ਸੰਸਾਰ ਦੀ ਹੋਂਦ ਵਿੱਚ ਵਾਤਾਵਰਨ ਦਾ ਡੂੰਘਾ ਯੋਗਦਾਨ ਹੈ ਵਾਤਾਵਰਨ ਸਦਕਾ ਹੀ ਧਰਤੀ ‘ਤੇ ਜੀਵਨ ਸੰਭਵ ਹੈ ਅੱਜ ਵਧ ਰਹੀ ਤਕਨਾਲੋਜੀ ਹੀ ਸਾਡੇ ਵਾਤਾਵਰਨ ਲਈ ਸਰਾਪ ਬਣ ਰਹੀ ਹੈ ਤਕਨਾਲੋਜੀ ਸਦਕਾ ਵਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਸਾਡੀ ਧਰਤੀ ਲਈ ਚੁਣੌਤੀ ਬਣੀ ਗਈ ਹੈ ਵਾਤਾਵਰਣ ‘ਚ ਪ੍ਰਦੂਸ਼ਣ ਵਧਣ ਕਾਰਨ ਆ ਰਹੇ ਵਿਗਾੜ ਦੀ ਵੱਡੀ ਸਮੱਸਿਆ ਮਨੁੱਖ ਤੇ ਜੀਵਾਂ ਦੀ ਹੋਂਦ ਲਈ ਵੱਡਾ ਖਤਰਾ ਬਣ ਗਈ ਹੈ ਜਿਸ ਦਾ ਪੱਕਾ ਹੱਲ ਕੱਢਣਾ ਅੱਜ ਵੱਡੇ ਤੇ ਵਿਕਸਿਤ ਦੇਸ਼ਾਂ ਲਈ ਵੀ ਮੁਸ਼ਕਲਾਂ ਦਾ ਕਾਰਨ ਬਣਾ ਰਿਹਾ ਹੈ ਵਾਤਾਵਰਨ ‘ਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜੋ ਕਿ ਹਰੇਕ ਸੰਜੀਵ ਪ੍ਰਾਣੀ ਦੇ ਜਿੰਦਾ ਰਹਿਣ ਲਈ ਸਹਾਇਕ ਹੁੰਦੀਆਂ ਹਨ।
ਕੁਦਰਤ ਵੱਲੋਂ ਦਿੱਤਾ ਗਿਆ ਵਾਤਾਵਰਨ ਦਾ ਤੋਹਫ਼ਾ ਸਾਡੀਆਂ ਖੁਦ ਦੀਆਂ ਗਲਤੀਆਂ ਕਾਰਨ ਐਨਾ ਪਲੀਤ ਹੋ ਗਿਆ ਹੈ ਕਿ ਦੂਸ਼ਿਤ ਵਾਤਾਵਰਨ ਖੁਦ ਧਰਤੀ ਦੀ ਹੋਂਦ ਲਈ ਖਤਰਾ ਬਣ ਗਿਆ ਹੈ ਅੱਜ ਸਿਰਫ ਹਵਾ ਪ੍ਰਦੂਸ਼ਣ ਹੀ ਨਹੀਂ ਵਧ ਰਿਹਾ ਉਸਦੇ ਨਾਲ ਨਾਲ ਹੀ ਜਲ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ ਆਦਿ ਵੀ ਖਤਰੇ ਦੇ ਨਿਸ਼ਾਨ ਤੋਂ Àੁੱਪਰ ਉੱਠ ਰਹੇ ਹਨ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਪਰ ਕਿਸੇ ਦੇਸ਼ ਦੀ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ ਜੇ ਅਸੀਂ ਉਦਯੋਗਿਕਰਨ ਤੇ ਤਕਨਾਲੋਜੀ ਵਿੱਚ ਸਿਖਰ ਨੂੰ ਛੂਹਣ ਦੇ ਨਾਲ ਹੀ ਸਵੱਛ ਵਾਤਾਵਰਨ ਦੇ ਮੁਫ਼ਤ ‘ਚ ਮਿਲੇ ਕੁਦਰਤੀ ਤੋਹਫੇ ਨੂੰ ਸਾਫ ਸੁਥਰਾ ਰੱਖਣ ਵਿਚ ਸਫ਼ਲ ਹੋ ਸਕੀਏ।
ਹਵਾ ਪ੍ਰਦੂਸ਼ਣ
ਦੇਸ਼ ਵਿੱਚ ਵਧ ਰਹੀ ਤਰੱਕੀ ਦੇ ਨਾਲ ਉਸਦੇ ਉਲਟੇ ਪ੍ਰਭਾਵ ਵੀ ਵਧ ਰਹੇ ਹਨ ਵਧ ਰਹੇ ਉਦਯੋਗੀਕਰਨ ਤੇ ਫੈਕਟਰੀਆਂ ਦੇ ਧੂੰਏਂ ਨੇ ਅੱਜ ਸਾਡੀ ਹਵਾ ਨੂੰ ਐਨਾ ਪ੍ਰਦੂਸ਼ਤ ਕਰ ਦਿੱਤਾ ਹੈ ਕਿ ਸਾਹ ਦੀਆਂ ਬਿਮਾਰੀਆਂ ਆਮ ਹੋ ਗਈਆਂ ਹਨ ਹਵਾ ਜੋ ਕਿ ਸਾਡੇ ਲਈ ਸਭ ਤੋਂ ਜ਼ਰੂਰੀ ਕੁਦਰਤੀ ਸੋਮਾ ਹੈ ਜਿਸ ਤੋਂ ਬਿਨਾ ਧਰਤੀ ‘ਤੇ ਜੀਵਨ ਸੰਭਵ ਨਹੀਂ, ਅੱਜ ਉਹੀ ਹਵਾ ਸਾਡੀਆਂ ਗਲਤੀਆਂ ਸਦਕਾ ਦੂਸ਼ਿਤ ਹੋ ਕੇ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ।
ਹਵਾ ‘ਚ 0.3% ਕਾਬਨ ਡਾਈ ਆਕਸਾਈਡ, ਲਗਭਗ 20% ਆਕਸੀਜਨ ਤੇ 78% ਨਾਈਟ੍ਰੋਜਨ ਹੁੰਦੀ ਹੈ ਤੇ ਬਾਕੀ ਬਹੁਤ ਘੱਟ ਹੋਰ ਗੈਸਾਂ ਹੁੰਦੀਆਂ ਹਨ ਪਰ ਅੱਜ ਹਵਾ ‘ਚ ਸਾਡੇ ਉਦਯੋਗੀਕਰਣ ਕਾਰਨ ਕਾਬਨ ਮੋਨੋ- ਆਕਸਾਈਡ ਤੇ ਸਲਫਰ ਡਾਈ ਆਕਸਾਈਡ ਤੇ ਹੋਰ ਬਹੁਤ ਸਾਰੀਆਂ ਜ਼ਹਿਰੀਲੀਆਂ ਤੇ ਹਾਨੀਕਾਰਕ ਗੈਸਾਂ ਦੀ ਵੀ ਭਰਮਾਰ ਹੋ ਗਈ ਹੈ ਜੋ ਮਨੁੱਖੀ ਜੀਵਨ ਤੇ ਬਨਸਪਤੀ ‘ਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ ਇਸ ਤੋਂ ਬਿਨਾ ਸਨਅਤ ਦੀ ਦੇਣ ਸਾਰੇ ਰਸਾਇਨ ਜਿਨ੍ਹਾਂ ਦੀ ਵਧਦੀ ਮਾਤਰਾ ਸਾਡੇ ਜੀਵਨ ‘ਚ ਘੁਸ ਚੁੱਕੀ ਹੈ ਹਵਾ ‘ਚ ਵਧ ਰਹੇ ਬੇਲੋੜੇ ਧੂੰਏਂ ਤੇ ਗੈਸਾਂ ਕਾਰਨ ਅੱਜ ਮਨੁੱਖ ਕੈਂਸਰ ਤੇ ਦਮੇ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਓਜੋਨ ਲਈ ਖਤਰਾ
