ ਜੋ ਬਚਾਅ ਟੀਮਾਂ ਨੂੰ ਹੋਰ ਮਦਦ ਮਿਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