ਅਧਿਆਪਕ ਦੀ ਉਸਾਰੂ ਭੂਮਿਕਾ ਤੋਂ ਬਿਨਾਂ ਸਮਾਜਿਕ ਤਰੱਕੀ ਦੀ ਕਲਪਨਾ ਅਸੰਭਵ
ਸੰਸਾਰ ਦੇ ਹਰ ਸਮਾਜ ਦੀ ਉਸਾਰੀ ਵਿੱਚ ਅਧਿਆਪਕ ਦਾ ਯੋਗਦਾਨ ਵਿਲੱਖਣ ਅਤੇ ਵਿਸ਼ਾਲ ਹੈ। ਅਧਿਆਪਕ ਦੀ ਭੁਮਿਕਾ ਤੋਂ ਬਿਨਾਂ ਆਦਰਸ਼ ਸਮਾਜ ਦੇ ਨਿਰਮਾਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਸਮਾਜ ਦੀ ਦਸ਼ਾ ਅਤੇ ਦਿਸ਼ਾ ਦਾ ਅੰਦਾਜ਼ਾ ਉਸਦੇ ਅਧਿਆਪਕਾਂ ਦੀ ਸ਼ਖਸੀਅਤ ਦੇ ਨਾਲ-ਨਾਲ ਉਸ ਸਮਾਜ ਵੱਲੋਂ ਅਧਿਆਪਕ ਨੂੰ ਦਿੱਤੇ ਜਾ ਰਹੇ ਮਾਣ-ਸਤਿਕਾਰ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਹਰ ਸਮਾਜ ਦਾ ਭਵਿੱਖ ਉਸਦੇ ਬੱਚੇ ਹੁੰਦੇ ਹਨ ਤੇ ਬੱਚਿਆਂ ਦਾ ਚਰਿੱਤਰ ਨਿਰਮਾਣ ਅਧਿਆਪਕ ਨੇ ਹੀ ਕਰਨਾ ਹੁੰਦਾ ਹੈ। ਅਧਿਆਪਕ ਦੀ ਸ਼ਖਸੀਅਤ ਦੇ ਗੁਣ ਅਤੇ ਔਗੁਣ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਬਾਖੂਬੀ ਪ੍ਰਭਾਵਿਤ ਕਰਦੇ ਹਨ।
ਅਧਿਆਪਕ ਦੇ ਅੁਹਦੇ ਦੇ ਅਹਿਮ ਬਾਰੇ ਪੰਜਾਬ ਦੇ ਇੱਕ ਆਈਏਐਸ ਅਧਿਕਾਰੀ ਦੇ ਸ਼ਬਦ ਸਾਂਝੇ ਕਰਨੇ ਚਾਹਾਂਗਾ, ਮੈਂ ਤੇ ਮੇਰੀ ਪਤਨੀ ਦੋਵੇਂ ਆਈਏਐਸ ਅਧਿਕਾਰੀ ਹਾਂ। ਨਰਸਰੀ ਵਿੱਚ ਪੜ੍ਹਦੀ ਸਾਡੀ ਬੇਟੀ ਹਮੇਸ਼ਾ ਹੀ ਸਾਡੀ ਗੱਲ ਨਾਲੋਂ ਆਪਣੀ ਟੀਚਰ ਦੀ ਗੱਲ ਨੂੰ ਜਿਆਦਾ ਮਹੱਤਵ ਦਿੰਦੀ ਹੈ। ਉਹ ਹਮੇਸ਼ਾ ਕਹਿੰਦੀ ਹੈ ਨਹੀਂ ਮੰਮੀ ਡੈਡੀ ਮੇਰੀ ਟੀਚਰ ਨੇ ਇਉਂ ਕਿਹਾ ਹੈ ਤੇ ਇਹ ਹੀ ਸਹੀ ਹੈ। ਅਧਿਆਪਕ ਦੇ ਅਹੁਦੇ ਦਾ ਅਹਿਮ ਇਸ ਗੱਲ ਤੋਂ ਵੀ ਜਾਣਿਆ ਜਾ ਸਕਦਾ ਹੈ ਕਿ ਦੁਨੀਆਂ ਦੇ ਹਰ ਮੁਲਕ ‘ਚ ਅਧਿਆਪਕ ਦਾ ਅਹੁਦਾ ਮੌਜ਼ੂਦ ਹੈ ਅਤੇ ਇਸ ਅਹੁਦੇ ਨੂੰ ਮਾਣ-ਸਤਿਕਾਰ ਦੇਣ ਲਈ ਹਰ ਮੁਲਕ ‘ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।