ਵਧ ਰਹੇ ਪ੍ਰਦੂਸ਼ਣ ਕਾਰਨ ਧਰਤੀ ਦੇ ਦੁਆਲੇ ਕਵਚ ਦਾ ਕੰਮ ਕਰ ਰਹੀ ਓਜੋਨ ਪਰਤ ‘ਚ ਸੁਰਾਖ ਹੋ ਰਿਹਾ ਹੈ ਇਹ ਸੂਰਜ ਤੋਂ ਆ ਰਹੀਆਂ ਪਰਾਵੈਂਗਣੀ ਤੇ ਹਾਨੀਕਾਰਕ ਕਿਰਨਾਂ ਨੂੰ ਰੋਕਦੀ ਹੈ ਜਿਨ੍ਹਾਂ ਦੇ ਧਰਤੀ ‘ਤੇ ਪਹੁੰਚਣ ਕਾਰਨ ਸਾਨੂੰ ਬਹੁਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਵਿਗਿਆਨੀਆਂ ਅਨੁਸਾਰ ਓਜੋਨ ਪਰਤ ਘਟ ਰਹੀ ਹੈ ਤੇ ਉਸ ਵਿੱਚ ਛੇਕ ਹੋ ਰਹੇ ਹਨ ਜਿਨ੍ਹਾਂ ਦੇ ਹੋਣ ਦਾ ਕਾਰਨ ਕਲੋਰੋਫਲੋਰੋ ਕਾਰਬਨ ਤੇ ਰਸਾਇਣ ਪਦਾਰਥਾਂ ਦੀ ਵਧ ਰਹੀਂ ਵਰਤੋਂ ਤੋਂ ਇਲਾਵਾ ਪੈਟਰੋਲ, ਡੀਜਲ, ਕੋਲੇ ਬਾਲਣ ਦੀ ਵਧ ਰਹੀ ਮਾਤਰਾ ਵੀ ਹੈ।
ਜਲ ਪ੍ਰਦੂਸ਼ਣ
ਧਰਤੀ ‘ਤੇ 70 ਫੀਸਦੀ ਪਾਣੀ ਮੌਜੂਦ ਹੈ ਜੋ ਸਾਡੇ ਜੀਵਨ ਦਾ ਅੰਗ ਹੈ ਪਰ ਅੱਜ ਪਾਣੀ ਨੂੰ ਪ੍ਰਦੂਸ਼ਤ ਕਰਨ ‘ਚ ਵੀ ਫੈਕਟਰੀਆਂ ਤੇ ਕਾਰਖਾਨਿਆ ਦੇ ਫੋਕਟਾਂ ਤੋਂ ਇਲਾਵਾ ਸ਼ਹਿਰੀ ਸੀਵਰੇਜ ਤੇ ਫਸਲਾਂ ‘ਤੇ ਪਾਏ ਜਾਂਦੇ ਕੀਟਨਾਸ਼ਕ ਵੀ ਸਹਾਇਕ ਬਣ ਰਹੇ ਹਨ ਮਨੁੱਖ ਦੀਆਂ ਗਲਤੀਆਂ ਨੇ ਪਾਣੀ ਦੂਸ਼ਿਤ ਤਾਂ ਕੀਤਾ ਹੀ ਪਾਣੀ ਦੀ ਅਥਾਹ ਵਰਤੋਂ ਕਾਰਨ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਜਲ ਪ੍ਰਦੂਸ਼ਣ ਰੋਕਣ ਵਾਲੇ ਸਭ ਕਾਨੂੰਨ ਅੱਜ ਫੇਲ੍ਹ ਹੋ ਰਹੇ ਹਨ ਸਭ ਨਦੀਆਂ ਤੇ ਸਮੁੰਦਰ ਵੀ ਪ੍ਰਦੂਸ਼ਣ ਦੀ ਭੇਂਟ ਚੜ੍ਹ ਚੁੱਕੇ ਹਨ ਦੁਖਾਂਤ ਦੀ ਗੱਲ ਇਹ ਹੈ ਕਿ ਪ੍ਰਦੂਸ਼ਣ ਤੇ ਵਾਤਾਵਰਣ ਸੰਭਾਲ ਸੰਬੰਧੀ ਸੰਸਾਰ ਦੇ ਵੱਖ-ਵੱਖ ਸੰਗਠਨਾਂ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜੇ ਇਵੇਂ ਹੀ ਚਲਦਾ ਰਿਹਾ ਤਾਂ ਸਾਡੀ ਰਹਿੰਦੀ ਧਰਤੀ ਵੀ ਪਾਣੀ ਦੀ ਕਮੀ ਕਾਰਨ ਮਾਰੂਥਲ ਬਣ ਜਾਵੇਗੀ।
ਭੂਮੀ ਪ੍ਰਦੂਸ਼ਣ
ਪੂਰੀ ਪ੍ਰਿਥਵੀ ‘ਤੇ 1/4 ਹਿੱਸਾ ਜ਼ਮੀਨ ਹੈ ਜਿਸ ਵਿੱਚੋਂ ਅੱਧੀ ਤੋਂ ਵੀ ਜ਼ਿਆਦਾ ਪਹਾੜਾਂ, ਜੰਗਲਾਂ ਅਤੇ ਮਾਰੂਥਲਾਂ ਦੇ ਕਬਜ਼ੇ ਹੇਠ ਹੈ ਤੇ ਬਹੁਤ ਥੋੜ੍ਹੀ ਭੂਮੀ ਹੈ ਜੋ ਜਰਖੇਜ਼ ਤੇ ਰਹਿਣਯੋਗ ਹੈ ਜਿਸ ਵਿੱਚੋਂ ਅੱਧੀ ਨੂੰ ਅਸੀਂ ਆਪਣੀ ਗਲਤੀ ਨਾਲ ਦੂਸ਼ਿਤ ਕਰ ਰਹੇ ਹਾਂ ਸਾਡੇ ਵੱਲੋਂ ਥਾਂ-ਥਾਂ ਸੁੱਟੇ ਜਾਂਦੇ ਕੂੜੇ ਕਰਕਟ, ਮਲ ਮੂਤਰ, ਗਲੇ ਸੜੇ ਪਦਾਰਥ ਜੋ ਕਿ ਸਾਡੀ ਮਿੱਟੀ ‘ਚ ਮਿਲ ਕੇ ਉਸਦੀ ਉਪਜਾਊ ਸ਼ਕਤੀ ਖਤਮ ਕਰ ਰਹੇ ਹਨ ਜੰਗਲਾਂ ਦੀ ਕਟਾਈ ਦਾ ਵਾਤਾਵਰਨ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਰਾਜਾਂ ਦੇ ਪੁਨਰਗਠਨ ਸਦਕਾ ਸਾਡੇ ਪੰਜਾਬ ਦੇ ਬਹੁਤ ਜੰਗਲ ਨਸ਼ਟ ਹੋ ਗਏ ਹਨ।
ਵਾਤਾਵਰਨ ਅਨੁਸਾਰ ਦੇਸ਼ ਦੇ ਪੂਰਨ ਰਕਬੇ ਦਾ ਲਗਭਗ 33 ਫੀਸਦੀ ਤੋਂ ਵੀ ਵੱਧ ਹਿੱਸਾ ਵਣਾਂ ਨੂੰ ਚਾਹੀਦਾ ਹੈ ਪਰ ਭਾਰਤ ‘ਚ ਤਾਂ ਸਿਰਫ਼ ਕੁਝ ਕੁ ਹੈਕਟੇਅਰ ਹੀ ਜੰਗਲ ਬਚੇ ਹਨ ਨਿਰੰਤਰ ਹੁੰਦੇ ਸ਼ਹਿਰੀਕਰਨ ਤੇ ਉਦਯੋਗੀਕਰਨ ਨੇ ਸਾਡੇ ਜੰਗਲਾਂ ਨੂੰ ਸ਼ਹਿਰਾਂ ਦਾ ਰੂਪ ਦੇ ਦਿੱਤਾ ਹੈ ਦਰਖਤਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਨ ਮੀਂਹ ਦੀ ਮਾਤਰਾ ‘ਚ ਵੀ ਕਮੀ ਆਈ ਹੈ ਦਰੱਖਤਾਂ ਦੀ ਕਮੀ ਕਾਰਨ ਵਾਯੂਮੰਡਲ ‘ਚ ਕਾਰਬਨ ਡਾਈ ਆਕਸਾਈਡ ਤੇ ਹੋਰ ਮਾਰੂ ਗੈਸਾਂ ਦੀ ਮਾਤਰਾ ਵਧ ਰਹੀ ਹੈ ਦਰੱਖਤਾਂ ਦੀ ਭਰਮਾਰ ਹੀ ਤਾਪਮਾਨ ਨੂੰ ਸਥਿਰ ਰੱਖਣ ‘ਚ ਸਹਾਈ ਹੁੰਦੀ ਹੈ ਵਧ ਰਹੀ ਜੰਗਲਾਂ ਦੀ ਕਟਾਈ ਤੋਂ ਕਿਆਸ ਲਾ ਕੇ ਕੈਨੇਡਾ ਦੇ ਨਟਾਰੀਓ ਸਾਇੰਸ ਸੈਂਟਰ ਵੱਲੋਂ 2050 ਤੋਂ ਬਾਦ ਧਰਤੀ ਦੇ ਨਕਸ਼ੇ ਤੇ ਹਰਿਆਲੀ ਦੇ ਖਤਮ ਹੋਣ ਦੇ ਆਸਾਰ ਦੱਸੇ ਗਏ ਹਨ।
ਆਵਾਜ਼ ਪ੍ਰਦੂਸ਼ਣ
