ਰੂਹਾਂ ਦੀ ਸੱਚੀ ਪੁਕਾਰ ਸੁਣ ਕੇ ਪਰਮਾਤਮਾ ਇਸ ਧਰਤੀ ’ਤੇ ਸੰਤਾਂ ਦੇ ਰੂਪ ’ਚ ਪ੍ਰਗਟ ਹੁੰਦਾ ਹੈ। ਉਹ ਇਸ ਮਾਤ ਲੋਕ ’ਚ ਫਸੀਆਂ ਰੂਹਾਂ ਦੇ ਉਧਾਰ ਲਈ ਨਾਮ-ਸ਼ਬਦ, ਗੁਰਮੰਤਰ, ਸ਼ਬਦ ਦੀ ਸੌਗਾਤ ਬਖਸ਼ਦੇ ਹਨ, ਜਿਸ ਦਾ ਜਾਪ ਕਰਕੇ ਮਨੁੱਖ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ। ਸੱਚੇ ਸਤਿਗੁਰੂ ਦੀ ਮਹਿਮਾ ਨੂੰ ਲਿਖ ਬੋਲ ਕੇ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇਕਰ ਸ਼ਿਸ਼ ਨੂੰ ਸਤਿਗੁਰੂ ਦੇ ਚਰਨਾਂ ’ਚ ਸ਼ਰਨ ਮਿਲ ਜਾਵੇ ਤਾਂ ਉਸ ਨੂੰ ਸਵਰਗ ਦੀ ਵੀ ਇੱਛਾ ਨਹੀਂ ਰਹਿੰਦੀ। ਗੁਰੂ ਦੀ ਸ਼ਰਨ ਇੱਕ ਅਜਿਹਾ ਧਾਮ ਹੈ, ਜਿਸ ’ਚ ਰਹਿੰਦਿਆਂ ਕਿਸੇ ਪ੍ਰਕਾਰ ਦੀ ਕਾਮਨਾ ਮਨ ਨੂੰ ਵਿਚਲਿਤ ਨਹੀਂ ਕਰਦੀ, ਉੱਥੇ ਪ੍ਰਾਪਤ ਹੋਣ ਵਾਲੀ ਤ੍ਰਿਪਤੀ ਨਾਲ ਕੋਈ ਵੀ ਤ੍ਰਿਸ਼ਨਾ ਬਾਕੀ ਨਹੀਂ ਰਹਿ ਜਾਂਦੀ, ਅਜਿਹਾ ਹੀ ਅਲੌਕਿਕ ਧਾਮ ਹੈ ‘ਡੇਰਾ ਸੱਚਾ ਸੌਦਾ’ ਸਰਸਾ।
ਰੂਹਾਨੀਅਤ ਦਾ ਕੇਂਦਰ ਡੇਰਾ ਸੱਚਾ ਸੌਦਾ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ 29 ਅਪਰੈਲ ਸੰਨ 1948 ਨੂੰ ਕੀਤੀ, ਜਿਸ ਦਾ ਹੁਕਮ ਆਪ ਜੀ ਨੂੰ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ। ਇਹ ਜਗ੍ਹਾ ਸਰਸਾ-ਭਾਦਰਾ ਸੜਕ ’ਤੇ ਸ਼ਹਿਰ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਉਸ ਸਮੇਂ ਇਹ ਜਗ੍ਹਾ ਬਹੁਤ ਹੀ ਵੀਰਾਨ ਸੀ। ਜ਼ਮੀਨ ਉੱਚੀ-ਨੀਵੀਂ ਸੀ। ਕਿਤੇ ਕੰਡੇਦਾਰ ਝਾੜੀਆਂ ਤੇ ਕਿਤੇ ਡੂੰਘੇ ਟੋਏ ਸਨ। ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕਹੀ ਦਾ ਟੱਕ ਲਾ ਕੇ ਡੇਰਾ ਬਣਾਉਣ ਦਾ ਸ਼ੁੱਭ ਆਰੰਭ ਕੀਤਾ। ਡੇਰਾ ਸੱਚਾ ਸੌਦਾ ਦੇ ਮਹੂਰਤ ਸਮੇਂ ਮੁੰਬਈ ਦੇ ਇੱਕ ਸ਼ਰਧਾਲੂ ਨੇ ਜੋ ਭਜਨ ਗਾਇਆ, ਉਸ ਦੀ ਟੇਕ ਸੀ :-
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁੁਣਾਈਆ।
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਨਾ ਜੀ ਮਹਾਰਾਜ ਨੇ ਇਸ ਭਜਨ ’ਤੇ ਵਿਆਖਿਆ ਵੀ ਕੀਤੀ ਅਤੇ ਇਸ ਦੇ ਨਾਲ ਹੀ ਡੇਰਾ ਬਣਾਉਣ ਦੀ ਸੇਵਾ ਕਾਰਜ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਉੱਥੇ ਇੱਕ ਝੌਂਪੜੀ ਬਣਾਈ ਗਈ ਸੇਵਾ ’ਚ ਡੇਰੇ ਨਾਲ ਲੱਗਦੀ ਢਾਣੀ ਤੇ ਸਰਸਾ ਸ਼ਹਿਰ ਤੋਂ ਸੰਗਤ ਆਉਣ ਲੱਗੀ। ਦਿਨ-ਰਾਤ ਸੇਵਾ ਚੱਲਣ ਲੱਗੀ। ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸੰਗਤ ਕੋਲ ਖੜੇ ਹੋ ਕੇ ਸੇਵਾ ਕਰਵਾਉਂਦੇ। ਸਭ ਤੋਂ ਪਹਿਲਾਂ ਜਿੰਨੀ ਜ਼ਮੀਨ ’ਚ ਡੇਰਾ ਬਣਾਉਣਾ ਸੀ, ਉਸ ਨੂੰ ਪੱਧਰਾ ਕੀਤਾ ਗਿਆ।
ਉੱਥੇ ਬਹੁਤ ਸੱਪ ਤੇ ਬਿੱਛੂ ਨਿਕਲੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਸੇਵਾਦਾਰਾਂ ਨੂੰ ਫ਼ਰਮਾਇਆ, ‘‘ਕਿਸੇ ਨੇ ਸੱਪ-ਬਿੱਛੂ ਆਦਿ ਜ਼ਹਿਰੀਲੇ ਜੀਵਾਂ ਨੂੰ ਮਾਰਨਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਆਰਾਮ ਨਾਲ ਫੜ ਕੇ ਆਬਾਦੀ ਤੋਂ ਦੂਰ ਛੱਡ ਕੇ ਆਉਣਾ ਹੈ’’। ਪੂਜਨੀਕ ਸ਼ਹਿਨਸ਼ਾਹ ਜੀ ਦੇ ਹੁਕਮਾਂ ਅਨੁਸਾਰ ਇੱਥੇ ਕਿਸੇ ਵੀ ਜੀਵ ਭਾਵੇਂ ਉਹ ਸੱਪ ਹੋਵੇ, ਬਿੱਛੂ ਹੋਵੇ ਆਦਿ ਨੂੰ ਮਾਰਿਆ ਨਹੀਂ ਗਿਆ ਤੇ ਨਾ ਹੀ ਕਿਸੇ ਜੀਵ ਨੇ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਇਆ। ਜਦੋਂ ਵੀ ਕੋਈ ਸੱਪ ਜਾਂ ਬਿੱਛੂ ਨਿਕਲਦਾ, ਸੇਵਾਦਾਰ ਉਸ ਨੂੰ ਅਰਾਮ ਨਾਲ ਫੜ ਕੇ ਆਬਾਦੀ ਤੋਂ ਦੂਰ ਛੱਡ ਆਉਂਦੇ। ਇਹ ਪ੍ਰਥਾ ਅੱਜ ਵੀ ਡੇਰਾ ਸੱਚਾ ਸੌਦਾ ’ਚ ਜਿਉਂ ਦੀ ਤਿਉਂ ਲਾਗੂ ਹੈ।
‘ਖੁਦ-ਖੁਦਾ ਦਾ ਬਣਾਇਆ ਹੋਇਆ ਹੈ ਡੇਰਾ ਸੱਚਾ ਸੌਦਾ’
ਇੱਕ ਵਾਰ ਦੀ ਗੱਲ ਹੈ ਕਿ ਸਰਸਾ ਸ਼ਹਿਰ ਦੇ ਕੁਝ ਸ਼ਰਧਾਲੂਆਂ ਨੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਾਹਮਣੇ ਬੇਨਤੀ ਕੀਤੀ ਕਿ ਸਾਈਂ ਜੀ! ਆਪਣਾ ਡੇਰਾ ਸ਼ਹਿਰ ਤੋਂ ਬਹੁਤ ਦੂਰ ਹੈ। ਇੱਥੇ ਆਉਣਾ-ਜਾਣਾ ਬਹੁਤ ਮੁਸ਼ਕਲ ਹੈ। ਜੰਗਲੀ ਤੇ ਵੀਰਾਨ ਖੇਤਰ ਹੋਣ ਕਾਰਨ ਸ਼ਹਿਰ ਤੋਂ ਮਾਤਾ-ਭੈਣਾਂ ਦਾ ਆਉਣਾ ਬਹੁਤ ਹੀ ਮੁਸ਼ਕਲ ਹੈ ਤੇ ਮੀਂਹ ਦੇ ਸਮੇਂ ਸਾਰਾ ਰਸਤਾ ਚਿੱਕੜ ਨਾਲ ਭਰ ਜਾਂਦਾ ਹੈ, ਡੇਰਾ ਸ਼ਹਿਰ ਕੋਲ ਬਣਾਓ ਉਸ ਸਮੇਂ ਆਪ ਜੀ ਵੱਡੇ ਦਰਵਾਜ਼ੇ ਕੋਲ ਖੜੇ ਸਨ।
ਆਪ ਜੀ ਨੇ ਉੱਥੋਂ ਬੇਰੀ ਦਾ ਇੱਕ ਸੁੱਕਾ ਡੰਡਾ ਚੁੱਕਿਆ ਤੇ ਸੇਵਾਦਾਰਾਂ ਨੂੰ ਕਹਿ ਕੇ ਉਸ ਨੂੰ ਜ਼ਮੀਨ ’ਚ ਗਡਵਾ ਦਿੱਤਾ। ਫਿਰ ਆਪ ਜੀ ਨੇ ਉਸ ਡੰਡੇ ਵੱਲ ਇਸ਼ਾਰਾ ਕਰਕੇ ਫ਼ਰਮਾਇਆ, ‘‘ਜੇਕਰ ਇਹ ਬੇਰੀ ਦਾ ਸੁੱਕਾ ਡੰਡਾ ਹਰਾ ਹੋ ਗਿਆ ਤਾਂ ਸੱਚਾ ਸੌਦਾ ਦਰਬਾਰ ਇੱਥੇ ਰੱਖਾਂਗੇ ਤੇ ਜੇਕਰ ਡੰਡਾ ਹਰਾ ਨਾ ਹੋਇਆ ਤਾਂ ਤੁਸੀਂ ਜਿੱਥੇ ਕਹੋਗੇ, ਡੇਰਾ ਉੱਥੇ ਬਣਾ ਲਵਾਂਗੇ’’। ਕੁਝ ਹੀ ਦਿਨਾਂ ਤੋਂ ਬਾਅਦ ਉਹ ਸੁੱਕਾ ਡੰਡਾ ਪੁੰਗਰਨ ਲੱਗਾ ਵੱਡਾ ਹੋਣ ’ਤੇ ਉਸ ’ਤੇ ਬਹੁਤ ਹੀ ਮਿੱਠੇ ਬੇਰ ਲੱਗੇ। ਆਪ ਜੀ ਫ਼ਰਮਾਇਆ ਕਰਦੇ, ‘‘ਇਹ ਜੋ ਡੇਰਾ ਸੱਚਾ ਸੌਦਾ ਬਣਿਆ ਹੈ ਇਹ ਕਿਸੇ ਇਨਸਾਨ ਦਾ ਬਣਾਇਆ ਹੋਇਆ ਨਹੀਂ ਹੈ। ਇਹ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਖੁਦ-ਖੁਦਾ ਦਾ ਬਣਾਇਆ ਹੋਇਆ ਹੈ’’।
ਕਿਵੇਂ ਪਿਆ ‘ਸੱਚਾ ਸੌਦਾ’ ਨਾਮ
ਜਦੋਂ ਆਸ਼ਰਮ ਬਣ ਕੇ ਤਿਆਰ ਹੋ ਗਿਆ ਤਾਂ ਪੂਜਨੀਕ ਸ਼ਹਿਨਸ਼ਾਹ ਜੀ ਨੇ ਸਾਧ-ਸੰਗਤ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਮੁਖਾਤਿਬ ਹੋ ਕੇ ਪੁੱਛਿਆ ਕਿ ਹੁਣ ਅਸੀਂ ਇਸ ਆਸ਼ਰਮ ਦਾ ਨਾਮ ਰੱਖਣਾ ਚਾਹੁੰਦੇ ਹਾਂ, ਕੀ ਨਾਮ ਰੱਖਿਆ ਜਾਵੇ? ਸਾਰੇ ਭਗਤ ਚੁੱਪ ਹੋ ਗਏ। ਪੂਜਨੀਕ ਸ਼ਹਿਨਸ਼ਾਹ ਜੀ ਨੇ ਖੁਦ ਹੀ ਤਿੰਨ ਨਾਮ ਜਵੀਜ਼ ਕੀਤੇ
1. ਰੂਹਾਨੀ ਕਾਲਜ
2. ਚੇਤਨ ਕੁਟੀਆ
3. ਸੱਚਾ ਸੌਦਾ
ਆਪ ਜੀ ਨੇ ਸਾਧ-ਸੰਗਤ ਨੂੰ ਪੁੱਛਿਆ ਕਿ ਇਨ੍ਹਾਂ ਤਿੰਨਾਂ ’ਚੋਂ ਕਿਹੜਾ ਨਾਮ ਰੱਖੀਏ? ਉਦੋਂ ਇੱਕ ਭਗਤ ਨੇ ਖੜੇ ਹੋ ਕੇ ਕਿਹਾ ਸੱਚਾ ਸੌਦਾ ਇਸ ਪ੍ਰਕਾਰ ਇੱਕ ਭਗਤ ਦੇ ਮੂੰਹ ’ਚੋਂ ਅਖਵਾ ਕੇ ਸਾਈਂ ਜੀ ਨੇ ਇਸ ਪਵਿੱਤਰ ਜਗ੍ਹਾ ਦਾ ਨਾਮ ਸੱਚਾ ਸੌਦਾ ਭਾਵ ਡੇਰਾ ਸੱਚਾ ਸੌਦਾ ਰੱਖ ਦਿੱਤਾ। ਉਸ ਸਮੇਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਏ ਕਿ ਇਹ ਉਹ ਸੱਚਾ ਸੌਦਾ ਹੈ, ਜੋ ਆਦਿਕਾਲ ਤੋਂ ਚੱਲਿਆ ਆ ਰਿਹਾ ਹੈ। ਇਹ ਕੋਈ ਨਵਾਂ ਧਰਮ, ਮਜ਼੍ਹਤਬ ਜਾਂ ਲਹਿਰ ਨਹੀਂ ਹੈ।
