ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਗਰਮ ਹੋਈ ਸੂਬਾ ਕਾਂਗਰਸ, ਜਾਖੜ ਹੁਣ ਕਰਨਗੇ ਰੁਟੀਨ ‘ਚ ਮੀਟਿੰਗਾਂ
ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਅੱਜ ਤੇ ਭਲਕ ਚੰਡੀਗੜ੍ਹ ਵਿਖੇ ਪਾਠਸ਼ਾਲਾ ਚੱਲੇਗੀ, ਜਿਸ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕਾਂ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੀ ਵੀ ਕਲਾਸ ਲਾਈ ਜਾਏਗੀ ਤੇ ਉਨ੍ਹਾਂ ਨੂੰ ਸਿਖਾਇਆ ਜਾਏਗਾ ਕਿ ਕਿਵੇਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਉਨ੍ਹਾਂ ਨੇ ਹੁਣ ਤੋਂ ਹੀ ਕੰਮ ਕਰਨਾ ਹੈ। ਸੂਬਾ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਰਗਰਮੀ ਕਰਨ ਦੇ ਮੂਡ ਵਿੱਚ ਆ ਗਈ ਹੈ, ਜਿਸ ਦੇ ਚਲਦੇ ਅੱਜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜਾ ਕਿ ਅਗਲੇ 2-3 ਮਹੀਨੇ ਪੰਜਾਬ ਕਾਂਗਰਸ ਭਵਨ ਵਿਖੇ ਹੀ ਚਲਦਾ ਰਹੇਗਾ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਪੰਜਾਬ ਕਾਂਗਰਸ ਇਨ੍ਹਾਂ ਚੋਣਾਂ ਨੂੰ ਲੈ ਕੇ ਆਪਣੀ ਤਿਆਰੀ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਕਿ ਚੋਣਾਂ ਸਮੇਂ ਤੇ ਕਿਸੇ ਵੀ ਤਰ੍ਹਾਂ ਦੀ ਕੰਮੀ ਨੂੰ ਸਮਾਂ ਰਹਿੰਦਿਆਂ ਹੀ ਦੂਰ ਕੀਤਾ ਜਾ ਸਕੇ। ਇਹ ਕਮੀ ਕਿਸੇ ਤਰ੍ਹਾਂ ਦੇ ਸਰਕਾਰੀ ਜਾਂ ਫਿਰ ਪਾਰਟੀ ਪੱਧਰ ਦੇ ਕੰਮ ਦੀ ਹੋਵੇ ਜਾਂ ਫਿਰ ਪਿਛਲੇ 2 ਸਾਲਾਂ ਵਿੱਚ ਆਮ ਲੋਕਾਂ ਦੇ ਕੰਮ ਨਾ ਹੋਣ ਕਾਰਨ ਨਰਾਜ਼ਗੀ ਹੋਵੇ।
ਪੰਜਾਬ ਕਾਂਗਰਸ ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਭਵਨ ਵਿਖੇ ਬਾਅਦ ਦੁਪਹਿਰ 3 ਵਜੇ ਪੰਜਾਬ ਦੇ ਸਾਰੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦੀ ਗਈ ਹੈ, ਜਦੋਂ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਵਿਧਾਇਕ, ਸੰਸਦ ਮੈਂਬਰ, ਕੈਬਨਿਟ ਮੰਤਰੀਆਂ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਦੀ ਮੁੜ ਤੋਂ ਮੀਟਿੰਗ ਹੋਏਗੀ। ਇਸ ਨਾਲ ਹੀ ਇਸ ਮੀਟਿੰਗ ‘ਚ ਬਲਾਕ ਪ੍ਰਧਾਨਾਂ ਨੂੰ ਵੀ ਸੱਦਿਆ ਗਿਆ ਹੈ, ਜਿਸ ਵਿੱਚ ਸੁਨੀਲ ਜਾਖੜ ਤੇ ਪਾਰਟੀ ਦੇ ਹੋਰ ਅਹੁਦੇਦਾਰ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟਣ ਲਈ ਆਦੇਸ਼ ਦੇਣ ਦੇ ਨਾਲ ਹੀ ਚੋਣ ਪ੍ਰਚਾਰ ਲਈ ਹੁਣ ਤੋਂ ਹੀ ਸਮਗਰੀ ਦੇਣ ਬਾਰੇ ਵੀ ਦੱਸਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।