ਸਾਡੇ ਸ਼ਾਂਤ ਵਾਤਾਵਰਨ ਵਿੱਚ ਚਾਰੇ ਪਾਸੇ ਤੋਂ ਸ਼ੋਰ-ਸ਼ਰਾਬੇ ਕਾਰਨ ਆਵਾਜ਼ ਪ੍ਰਦੂਸ਼ਣ ‘ਚ ਨਿਰੰਤਰ ਵਾਧਾ ਹੋ ਰਿਹਾ ਹੈ ਖੁਸ਼ੀ, ਗਮੀ ਦੇ ਰੌਲੇ-ਰੱਪੇ ਤੋਂ ਇਲਾਵਾ ਕਾਰਖਾਨਿਆਂ, ਫੈਕਟਰੀਆਂ ‘ਚ ਨਿੱਕਲਣ ਵਾਲੀ ਉੱਚੀ ਆਵਾਜ਼ ਸਾਡੇ ਵਾਤਾਵਰਨ ਦੇ ਨਾਲ ਹੀ ਸਾਡੀ ਸਿਹਤ ਲਈ ਵੀ ਹਾਨੀਕਾਰਕ ਸਿੱਧ ਹੋ ਰਹੀ ਹੈ ਵਧ ਰਹੀ ਆਵਾਜ਼ ਜਿੱਥੇ ਸਾਡੀ ਸੁਣਨ ਸ਼ਕਤੀ ‘ਤੇ ਪ੍ਰਭਾਵ ਪਾਉਂਦੀ ਹੈ ਨਾਲ ਹੀ ਸਾਡੀ ਦਿਮਾਗੀ ਸ਼ਕਤੀ ਨੂੰ ਵੀ ਨਸ਼ਟ ਕਰਦੀ ਹੈ।
ਵਿਗਿਆਨ ਵੱਲੋਂ ਸਿਹਤ ਦੇ ਨੁਕਸਾਨ ਲਈ ਆਵਾਜ਼ ਦੀ ਹੱਦ 130 ਡੈਸੀਬਲ ਮਿੱਥੀ ਗਈ ਹੈ ਕਾਰਾਂ ਗੱਡੀਆਂ ਤੇ ਘਰਾਂ ਅੰਦਰ ਵਰਤੇ ਜਾਂਦੇ ਸਾਧਨਾਂ ਦੀ ਹੱਦੋਂ ਵੱਧ ਆਵਾਜ਼ ਪੈਦਾ ਹੁੰਦੀ ਹੈ ਜੋਕਿ ਸਾਡੇ ਲਈ ਖਤਰਨਾਕ ਸਿੱਧ ਹੁੰਦੀ ਹੈ ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ਅਨੁਸਾਰ ਆਵਾਜ਼ ਪ੍ਰਦੂਸ਼ਣ ਮਨੁੱਖਾਂ ਦੀ ਮਾਨਸਿਕ ਸ਼ਕਤੀ ਖਤਮ ਕਰਨ ਵਿੱਚ ਵੀ ਸਹਾਇਕ ਸਿੱਧ ਹੋ ਰਿਹਾ ਹੈ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਅੱਜ ਹਰ ਇਨਸਾਨ ਨੂੰ ਨਜਿੱਠਣ ਦੀ ਲੋੜ ਹੈ।
ਜੇ ਅਸੀਂ ਆਪਣੀ ਪ੍ਰਿਥਵੀ ‘ਤੇ ਜੀਵਨ ਦੀ ਹੋਂਦ ਬਰਕਾਰ ਰੱਖਣ ਲਈ ਜਲ , ਆਵਾਜ਼, ਹਵਾ, ਭੂਮੀ ਪ੍ਰਦੂਸ਼ਣ ਆਦਿ ਨੂੰ ਰੋਕਣ ਲਈ ਕੋਈ ਕਦਮ ਨਾ ਚੁੱਕੇ ਤਾਂ ਸਾਡਾ ਵਜੂਦ ਵੀ ਪ੍ਰਦੂਸ਼ਣ ਦੀ ਭੇਂਟ ਚੜ੍ਹ ਜਾਵੇਗਾ ਸੋ ਲੋੜ ਹੈ ਅੱਜ ਪ੍ਰਸ਼ਾਸਨ ਦੇ ਨਾਲ-ਨਾਲ ਹਰ ਇੱਕ ਇਨਸਾਨ ਨੂੰ ਵਧ ਰਹੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਨਾਲ ਲੜਨ ਲਈ ਹੰਭਲਾ ਮਾਰਨ ਦੀ ਤੇ ਸਾਡੀ ਧਰਤੀ ਨੂੰ ਪ੍ਰਦੂਸ਼ਣ ਰਹਿਤ ਤੇ ਹਰਿਆ- ਭਰਿਆ ਕਰਨ ਦੀ ਜੇ ਅਸੀਂ ਅੱਜ ਵੀ ਕੋਈ ਕਦਮ ਨਾ ਚੁੱਕਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਅਣਗਹਿਲੀ ਦੀ ਮਾਰ ਝੱਲਣੀ ਪਵੇਗੀ।