ਸੱਚਾ ਸੌਦਾ ਦਾ ਭਾਵ ਹੈ ਸੱਚ ਦਾ ਸੌਦਾ ਇਸ ’ਚ ਸੱਚ ਹੈ ਭਗਵਾਨ, ਈਸ਼ਵਰ, ਇਸਰਾਰ, ਵਾਹਿਗੁਰੂ, ਅੱਲ੍ਹਾ, ਖੁਦਾ, ਗੌਡ ਤੇ ਸੱਚਾ ਸੌਦਾ ਹੈ। ਉਸ ਦਾ ਨਾਮ ਜਪਣਾ ਭਾਵ ਨਾਮ ਦਾ ਧਨ ਕਮਾਉਣਾ ਦੁਨੀਆ ’ਚ ਪਰਮਾਤਮਾ ਦੇ ਨਾਮ ਤੋਂ ਸਿਵਾਏ ਸਭ ਸੌਦੇ ਝੂਠੇ ਹਨ। ਕੋਈ ਵੀ ਵਸਤੂ ਇਸ ਜਹਾਨ ’ਚ ਸਦਾ ਸਥਿਰ ਰਹਿਣ ਵਾਲੀ ਨਹੀਂ ਹੈ। ਈਸ਼ਵਰ, ਵਾਹਿਗੁਰੂ, ਖੁਦਾ, ਗੌਡ ਦੇ ਨਾਂਅ ਦਾ ਸੌਦਾ ਕਰਨਾ ਹੀ ਸੱਚਾ ਸੌਦਾ ਹੈ।
ਸ਼ਾਹ ਸਤਿਨਾਮ ਜੀ ਧਾਮ ਬਾਰੇ ਬਚਨ
ਸਤਿਸੰਗੀ ਹੰਸ ਰਾਜ ਪਿੰਡ ਸ਼ਾਹਪੁਰ ਬੇਗੂ ਨੇ ਦੱਸਿਆ ਕਿ ਸੰਨ 1955 ਦੀ ਗੱਲ ਹੈ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਨੇਜੀਆ ਖੇੜਾ ’ਚ ਸਤਿਸੰਗ ’ਚ ਫ਼ਰਮਾਉਣ ਲਈ ਜਾ ਰਹੇ ਸਨ। ਆਪ ਜੀ ਪਿੰਡ ਦੇ ਨਜ਼ਦੀਕ ਇੱਕ ਟਿੱਬੇ ’ਤੇ ਬਿਰਾਜਮਾਨ ਹੋ ਗਏ, ਜਿੱਥੇ ਹੁਣ ਸ਼ਾਹ ਸਤਿਨਾਮ ਜੀ ਧਾਮ ’ਚ ਗੁਫ਼ਾ (ਤੇਰਾ ਵਾਸ) ਹੈ। ਸਾਰੇ ਸਤਿਬ੍ਰਹਮਚਾਰੀ ਸੇਵਾਦਾਰ ਤੇ ਹੋਰ ਸੇਵਾਦਾਰ ਆਪਣੇ ਪੂਜਨੀਕ ਮੁਰਸ਼ਿਦ-ਕਾਮਿਲ ਦੀ ਹਜ਼ੂਰੀ ’ਚ ਬੈਠ ਗਏ।
ਆਪ ਜੀ ਨੇ ਸਾਰੇ ਸੇਵਕਾਂ ਨੂੰ ਫ਼ਰਮਾਇਆ, ‘‘ਤੁਸੀਂ ਸਾਰੇ ਸਾਡੇ ਨਾਲ ਮਿਲ ਕੇ ਇਸ ਪਵਿੱਤਰ ਸਥਾਨ ’ਤੇ ਸਿਮਰਨ ਕਰੋ ਸਭ ਨੇ ਬੈਠ ਕੇ 15-20 ਮਿੰਟ ਤੱਕ ਸਿਮਰਨ ਕੀਤਾ। ਫਿਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਹੱਸਦਿਆਂ ਫ਼ਰਮਾਇਆ, ‘‘ਬੱਲੇ! ਇੱਥੇ ਰੰਗ-ਭਾਗ ਲੱਗਣਗੇ। ਆਪ ਜੀ ਨੇ ਫ਼ਰਮਾਇਆ, ‘‘ਭਾਈ! ਰੰਗ-ਭਾਗ ਤਾਂ ਲੱਗਣਗੇ, ਪਰ ਨਸੀਬਾਂ ਵਾਲੇ ਦੇਖਣਗੇ ਬਾਗ-ਬਗੀਚੇ ਲੱਗਣਗੇ ਲੱਖਾਂ ਸੰਗਤ ਵੇਖੇਗੀ’’।
‘‘ਪੁੱਟਰ! ਐਨੀ-ਐਨੀ ਜ਼ਮੀਨ ਲਵਾਂਗੇ ਤੇ ਪੈਸੇ ਦੇ ਕੇ ਹੀ ਲਵਾਂਗੇ’’