ਸਾਡੇ ਮੁਲਕ ‘ਚ ਆਜ਼ਾਦ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਸਮਾਗਮ ਕਰਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਵੀ ਇਸ ਦਿਨ ਅਧਿਆਪਕਾਂ ਨੂੰ ਸੂਬਾਈ ਤੇ ਕੌਮੀ ਪੱਧਰ ਦੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਡਾ. ਕ੍ਰਿਸ਼ਨਨ ਇੱਕ ਦਾਰਸ਼ਨਿਕ, ਲੇਖਕ, ਚਿੰਤਕ ਅਤੇ ਅਧਿਆਪਕ ਸਨ।
ਪਰ ਉਨ੍ਹਾਂ ਦੇ ਆਪਣੇ ਸ਼ਬਦਾਂ ਅਨੁਸਾਰ ਸਮਾਜ ਦੇ ਬਾਕੀ ਸਾਰੇ ਅਹੁਦੇ ਅਧਿਆਪਕ ਦੇ ਆਹੁਦੇ ਤੋਂ ਨੀਵੇਂ ਹਨ। ਬਾਕੀ ਸਾਰੇ ਅਹੁਦਿਆਂ ਦਾ ਜਨਮਦਾਤਾ ਅਧਿਆਪਕ ਹੀ ਹੈ। ਅਧਿਆਪਕ ਤੋਂ ਬਿਨਾਂ ਹੋਰ ਕਿਸੇ ਅਹੁਦੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਸਮਾਜ ਦਾ ਕੋਈ ਅਜਿਹਾ ਵਿਅਕਤੀ ਨਹੀਂ ਹੋਵੇਗਾ ਜੋ ਅਧਿਆਪਕ ਦੀ ਭੂਮਿਕਾ ਤੋਂ ਬਿਨਾਂ ਆਪਣੇ ਅਹੁਦੇ ਦੀ ਪ੍ਰਾਪਤੀ ਦਾ ਦਾਅਵਾ ਕਰ ਸਕੇ। ਵਿਦਵਾਨਾਂ ਵੱਲੋਂ ਅਧਿਆਪਕ ਦੀ ਤੁਲਨਾ ਉਸ ਮੋਮਬੱਤੀ ਨਾਲ ਕੀਤੀ ਜਾਂਦੀ ਹੈ ਜਿਹੜੀ ਖੁਦ ਬਲ਼ ਕੇ ਦੂਜਿਆਂ ਲਈ ਰੌਸ਼ਨੀ ਦਾ ਸਬੱਬ ਬਣਦੀ ਹੈ।
ਆਧੁਨਿਕ ਸਮੇਂ ‘ਚ ਸਮਾਜਿਕ ਪ੍ਰਸਥਿਤੀਆਂ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀਆਂ ਹਨ। ਸਮੁੱਚਾ ਵਿਸ਼ਵ ਇੱਕ ਸਮਾਜ ਬਣਦਾ ਜਾ ਰਿਹਾ ਹੈ। ਕਿਸੇ ਸਮੇਂ ਬੱਚਿਆਂ ਨੂੰ ਮੋਬਾਈਲ ਤੇ ਇੰਟਰਨੈੱਟ ਤੋਂ ਦੂਰ ਰੱਖਣ ਦੀਆਂ ਗੱਲਾਂ ਕਰਨ ਵਾਲੇ ਮਾਪੇ ਖੁਦ ਬੱਚਿਆਂ ਨੂੰ ਇਨ੍ਹਾਂ ਦਾ ਇਸਤੇਮਾਲ ਕਰਨ ਲਈ ਕਹਿਣ ‘ਤੇ ਮਜਬੂਰ ਹਨ। ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਤਾਂ ਵਿੱਦਿਅਕ ਢਾਂਚਾ ਇੱਕ ਤਰ੍ਹਾਂ ਇੰਟਰਨੈੱਟ ਦਾ ਮੁਹਤਾਜ਼ ਹੋ ਕੇ ਰਹਿ ਗਿਆ ਹੈ।
ਇੰਟਰਨੈੱਟ ਦੇ ਕਲਾਵੇ ‘ਚ ਆ ਰਹੀ ਦੁਨੀਆਂ ਦੇ ਦੌਰ ‘ਚ ਇੱਕ ਪਿੰਡ ਵਿੱਚ ਬੈਠਾ ਵਿਦਿਆਰਥੀ ਵਿਕਸਿਤ ਮੁਲਕਾਂ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਪੜ੍ਹਾਈ ਕਰ ਰਿਹਾ ਹੈ। ਇੰਟਰਨੈੱਟ ਦੀ ਵਿਸ਼ਾਲ ਦੁਨੀਆਂ ‘ਚ ਵਿਦਿਆਰਥੀ ਵਰਗ ਦੇ ਭਟਕਣ ਦੀਆਂ ਸੰਭਾਵਨਾਵਾਂ ਸਿੱਧੇ ਰਸਤੇ ਤੁਰਨ ਨਾਲੋਂ ਕਈ ਗੁਣਾ ਜਿਆਦਾ ਵਧ ਜਾਂਦੀਆਂ ਹਨ। ਭਟਕੇ ਹੋਏ ਨੌਜਵਾਨਾਂ ਵਾਲੇ ਸਮਾਜ ਦੀਆਂ ਪ੍ਰਸਥਿਤੀਆਂ ਦਾ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਹੋਣਾ ਸੁਭਾਵਿਕ ਹੈ।
ਸਮਾਜ ਦੀਆਂ ਬਦਲਦੀਆਂ ਪ੍ਰਸਤਿਥੀਆਂ ‘ਚ ਅਧਿਆਪਕ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਇਹ ਕਹਿਣਾ ਗਲਤ ਨਹੀਂ ਕਿ ਮੌਜ਼ੂਦਾ ਪ੍ਰਸਥਿਤੀਆਂ ‘ਚ ਅਧਿਆਪਕ ਦੀ ਭੂਮਿਕਾ ਮਾਪਿਆਂ ਤੋਂ ਵੀ ਮਹੱਤਵਪੂਰਨ ਹੈ। ਇੰਟਰਨੈੱਟ ਦੀ ਵਿਸ਼ਾਲ ਦੁਨੀਆਂ ‘ਚ ਵਿਦਿਆਰਥੀ ਨੂੰ ਸਹੀ ਮਾਰਗ ‘ਤੇ ਤੋਰਨ ਦਾ ਕਾਰਜ ਸਿਰਫ ਤੇ ਸਿਰਫ ਅਧਿਆਪਕ ਹੀ ਕਰ ਸਕਦਾ ਹੈ। ਅਧਿਆਪਕ ਹੀ ਵਿਦਿਆਰਥੀ ਨੂੰ ਇੰਟਰਨੈੱਟ ਦੇ ਵਿਸ਼ਾਲ ਸਮੁੰਦਰ ਵਿੱਚੋਂ ਹੰਸ ਚੋਗ ਦਾ ਵੱਲ ਸਿਖਾ ਸਕਦਾ ਹੈ।
ਗੱਲ ਇੰਟਰਨੈੱਟ ਦੇ ਇਸਤੇਮਾਲ ਤੱਕ ਹੀ ਸੀਮਤ ਨਹੀਂ ਜਿੰਦਗੀ ਦੇ ਹਰ ਖੇਤਰ ਵਿੱਚ ਇੱਕ ਅਧਿਆਪਕ ਹੀ ਵਿਦਿਆਰਥੀ ਨੂੰ ਚੰਗੇ- ਮਾੜੇ ਦਾ ਅੰਤਰ ਕਰਨ ਦੇ ਸਮਰੱਥ ਬਣਾ ਸਕਦਾ ਹੈ। ਸਮਾਜ ਵਿੱਚ ਮਿਲਜੁਲ ਕੇ ਆਪਸੀ ਭਾਈਚਾਰੇ ਨਾਲ ਰਹਿਣ ਦਾ ਵੱਲ ਅਧਿਆਪਕ ਹੀ ਸਿਖਾ ਸਕਦਾ ਹੈ। ਵਿਦਿਆਰਥੀ ਨੂੰ ਆਤਮ ਵਿਸ਼ਵਾਸ ਤੇ ਸਹਿਣਸ਼ੀਲਤਾ ਜਿਹੇ ਗੁਣਾਂ ਦਾ ਧਾਰਨੀ ਅਧਿਆਪਕ ਹੀ ਬਣਾ ਸਕਦਾ ਹੈ। ਨਸ਼ਿਆਂ ਦੇ ਦਲਦਲੀ ਸੰਸਾਰ ਬਾਰੇ ਅਧਿਆਪਕ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰ ਸਕਦਾ ਹੈ।
