ਜਗਦੀਸ਼ ਗਗਨੇਜਾ ਦੀ ਹਾਲਤ ਗੰਭੀਰ, ਡੀ.ਐਮ.ਸੀ. ਲੁਧਿਆਣਾ ਰੈਫ਼ਰ ਕੀਤਾ

ਜਲੰਧਰ,  (ਸੱਚ ਕਹੂੰ ਨਿਊਜ਼) ਸਥਾਨਕ ਜੋਤੀ ਚੌਂਕ ਦੇ ਕੋਲ ਬੀਤੀ ਦੇਰ ਸ਼ਾਮ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਜ਼ਖਮੀ ਕੀਤੇ ਆਰ.ਐਸ.ਐਸ. ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਤੇ ਸੇਵਾ ਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਗਗਨੇਜਾ ਦੇ ਪੇਟ ‘ਚੋਂ ਡਾਕਟਰਾਂ ਨੇ ਰਾਤ ਨੂੰ ਹੀ ਦੋ ਗੋਲੀਆਂ ਕੱਢ ਦਿੱਤੀਆਂ ਸਨ ਪਰ ਲੀਵਰ ‘ਚ ਫਸੀ ਗੋਲੀ ਅਜੇ ਤੱਕ ਨਹੀਂ ਨਿਕਲੀ ਜਿਸ ਦੇ ਚੱਲਦਿਆਂ ਗਗਨੇਜਾ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ
ਵਰਣਨਯੋਗ ਹੈ ਕਿ ਸ਼ਨਿੱਚਰਵਾਰ ਰਾਤੀਂ ਆਰਐਸਐਸ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ (ਸਹਿ ਸੰਚਾਲਕ) 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਜਦੋਂ ਸ਼ਹਿਰ ਦੇ ਧੁਰ ਅੰਦਰ ਜੋਤੀ ਚੌਂਕ ਨੇੜੇ ਸ੍ਰੀ ਗਗਨੇਜਾ ਪਿਸ਼ਾਬ ਕਰਨ ਲਈ ਆਪਣੀ ਕਾਰ ‘ਚੋਂ ਉਤਰੇ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਇਸ ਮੌਕੇ ਸ੍ਰੀ ਗਗਨੇਜਾ ਦੀ ਪਤਨੀ ਸੁਦੇਸ਼ ਗਗਨੇਜਾ ਵੀ ਨਾਲ ਸਨ ਜੋ ਹਮਲੇ ਵਿਚ ਵਾਲ ਵਾਲ ਬਚ ਗਏ ਘਟਨਾ ਦੇ ਚਸ਼ਮਦੀਦ ਗਵਾਹ ਪ੍ਰਮੋਦ ਕਨੌਜੀਆ ਗੋਲੀਆਂ ਦੀ ਆਵਾਜ਼ ਸੁਣ ਕੇ ਆਪਣੇ ਦੀ ਘਰ ਦੀ ਛੱਤ ਤੋਂ ਉੱਤਰ ਕੇ ਆਏ ਅਤੇ ਉਨਾਂ ਸ੍ਰੀਮਤੀ ਗਗਨੇਜਾ ਦੀ ਮਦਦ ਨਾਲ ਬੁਰੀ ਤਰਾਂ ਜ਼ਖ਼ਮੀ ਜਗਦੀਸ਼ ਗਗਨੇਜਾ ਨੂੰ ਸਤਿਅਮ ਹਸਪਤਾਲ ਪਹੁੰਚਾਇਆ ਜਿੱਥੋਂ ਉਹਨਾਂ ਨੂੰ ਪਟੇਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਅਪਰੇਸ਼ਨ ਕਰਕੇ ਸ੍ਰੀ ਗਗਨੇਜਾ ਦੇ ਪੇਟ ਵਿੱਚ ਲੱਗੀਆਂ ਦੋਗੋਲੀਆਂ ਕੱਢ ਦਿੱਤੀਆਂ ਹਨ ਪਰ ਤੀਜੀ ਗੋਲੀ ਨੂੰ ਹਾਲੇ ਤੱਕ ਨਹੀਂ ਕੱਢਿਆ ਸਕਿਆ ਹੈ ਅਤੇ ਅੱਜ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ
ਜਿਕਰਯੋਗ ਹੈ ਕਿ ਇਸ ਹਮਲੇ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ ਬੇਸ਼ੱਕ ਪੁਲਿਸ ਨੂੰ ਹਮਲਾਵਰਾਂ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗਾ ਪਰ ਸੁਰੱਖਿਆ ਏਜੰਸੀਆਂ ਇਸ ਨੂੰ ਅੱਤਵਾਦੀ ਕਾਰਵਾਈ ਨਾਲ ਜੋੜ ਕੇ ਵੇਖ ਰਹੀਆਂ ਹਨ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਾਂਚ ਲਈ 10 ਟੀਮਾਂ ਬਣਾ ਦਿੱਤੀਆਂ ਹਨ ਸ਼ਹਿਰ ਦੇ ਵੱਖ-ਵੱਖ ਰੂਟਾਂ ‘ਤੇ ਲੱਗੇ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲੀ ਜਾ ਰਹੀ ਹੈ