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਇੱਕ ਸਤਿ ਬ੍ਰਹਿਮਚਾਰੀ ਸੇਵਾਦਾਰ ਅਰਜਨ ਸਿੰਘ ਇੰਸਾਂ ਨੇ ਦੱਸਿਆ ਕਿ ਸੰਨ 1958 ਦੀ ਗੱਲ ਹੈ। ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਇੱਕ ਟਿੱਬੇ (ਸ਼ਾਹ ਸਤਿਨਾਮ ਜੀ ਧਾਮ ਵਾਲੀ ਜਗ੍ਹਾ) ’ਤੇ ਇੱਕ ਜੰਡ ਦੇ ਹੇਠਾਂ ਬਿਰਾਜਮਾਨ ਸਨ। ਆਈ ਹੋਈ ਸਾਧ-ਸੰਗਤ ਵੀ ਪੂਜਨੀਕ ਬੇਪਰਵਾਹ ਜੀ ਦੀ ਹਜ਼ੂਰੀ ’ਚ ਬੈਠੀ ਹੋਈ ਸੀ। ਉਨ੍ਹਾਂ ’ਚੋਂ ਕੁਝ ਦੇ ਨਾਂਅ ਇਸ ਪ੍ਰਕਾਰ ਹਨ-ਸੇਵਾਦਾਰ ਸ੍ਰੀ ਦਾਦੂ ਬਾਗੜੀ, ਸ੍ਰੀ ਜੋਤ ਰਾਮ ਨੰਬਰਦਾਰ, ਸ੍ਰੀ ਅਮੀ ਚੰਦ ਨੰਬਰਦਾਰ, ਸ੍ਰੀ ਨੇਕੀ ਰਾਮ ਨੁਹੀਆਂਵਾਲੀ ਵਾਲੇ ਤੇ ਸ੍ਰੀ ਰਾਮ ਲਾਲ ਕੈਰਾਂਵਾਲੀ ਵਾਲੇ ਅਰਜਨ ਸਿੰਘ ਨੇ ਦੱਸਿਆ ਕਿ ਮੈਂ ਵੀ ਉਨ੍ਹਾਂ ’ਚ ਸ਼ਾਮਲ ਸੀ।
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਇਆ, ‘‘ਇੱਥੇ ਲੱਖਾਂ ਦੁਨੀਆ ਬੈਠੀ ਹੈ, ਦੁਨੀਆ ਦੀ ਗਿਣਤੀ ਕੋਈ ਨਹੀਂ’’। ਸੇਵਾਦਾਰ ਦਾਦੂ ਬਾਗੜੀ ਖੜਾ ਹੋ ਕੇ ਬੋਲਿਆ, ‘‘ਸਾਈਂ ਜੀ, ਇੱਥੇ ਤਾਂ ਅਸੀਂ ਗਿਣਤੀ ਦੇ ਆਦਮੀ ਹਾਂ, ਲੱਖਾਂ ਨਹੀਂ’’। ਪੂਜਨੀਕ ਮਸਤਾਨਾ ਜੀ ਨੇ ਫ਼ਰਮਾਇਆ, ‘‘ਇੱਥੇ ਸਤਿਗੁਰੂ ਦਾ ਬਹੁਤ ਵੱਡਾ ਕਾਰਖਾਨਾ ਬਣੇਗਾ ਪੁੱਟਰ! ਇੱਥੇ ਇਲਾਹੀ ਦਰਗਾਹ ਦਾ ਰੂਹਾਨੀ ਕਾਲਜ ਬਣਾਵਾਂਗੇ’’।
ਇੰਨੇ ’ਚ ਉੱਥੇ ਪਰਸ ਰਾਮ ਬੇਗੂ ਵਾਲੇ ਵੀ ਆ ਗਏ, ਜਿਸ ਨੂੰ ਸੱਦਣ ਲਈ ਬੇਗੂ ਪਿੰਡ ’ਚ ਪਹਿਲਾਂ ਤੋਂ ਹੀ ਇੱਕ ਆਦਮੀ ਨੂੰ ਭੇਜ ਦਿੱਤਾ ਗਿਆ ਸੀ। ਉਸਨੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਪੂਜਨੀਕ ਸਾਈਂ ਜੀ ਨੇ ਪਰਸ ਰਾਮ ਤੋਂ ਪੁੱਛਿਆ ‘‘ਪੁੱਟਰ! ਅਸੀਂ ਇਹ ਜ਼ਮੀਨ ਮੁੱਲ ਲੈਣੀ ਹੈ, ਕੀ ਭਾਅ ਮਿਲੇਗੀ’’ ਪਰਸ ਰਾਮ ਨੇ ਕਿਹਾ ਕਿ ਸਾਈਂ ਜੀ, ਮੇਰੀ ਤਾਂ ਇੱਥੇ ਵੀਹ ਵਿੱਘੇ ਜ਼ਮੀਨ ਹੈ, ਐਵੇਂ ਹੀ ਲੈ ਲਓ! ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ‘‘ਪੁੱਟਰ, ਅਸੀਂ ਐਵੇਂ ਨਹੀਂ ਲਵਾਂਗੇ, ਮੁੱਲ ਲਵਾਂਗੇ’’। ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪਣੀ ਸ਼ਾਹੀ ਡੰਗੋਰੀ ਨੂੰ ਉਤਾਂਹ ਚੁੱਕ ਕੇ ਇਸ਼ਾਰੇ ਨਾਲ ਚਾਰੇ ਪਾਸੇ ਘੁੰਮਾਉਂਦਿਆਂ ਬਚਨ ਫ਼ਰਮਾਇਆ, ‘‘ਪੁੱਟਰ! ਐਨੀ-ਐਨੀ ਜ਼ਮੀਨ ਲਵਾਂਗੇ ਤੇ ਪੈਸੇ ਦੇ ਕੇ ਹੀ ਲਵਾਂਗੇ’’।
ਮਾਨਵਤਾ ਭਲਾਈ ਕਾਰਜ ਕਰ ਰਹੀ ਹੈ ਸਾਧ-ਸੰਗਤ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਛੇ ਕਰੋੜ ਤੋਂ ਵੱਧ ਸਾਧ-ਸੰਗਤ ਨੂੰ ਆਪਣਾ ਅਨਮੋਲ ਪ੍ਰੇਮ ਤੇ ਰਹਿਮਤਾਂ ਦੇ ਖਜ਼ਾਨੇ ਬਖਸ਼ ਰਹੇ ਹਨ। ਆਪ ਜੀ ਦੀ ਪਵਿੱਤਰ ਅਗਵਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਲਗਾਤਾਰ 135 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ’ਚ ਖੂਨਦਾਨ, ਗੁਰਦਾਦਾਨ, ਮੰਦਬੁੱਧੀਆਂ ਦੀ ਦੇਖਭਾਲ ਤੇ ਉਨ੍ਹਾਂ ਦਾ ਇਲਾਜ ਕਰਵਾਉਣਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਗਰੀਬ ਲੜਕੀਆਂ ਦੇ ਵਿਆਹ ’ਚ ਆਰਥਿਕ ਸਹਿਯੋਗ ਕਰਨਾ, ਵੇੇਸ਼ਵਾਪੁਣੇ ਦੀ ਦਲਦਲ ’ਚ ਫਸੀਆਂ ਔਰਤਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣਾ, ਦੇਹਾਂਤ ਮਗਰੋਂ ਅੱਖਾਂ ਦਾਨ ਤੇ ਸਰੀਰਦਾਨ ਆਦਿ ਸ਼ਾਮਲ ਹੈ।
