ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਜੇਲ੍ਹ ਦੇ ਅਚਨਚੇਤ ਦੌਰੇ ਦੌਰਾਨ ਕੀਤੀ ਸਖ਼ਤ ਹਦਾਇਤ
ਕਿਸੇ ਵੀ ਬੰਦੀ ਨੂੰ ਕੋਈ ਵੀਆਈਪੀ ਟਰੀਟਮੈਂਟ ਨਹੀਂ ਮਿਲੇਗਾ, ਦੋਸ਼ੀ ਪਾਏ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਧੁਨਿਕ ਤੇ ਬਿਹਤਰ ਤਕਨੀਕਾਂ ਵਰਤਕੇ ਫੋਨ ਕਲਚਰ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚੋਂ ਹੁਣ ਫੋਨ ਨਹੀਂ ਸਕੂਨ ਆਵੇਗਾ। ਉਹ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਅਚਨਚੇਤ ਨਿਰੀਖਣ ਕਰਨ ਲਈ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੰਦਿਆਂ ਜੇਲ੍ਹ ਦੀ ਸੁਰੱਖਿਆ ਨੂੰ ਹਰ ਪੱਖੋਂ ਹੋਰ ਕਰੜੀ ਕਰਨ ਸਮੇਤ ਜੇਲ੍ਹ ’ਚ ਬੰਦ ਹਰੇਕ ਬੰਦੀ ਨਾਲ ਕਾਨੂੰਨ ਮੁਤਾਬਕ ਇੱਕੋ ਜਿਹੇ ਵਰਤਾਓ ਕਰਨ ਦੀ ਸਖ਼ਤ ਹਦਾਇਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਉਹ ਜੇਲ੍ਹ ਅਧਿਕਾਰੀਆਂ ਨੂੰ ਮਿਲੇ ਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਜੇਲ੍ਹਾਂ ਵੱਲ ਕੋਈ ਧਿਆਨ ਨਾ ਦੇ ਕੇ ਨਾ ਤਾਂ ਨਵੀਂ ਭਰਤੀ ਕੀਤੀ ਅਤੇ ਨਾ ਹੀ ਲੋੜੀਂਦੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲ੍ਹ ਮਹਿਕਮੇ ’ਚ ਨਸ਼ੇ ਦੇ ਆਦੀ ਬੰਦੀਆਂ ਦੇ ਇਲਾਜ ਲਈ ਮਨੋਵਿਗਿਆਨੀਆਂ ਤੇ ਮਨੋਰੋਗ ਮਾਹਰਾਂ ਅਤੇ ਹੋਰ ਅਮਲੇ ਦੀ ਨਵੀਂ ਭਰਤੀ ਕਰਨ ਸਮੇਤ ਆਧੁਨਿਕ ਉਪਕਰਨ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਬੰਦੀ ਨੂੰ ਵੀ.ਆਈ.ਪੀ. ਟਰੀਟਮੈਂਟ ਨਹੀਂ ਦਿੱਤਾ ਜਾਵੇਗਾ ਅਤੇ ਹਰ ਇੱਕ ਬੰਦੀ ਨਾਲ ਜੇਲ੍ਹ ਮੈਨੁਅਲ ਮੁਤਾਬਕ ਇੱਕੋ-ਜਿਹਾ ਵਰਤਾਓ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜੇਲ੍ਹ ਅਧਿਕਾਰੀ ਅਜਿਹੇ ਜਾਂ ਕਿਸੇ ਵੀ ਹੋਰ ਮਾਮਲੇ ਸਮੇਤ ਜੇਲ੍ਹਾਂ ’ਚ ਨਸ਼ਿਆਂ ਦੀ ਤਸਕਰੀ ਆਦਿ ’ਚ ਦੋਸ਼ੀ ਪਾਇਆ ਗਿਆ ਤਾਂ ਉਸ ਨਾਲ ਨਰਮੀ ਨਹੀਂ ਵਰਤੀ ਜਾਵੇਗੀ।
ਉਨ੍ਹਾਂ ਹੋਰ ਕਿਹਾ ਕਿ ਜੇਲ੍ਹਾਂ ’ਚ ਸੁਧਾਰਾਂ ਨੂੰ ਤਰਜੀਹ ਦਿੰਦਿਆਂ ਪੰਜਾਬ ’ਚ ਨਵੀਆਂ ਜੇਲ੍ਹਾਂ ਵੀ ਉਸਾਰੀਆਂ ਜਾਣਗੀਆਂ। ਉਨ੍ਹਾਂ ਇਸ ਦੌਰਾਨ ਬੰਦੀਆਂ ਨਾਲ ਵੀ ਗੱਲਬਾਤ ਵੀ ਕੀਤੀ ਅਤੇ ਮੁਸ਼ਕਿਲਾਂ ਵੀ ਸੁਣੀਆਂ। ਹਰਜੋਤ ਸਿੰਘ ਬੈਂਸ ਨੇ ਇੱਕ ਹੋਰ ਸਵਾਲ ਦੇ ਜਵਾਬ ’ਚ ਕਿਹਾ ਕਿ ਉਹ ਹਰ ਮਾਮਲੇ ਦੀ ਪੂਰੀ ਬਾਰੀਕੀ ਨਾਲ ਘੋਖ ਰਹੇ ਹਨ ਅਤੇ ਬਹੁਤ ਜਲਦ ਹੀ ਭੂਖਨਣ ਦੇ ਮਾਮਲੇ ’ਚ ਵੀ ਵੱਡਾ ਫੈਸਲਾ ਲਿਆ ਜਾਵੇਗਾ। ਜੇਲ੍ਹ ਮੰਤਰੀ ਨੇ ਆਈ.ਜੀ. ਜੇਲਾਂ ਰੂਪ ਕੁਮਾਰ, ਐਸ.ਐਸ.ਪੀ. ਪਟਿਆਲਾ ਡਾ. ਸੰਦੀਪ ਗਰਗ, ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਡਿਪਟੀ ਸੁਪਰਡੈਂਟ ਹਰਜੋਤ ਸਿੰਘ ਕਲੇਰ, ਅਤੇ ਹੋਰ ਜੇਲ੍ਹ ਅਧਿਕਾਰੀਆਂ ਨਾਲ ਵਿਸਥਾਰ ’ਚ ਜੇਲ ਪ੍ਰਬੰਧਾਂ ਬਾਰੇ ਮੀਟਿੰਗ ਕਰਕੇ ਜੇਲ੍ਹ ਦਾ ਜਾਇਜ਼ਾ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