ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਜੈਜੀਤ ਜੌਹਲ ਨੇ...

    ਜੈਜੀਤ ਜੌਹਲ ਨੇ ਕੇਜਰੀਵਾਲ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ

    ਸਿਆਸੀ ਅਕਸ ਖ਼ਰਾਬ ਕਰਨ ਲਈ ਲਾਏ ਸਨ ਕੇਜਰੀਵਾਲ ਨੇ ਬੇਤੁਕੇ ਦੋਸ਼ : ਜੌਹਲ

    (ਸੁਖਜੀਤ ਮਾਨ) ਬਠਿੰਡਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਜੌਹਲ ਨੇ ਇਹ ਕੇਸ ਕੁੱਝ ਦਿਨ ਪਹਿਲਾਂ ਬਠਿੰਡਾ ਫੇਰੀ ’ਤੇ ਆਏ ਕੇਜਰੀਵਾਲ ਵੱਲੋਂ ਵਪਾਰੀਆਂ ਨਾਲ ਮਿਲਣੀ ਪ੍ਰੋਗਰਾਮ ’ਚ ‘ਜੋਜੋ ਟੈਕਸ’ ਦਾ ਜ਼ਿਕਰ ਕਰਨ ਦੇ ਦੋਸ਼ਾਂ ਤਹਿਤ ਕੀਤਾ ਹੈ।

    ਵੇਰਵਿਆਂ ਮੁਤਾਬਿਕ ਜੈਜੀਤ ਸਿੰਘ ਜੌਹਲ ਨੇ ਅੱਜ ਆਪਣੇ ਵਕੀਲ ਰਾਹੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਦਾਇਰ ਕੀਤੇ ਗਏ ਮਾਣਹਾਨੀ ਦੇ ਕਿ੍ਰਮੀਨਲ ਕੇਸ ਵਿੱਚ ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਿਚ ਇਹ ਕੇਸ ਦਾਇਰਾ ਕੀਤਾ ਮਾਣਯੋਗ ਅਦਾਲਤ ’ਚ ਜੈਜੀਤ ਜੌਹਲ ਦੇ ਬਿਆਨ ਕਲਮਬੰਦ ਕੀਤੇ ਗਏ। ਭਾਰਤੀ ਦੰਡਾਵਲੀ ਦੀ ਧਾਰਾ 499,500 ਤਹਿਤ ਦਾਇਰ ਕੀਤੇ ਕੇਸ ਦੀ ਅਗਲੀ ਸੁਣਵਾਈ 15 ਨਵੰਬਰ 2021 ਨੂੰ ਹੋਵੇਗੀ ਇਹ ਕੇਸ ਦਾਇਰ ਕਰਦਿਆਂ ਜੌਹਲ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਉਸ ਦੇ ਸਿਆਸੀ ਅਕਸ ਨੂੰ ਢਾਹ ਲਾਉਣ ਲਈ ਬੇਤੁਕੀ ਬਿਆਨਬਾਜੀ ਕੀਤੀ ਹੈ।

    ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੇ ਦੋਸ਼ਾਂ ਦੀ ਰਾਜਨੀਤੀ ਕਰਨ ਦਾ ਆਦੀ ਹੈ ਜਿਸ ਦੀ ਮਿਸਾਲ ਇਸ ਤੋਂ ਵੀ ਮਿਲਦੀ ਹੈ ਕਿ ਉਸ ਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਅਰੁਣ ਜੇਤਲੀ ਤੋਂ ਲਾਏ ਦੋਸ਼ਾਂ ਤਹਿਤ ਮਾਫੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਛੀ ਤੇ ਝੂਠੀ ਰਾਜਨੀਤੀ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦਾ ਆ ਰਿਹਾ ਹੈ। ਕੇਜਰੀਵਾਲ ਨੇ ਉਸਦੇ ਅਤੇ ਉਸਦੇ ਪਰਿਵਾਰ ਦੀ ਛਵੀ ਨੂੰ ਖਰਾਬ ਕਰਨ ਲਈ ਇੱਕ ਸਾਜ਼ਿਸ਼ ਤਹਿਤ ਅਜਿਹੇ ਦੋਸ਼ ਲਾਏ ਹਨ ਜਦੋਂਕਿ ਕੇਜਰੀਵਾਲ ਕੋਲ ਅਜਿਹੇ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ।

    ਜ਼ਿਕਰਯੋਗ ਹੈ ਕਿ 29 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਜੋਜੋ ਟੈਕਸ ਦਾ ਜ਼ਿਕਰ ਕਰਦਿਆਂ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਤੁਰੰਤ ਬਾਅਦ ਹੀ ਜੈਜੀਤ ਜੌਹਲ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਅੱਜ ਉਨ੍ਹਾਂ ਆਪਣੇ ਐਲਾਨ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਵਿੱਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕਿ੍ਰਮੀਨਲ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਨਗਰ ਨਿਗਮ ਦੇ ਸੀਨੀ. ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾ. ਹਰਮੰਦਰ ਸਿੰਘ, ਬਲਜਿੰਦਰ ਠੇਕੇਦਾਰ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ, ਇੰਦਰਜੀਤ ਸਿੰਘ ਇੰਦਰ ਸਮੇਤ ਹੋਰ ਕਈ ਕਾਂਗਰਸੀ ਆਗੂ ਹਾਜ਼ਰ ਸਨ

    ਕੇਜਰੀਵਾਲ ਨੂੰ ਮੁਆਫ਼ੀ ਨਹੀਂ ਦੇਵਾਂਗਾ : ਜੌਹਲ

    ਜੌਹਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਵੇਂ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ ਲਾਉਣ ਤੇ ਕਈ ਵਾਰ ਮਾਣਹਾਨੀ ਦੇ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਹ ਹਰ ਵਾਰ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਾਉਂਦਾ ਆ ਰਿਹਾ ਹੈ ਜਦੋਂਕਿ ਹੁਣ ਉਹ ਅਰਵਿੰਦ ਕੇਜਰੀਵਾਲ ਨੂੰ ਮੁਆਫੀ ਨਹੀਂ ਦੇਣਗੇ। ਉਨ੍ਹਾਂ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਅਰਵਿੰਦ ਕੇਜਰੀਵਾਲ ਸਿਆਸੀ ਫਾਇਦਾ ਲੈਣ ਲਈ ਚੋਣਾਂ ਤੋਂ ਪਹਿਲਾਂ ਅਜਿਹੇ ਦੋਸ਼ ਲਾਉਂਦਾ ਹੈ ਪਰ ਚੋਣਾਂ ਹੋਣ ਤੋਂ ਬਾਅਦ ਤੁਰੰਤ ਮੁਆਫੀ ਮੰਗ ਲੈਂਦਾ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