ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੂੰ ਦਿੱਤੀ ਜਾ ਰਹੀ ਹੈ ਟਿਕਟ
(ਗੁਰਪ੍ਰੀਤ ਸਿੰਘ) ਸੰਗਰੂਰ। ਵਿਧਾਨ ਸਭਾ ਹਲਕਾ ਧੂਰੀ ’ਚ ਆਮ ਆਦਮੀ ਪਾਰਟੀ ਦੇ ਆਗੂ ਰਹੇ (Late Sandeep Singla) ਮਰਹੂਮ ਸੰਦੀਪ ਸਿੰਗਲਾ ਦੇ ਪਰਿਵਾਰ ਨੂੰ ਹਲਕੇ ਵਿੱਚੋਂ ਕਾਫ਼ੀ ਹਮਦਰਦੀ ਹਾਸਲ ਹੋ ਰਹੀ ਹੈ ਪਰ ਇਸ ਹਲਕੇ ਵਿੱਚੋਂ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਭਗਵੰਤ ਮਾਨ ਨੂੰ ਉਮੀਦਵਾਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਆਗੂਆਂ ਮੁਤਾਬਕ ਜੇਕਰ ਸੰਦੀਪ ਸਿੰਗਲਾ ਦੇ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਆਗੂ ਨੂੰ ਟਿਕਟ ਦਿੱਤੀ ਤਾਂ ‘ਆਪ’ ਦੀ ਇਹ ਸੀਟ ਮੁਸ਼ਕਿਲ ’ਚ ਆ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਉਮੀਦਵਾਰ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ ਇਸ ਹਲਕੇ ਤੋਂ ਪਿਛਲੇ ਲੰਮੇ ਸਮੇਂ ਤੋਂ ਨੌਜਵਾਨ ਸੰਦੀਪ ਸਿੰਗਲਾ ਨੇ ਪਾਰਟੀ ਦੀਆਂ ਨੀਤੀਆਂ ਦਾ ਝੰਡਾ ਪਿੰਡ-ਪਿੰਡ ਚੁੱਕਿਆ ਹੋਇਆ ਸੀ ਪਰ ਅਚਾਨਕ ਇੱਕ ਸੜਕ ਹਾਦਸੇ ਵਿੱਚ ਸੰਦੀਪ ਸਿੰਗਲਾ ਦੀ ਮੌਤ ਹੋ ਗਈ। ਸੰਦੀਪ ਸਿੰਗਲਾ ਬਹੁਤ ਹੀ ਉਤਸ਼ਾਹੀ ਨੌਜਵਾਨ ਸੀ ਜਿਸ ਨੇ ਹਲਕਾ ਧੂਰੀ ਦੇ ਪਿੰਡ-ਪਿੰਡ ਆਮ ਆਦਮੀ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕੀਤਾ।
ਪਿਛਲੇ ਵਰ੍ਹੇ ਸ਼ੁਰੂ ਹੋਏ ਕਿਸਾਨੀ ਸੰਘਰਸ਼ ਵਿੱਚ ਸੰਦੀਪ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਰਹੀ ਸੀ ਅਤੇ ਉਨ੍ਹਾਂ ਨੇ ਲਗਾਤਾਰ ਮਹੀਨਿਆਂ ਬੱਧੀ ਕਿਸਾਨ ਸੰਘਰਸ਼ ਦਾ ਹਿੱਸਾ ਰਹਿ ਕੇ ਧਰਨੇ ਵਿੱਚ ‘ਸੇਵਾ ਕਾਰਜ’ ਕੀਤੇ ਜਿਸ ਕਾਰਨ ਸੰਦੀਪ ਕਿਸਾਨਾਂ ਵਿੱਚ ਵੀ ਕਾਫ਼ੀ ਹਰਮਨਪਿਆਰਾ ਹੋ ਗਿਆ ਸੀ। ਸੰਦੀਪ ਦੀ ਮੌਤ ਤੋਂ ਬਾਅਦ ਕਿਸਾਨਾਂ ਵੱਲੋਂ ਉਸਦੀ ਵੱਡੀ ਫੋਟੋ ਲਾ ਕੇ ਉਸ ਨੂੰ ਕਿਸਾਨ ਸੰਘਰਸ਼ ਲਈ ‘ਸ਼ਹੀਦ’ ਹੋਇਆ ਐਲਾਨਿਆ ਗਿਆ ਸੀ। ਬੇਸ਼ੱਕ ਸੰਦੀਪ ਰਾਜਸੀ ਆਗੂ ਸੀ ਪਰ ਉਸ ਨੇ ਕਿਸਾਨਾਂ ਨਾਲ ਅਜਿਹਾ ਰਾਬਤਾ ਬਣਾਇਆ ਸੀ ਕਿ ਧਰਨੇ ਵਿੱਚ ਕਿਸੇ ਵੀ ਰਾਜਨੀਤਕ ਆਗੂ ਦੇ ਪੁੱਜਣ ’ਤੇ ਉਸ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਸੰਦੀਪ ਸਿੰਗਲਾ ਹਮੇਸ਼ਾ ਕਿਸਾਨ ਧਰਨੇ ਦਾ ਅੰਗ ਬਣ ਕੇ ਉਨ੍ਹਾਂ ਦੇ ਨਾਲ ਰਿਹਾ ਸੀ।
ਸੰਦੀਪ (Late Sandeep Singla) ਦੇ ਜਾਣ ਪਿਛੋਂ ਉਨ੍ਹਾਂ ਦੇ ਪਰਿਵਾਰ ਜਿਨ੍ਹਾਂ ਵਿੱਚ ਖ਼ਾਸ ਕਰ ਉਨ੍ਹਾਂ ਦੇ ਪਿਤਾ ਧੂਰੀ ਦੇ ਨਾਮਵਰ ਵਪਾਰੀ ਆਗੂ ਅਸ਼ੋਕ ਕੁਮਾਰ ਲੱਖਾ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਐਲਾਨਿਆ ਹੋਇਆ ਹੈ ਕਿ ਸੰਦੀਪ ਦੀ ਇੱਛਾ ਸੀ ਕਿ ਉਹ ਚੋਣ ਲੜਣ ਤੇ ਵਿਧਾਇਕ ਬਣ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਅਤੇ ਅਸੀਂ ਉਸ ਦੀ ਇਹ ਇੱਛਾ ਜ਼ਰੂਰ ਪੂਰੀ ਕਰਾਂਗੇ, ਲੱਖਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਫੋਨ ਆ ਰਹੇ ਹਨ ਅਤੇ ਉਨ੍ਹਾਂ ਦੇ ਸਮੱਰਥਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਸੰਦੀਪ ਸਿੰਗਲਾ ਦੇ ਪਰਿਵਾਰ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਣਾ ਚਾਹੀਦੈ : ਆਗੂ
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਰਹੂਮ ਸੰਦੀਪ ਸਿੰਗਲਾ ਦੇ ਪਰਿਵਾਰ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਗਲਾ ਨੇ ਧੂਰੀ ਹਲਕੇ ਦੇ ਪਿੰਡ-ਪਿੰਡ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆਂ ਅਤੇ ਲੋਕਾਂ ਨਾਲ ਮਿਲਵਰਤਣ ਕਾਇਮ ਕੀਤਾ ਅਚਾਨਕ ਵਾਪਰੇ ਹਾਦਸੇ ’ਚ ਫੌਤ ਹੋਏ ਸੰਦੀਪ ਸਿੰਗਲਾ ਦੇੇ ਪਰਿਵਾਰ ਨੂੰ ਉਨ੍ਹਾਂ ਦਾ ਵਿਛੋੜਾ ਅਸਿਹ ਹੈ ਪਰ ਪਾਰਟੀ ਨੂੰ ਸਿੰਗਲਾ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