ਦੁਬਾਰਾ ਪੋਸਟਮਾਰਟਮ ਹੋਣ ’ਤੇ 15 ਦਿਨਾਂ ਬਾਅਦ ਕੀਤਾ ਗਿਆ ਸਸਕਾਰ
- ਜ਼ੇਲ੍ਹ ’ਚੋਂ ਜੈਪਾਲ ਦਾ ਭਰਾ ਨੂੰ ਵੀ ਲਿਆਂਦਾ ਪੁੁਲਿਸ ਦੀ ਸੁਰੱਖਿਆ ਹੇਠ, ਹੱਥਕੜੀਆਂ ਸਮੇਤ ਨਿਭਾਈਆਂ ਰਸਮਾਂ
ਸਤਪਾਲ ਥਿੰਦ, ਫਿਰੋਜ਼ਪੁਰ। ਜਗਰਾਓਂ ਦੇ ਦੋ ਥਾਣੇਦਾਰਾਂ ਦੇ ਕਤਲ ਸਮੇਤ ਕਈ ਮਾਮਲਿਆਂ ’ਚ ਲੋੜੀਂਦੇ ਜੈਪਾਲ ਭੁੱਲਰ, ਜੋ ਬੀਤੀ 9 ਜੂਨ ਨੂੰ ਕੋਲਕਾਤਾ ’ਚ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਸੀ, ਦਾ ਦੁਬਾਰਾ ਪੋਸਟਮਾਰਟਮ ਤੋਂ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ ’ਚ ਪੁਲਿਸ ਦੇ ਸਖ਼ਤ ਪਹਿਰੇ ਹੇਠ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਬਠਿੰਡਾ ਜ਼ੇਲ੍ਹ ’ਚ ਬੰਦ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤਪਾਲ ਭੁੱਲਰ ਵੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਸ਼ਮਸ਼ਾਨ ਘਾਟ ਲਿਆਂਦਾ ਗਿਆ, ਜਿਸ ਵੱਲੋਂ ਹੱਥ ਕੜੀਆਂ ਸਮੇਤ ਅੰਤਿਮ ਸਸਕਾਰ ਦੀ ਰਸਮਾਂ ਨਿਭਾਈਆਂ ਗਈਆਂ। ਅੰਤਿਮ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭੁੱਲਰ ਦੇ ਕਈ ਰਿਸ਼ਤੇਦਾਰ ਵੀ ਮੌਜੂਦ ਸਨ ਅਤੇ ਇਸ ਦੌਰਾਨ ਪੁੁਲਿਸ ਅਧਿਕਾਰੀਆਂ ਦੀ ਅਗਵਾਈ ’ਚ ਭਾਰੀ ਪੁਲਿਸ ਫੌਰਸ ਵੀ ਤਾਈਨਾਤ ਰਹੀ।
ਦੱਸ ਦਈਏ ਕਿ ਬੀਤੀ 9 ਜੂਨ ਨੂੰ ਕੋਲਕਾਤਾ ’ਚ ਪੁਲਿਸ ਮੁਕਾਬਲੇ ਤੋਂ ਬਾਅਦ ਜਦੋਂ ਉਸ ਦੀ ਲਾਸ਼ ਨੂੰ ਫਿਰੋਜ਼ਪੁਰ ਗ੍ਰਹਿ ਵਿਖੇ ਲਿਆਂਦਾ ਗਿਆ ਸੀ ਤਾਂ ਅੰਤਿਸ ਸਸਕਾਰ ਦੀ ਰਸਮਾ ਨੂੰ ਅਦਾ ਕਰਦੇ ਸਮੇਂ ਪਰਿਵਾਰ ਵੱਲੋਂ ਸਰੀਰ ’ਤੇ ਕੁੱਝ ਸੱਟਾਂ ਦੇ ਨਿਸ਼ਾਨ ਦਿਸਣ ਅਤੇ ਬਾਂਹ ਟੁੱਟੀ ਹੋਣ ’ਤੇ ਸਵਾਲ ਖੜ੍ਹੇ ਕਰਦਿਆਂ ਪਰਿਵਾਰ ਵੱਲੋਂ ਫਰਜ਼ੀ ਅਨਕਾਊਂਟਰ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ, ਜਿਸ ਲਈ ਦੁਬਾਰਾ ਪੋਸਟਮਾਰਟਮ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲ ਰੁਖ ਕੀਤਾ ਗਿਆ ਸੀ ਪਰ ਇੱਕ ਵਾਰ ਹਾਈਕੋਰਟ ਵੱਲੋਂ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਪਰ ਬਾਅਦ ’ਚ ਸੁਪਰੀਮ ਕੋਰਟ ਦੇ ਆਦੇਸ਼ਾਂ ਮਗਰੋਂ ਹਾਈਕੋਰਟ ਵੱਲੋਂ ਮੁੜ ਮਾਮਲੇ ਦੀ ਸੁਣਵਾਈ ਕਰਦਿਆਂ ਦੁਬਾਰਾ ਪੋਸਟਮਾਰਟਮ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਬੀਤੇ ਕੱਲ੍ਹ ਪੀਜੀਆਈ ’ਚ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਹੋਇਆ ਅਤੇ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਜੈਪਾਲ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਣ ਦਾ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਟਾਰਚਰ ਕਰਨ ਦਾ ਕੋਈ ਨਿਸ਼ਾਨ ਨਾ ਹੋਣ ਦਾ ਵੀ ਦੱਸਿਆ ਜਾ ਰਿਹਾ ਹੈ ਅਤੇ ਬਾਂਹ ਟੁੁੱਟਣ ਦਾ ਕਾਰਨ ਗੋਲੀਆਂ ਵੱਜਣ ਦੌਰਾਨ ਲੱਗੇ ਝਟਕੇ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਗਮਗੀਨ ਮਾਹੌਲ ’ਚ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਭੁੱਲਰ ਦੇ ਪਿਤਾ ਨੇ ਰਿਪੋਰਟ ’ਤੇ ਕੀਤੇ ਸਵਾਲ ਖੜ੍ਹੇ
ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਆਈ ਰਿਪੋਰਟ ’ਤੇ ਅਸੰਤਸ਼ੁਟੀ ਜ਼ਾਹਿਰ ਕਰਦੇ ਜੈਪਾਲ ਦੇ ਪਿਤਾ ਰਿਟਾਇਰਡ ਇੰਸਪੈਕਟਰ ਭੁੁਪਿੰਦਰ ਸਿੰਘ ਵੱਲੋਂ ਰਿਪੋਰਟ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਰਿਪੋਰਟ ’ਚ ਜੈਪਾਲ ਦੇ ਸਰੀਰ ’ਤੇ 22 ਸੱਟਾਂ ਦੱਸੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਰਿਪੋਰਟ ਦੇ ਅਖੀਰ ’ਚ ਲਿਖ ਦਿੱਤਾ ਹੈ ਕਿ ਸਰੀਰ ’ਤੇ ਟਾਰਚਰ ਕਰਨ ਦਾ ਕੋਈ ਨਿਸ਼ਾਨ ਨਹੀਂ ਹੈ ਪਤਾ ਨਹੀਂ ਕਿੰਨਾ ਕੁ ਪ੍ਰੈਸ਼ਰ ਹੋਣਾ ਸਰਕਾਰ ਦਾ ਤੇ ਕੀ ਮਜ਼ਬੂਰੀ ਕਰਕੇ ਇਸ ਤਰ੍ਹਾਂ ਦੀ ਰਿਪੋਰਟ ਬਣਾਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।