ਇਸ ਦੇ ਨਾਲ-ਨਾਲ ਜਦੋਂ ਵੀ ਦੇਸ਼ ’ਚ ਕਿਤੇ ਵੀ ਕੋਈ ਆਫਤ ਆਈ ਤਾਂ ਡੇਰਾ ਸੱਚਾ ਸੌਦਾ ਨੇ ਸਭ ਤੋਂ ਪਹਿਲਾਂ ਮੱਦਦ ਦਾ ਹੱਥ ਅੱਗੇ ਵਧਾਇਆ। ਕੋਰੋਨਾ ਵਰਗੀ ਮਹਾਂ ਬਿਮਾਰੀ ’ਚ ਜਦੋਂ ਲੋਕ ਆਪਣੇ ਪਰਿਵਾਰ ਦੇ ਵਾਇਰਸ ਪੀੜਤ ਜੀਆਂ ਦੀ ਅਰਥੀ ਨੂੰ ਮੋਢਾ ਦੇਣ ਤੋਂ ਕਤਰਾ ਰਹੇ ਹਨ, ਉੱਥੇ ਇਹ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਮਾਜ ਦੇ ਕੋਨੇ-ਕੋਨੇ ’ਚ ਸੈਨੇਟਾਈਜ਼ੇਸ਼ਨਕਰਨ ਤੇ ਲੋਕਾਂ ਦੇ ਘਰਾਂ ’ਚ ਰਾਹਤ ਸਮੱਗਰੀ ਪਹੁੰਚਾਉਣ ’ਚ ਜੁਟੇ ਹੋਏ ਹਨ। ਦੇਸ਼-ਵਿਦੇਸ਼ ’ਚ ਆਈਆਂ ਕੁਦਰਤੀ ਆਫਤਾਂ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਜੀ-ਜਾਨ ਨਾਲ ਰਾਹਤ ਤੇ ਬਚਾਅ ਕਾਰਜ ਚਲਾਏ ਤੇ ਲੋਕਾਂ ਦਾ ਕੀਮਤੀ ਜੀਵਨ ਬਚਾਇਆ ਤੇ ਪੀੜਤਾਂ ਦੀ ਮੱਦਦ ਕੀਤੀ।
ਜਾਮ-ਏ-ਇੰਸਾਂ ਦੀ ਸ਼ੁਰੂਆਤ
ਪੂਰੇ ਸਮਾਜ ਦਾ ਭਲਾ ਹੋਵੇ, ਪੂਰੀ ਕਾਇਨਾਤ ਤੇ ਇਨਸਾਨੀਅਤ ਦਾ ਭਲਾ ਹੋਵੇ, ਇਨਸਾਨੀਅਤ ਸੁਖੀ ਰਹੇ, ਲੋਕਾਂ ’ਚ ਇਨਸਾਨੀਅਤ ਦੇ ਗੁਣ ਪੈਦਾ ਹੋਣ ਉਚ-ਨੀਂਚ, ਭੇਦਭਾਵ ਨਾ ਹੋਵੇ, ਸਮਾਜ ’ਚ ਪਿਆਰ-ਮੁਹੱਬਤ ਦੀ ਗੰਗਾ ਵਗੇ, ਭਾਵ ਕੁੱਲ ਲੁਕਾਈ, ਸਾਰੀ ਖਲਕਤ ਦਾ ਭਲਾ ਹੋਵੇ ਤੇ ਮਰਦੀ ਹੋਈ ਇਨਸਾਨੀਅਤ ਨੂੰ ਜਿੰਦਾ ਕਰਨ ਦੇ ਮਕਦਸ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਾਮ-ਏ-ਇੰਸਾਂ (ਰੂਹਾਨੀ ਜਾਮ) ਪਿਆਉਣ ਦੀ ਰੀਤ ਚਲਾਈ ਹੈ ਇਸ ਦੇ 47 ਨਿਯਮ ਤੈਅ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।