ਵਿਸ਼ੇਸ਼ ਜਾਂਚ ਟੀਮ ਗਠਿਤ
ਰਾਸ਼ਟਰੀ ਸਵੈਮ ਸੇਵਕ ਸੰਘ (ਐਰ.ਐਸ.ਐਸ.) ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ‘ਤੇ ਜਾਨਲੇਵਾ ਹਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ ਡੀਜੀਪੀ (ਅਮਨ ਕਾਨੂੰਨ) ਹਰਦੀਪ ਢਿੱਲੋਂ ਤੇ ਏਡੀਜੀਪੀ ਆਈਪੀਐਸ ਸੋਹਤਾ ਦੀ ਅਗਵਾਈ ਵਾਲੀ ਐਸਆਈਟੀ ਨੇ ਅੱਜ ਘਟਨਾ ਸਥਾਨ ਜੋਤੀ ਚੌਕ ਦਾ ਮੁਆਇਨਾ ਕੀਤਾ ਇਸ ਮੌਕੇ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਤ ਹੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਐਲਾਨ ਕਰ ਦਿੱਤਾ ਸੀ

ਇਸ ਤੋਂ ਪਹਿਲਾਂ ਵੀ ਹੋਏ ਨੇ ਹਮਲੇ
27 ਜੁਲਾਈ 2009 ਨੂੰ ਪਟਿਆਲਾ ‘ਚ ਆਰਐੱਸਐੱਸ ਦੀ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਰੁਲਦਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ
16 ਜਨਵਰੀ 2016 ਨੂੰ ਲੁਧਿਆਣਾ ‘ਚ ਸੰਘ ਨੇਤਾ ਨਰੇਸ਼ ਕੁਮਾਰ ਦੀ ਅਣਪਛਾਤਿਆਂ ਨੇ ਗੋਲੀ ਮਾਰ ਕੇ ਹੱਤਿਆ ਕੀਤੀ
22 ਫਰਵਰੀ 2016 ਨੂੰ ਖੰਨਾ ‘ਚ ਸ਼ਿਵਸੈਨਾ ਪੰਜਾਬ ਲੇਬਰ ਵਿੰਗ ਦੇ ਪ੍ਰਧਾਨ ਦੁਰਗਾ ਗੁਪਤਾ ਦੀ ਗੋਲੀ ਮਾਰ ਕੇ ਹੱਤਿਆ
4 ਫਰਵਰੀ 2016 ਨੂੰ ਲੁਧਿਆਣਾ ‘ਚ ਸ਼ਿਵਸੈਨਾ ਨੇਤਾ ਅਮਿਤ ਅਰੋੜਾ ‘ਤੇ ਹਮਲਾ