ਵਿਦਿਆਰਥੀਆਂ ਨੂੰ ਚੰਗੇ ਗੁਣਾਂ ਦਾ ਧਾਰਨੀ ਬਣਾਉਣ ਤੋਂ ਪਹਿਲਾਂ ਅਧਿਆਪਕ ਨੂੰ ਖੁਦ ਉਨ੍ਹਾਂ ਗੁਣਾਂ ਦਾ ਧਾਰਨੀ ਹੋਣਾ ਬੇਹੱਦ ਜਰੂਰੀ ਹੈ। ਚੰਗੇ ਅਧਿਆਪਕ ਦੇ ਵਿਦਿਆਰਥੀ ਕਦੇ ਵੀ ਸਮਾਜ ਲਈ ਚੁਣੌਤੀ ਨਹੀਂ ਬਣਦੇ। ਅਜੋਕੇ ਸਮੇਂ ਦੀ ਕੌੜੀ ਹਕੀਕਤ ਹੈ ਕਿ ਬਹੁਤ ਸਾਰੇ ਅਧਿਆਪਕ ਖੁਦ ਹੀ ਬੁਰਾਈਆਂ ਦਾ ਸ਼ਿਕਾਰ ਹੋ ਰਹੇ ਹਨ। ਬੇਰੁਜ਼ਗਾਰੀ ਦੇ ਦੌਰ ਨੇ ਅਧਿਆਪਨ ਨਾਲ ਰੂਹ ਤੋਂ ਨਾ ਜੁੜੇ ਵਿਅਕਤੀਆਂ ਦੀ ਬਤੌਰ ਅਧਿਆਪਕ ਘੁਸਪੈਠ ਕਰਵਾ ਦਿੱਤੀ ਹੈ।
ਅਧਿਆਪਕ ਤੇ ਵਿਦਿਆਰਥੀਆਂ ਦੇ ਰਿਸ਼ਤੇ ‘ਚ ਪੈ ਰਹੀ ਦਰਾੜ ਦਾ ਸ਼ਾਇਦ ਇਹ ਸਭ ਤੋਂ ਪ੍ਰਮੁੱਖ ਕਾਰਨ ਹੈ। ਅਧਿਆਪਕ ਤੇ ਵਿਦਿਆਰਥੀਆਂ ਦੇ ਰਿਸ਼ਤੇ ਵਿੱਚੋਂ ਅਪਣੱਤ ਅਲੋਪ ਹੋ ਰਹੀ ਹੈ। ਅਧਿਆਪਕ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਸਿਰਫ ਸਿੱਖਿਆ ਦੇ ਆਦਾਨ-ਪ੍ਰਦਾਨ ‘ਤੇ ਟਿਕਦਾ ਪ੍ਰਤੀਤ ਹੋ ਰਿਹਾ ਹੈ। ਦੋਵੇਂ ਧਿਰਾਂ ਨੂੰ ਇੱਕ-ਦੂਜੇ ਦੀਆਂ ਮਾਨਸਿਕ ਸਥਿਤੀਆਂ ਨਾਲ ਕੋਈ ਲਗਾਅ ਨਹੀਂ ਜਾਪਦਾ। ਵਿਦਿਆਰਥੀ ਨੂੰ ਬੁੱਕਲ ਵਿੱਚ ਲੈ ਕੇ ਸਕੂਲ ਨਾ ਆਉਣ ਜਾਂ ਸਕੂਲ ਦਾ ਕੰਮ ਨਾ ਕਰਨ ਬਾਰੇ ਪੁੱਛਣ ਵਾਲੇ ਅਧਿਆਪਕਾਂ ਦੀ ਗਿਣਤੀ ਆਟੇ ‘ਚ ਲੂਣ ਬਰਾਬਰ ਰਹਿ ਗਈ ਹੈ।
ਅਧਿਆਪਕ ਦਿਵਸ ਮੌਕੇ ਸਰਕਾਰਾਂ ਸਮੇਤ ਤਮਾਮ ਵਿੱਦਿਅਕ ਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਕਰਵਾਏ ਜਾਂਦੇ ਹਨ। ਪਰ ਅਧਿਆਪਕ ਦਿਵਸ ਮਨਾਉਣ ਦਾ ਮਨੋਰਥ ਸਿਰਫ ਚੋਣਵੇਂ ਅਧਿਆਪਕਾਂ ਨੂੰ ਸਨਮਾਨ ਦੇਣ ਨਾਲ ਪੂਰਾ ਨਹੀਂ ਹੋ ਜਾਂਦਾ। ਇਹ ਦਿਵਸ ਤਾਂ ਅਸਲ ਵਿੱਚ ਸਵੈ-ਪੜਚੋਲ ਦਾ ਦਿਨ ਹੈ। ਅਧਿਆਪਕ ਲਈ ਸੋਚਣ ਦਾ ਦਿਨ ਹੈ ਕਿ ਉਹ ਆਦਰਸ਼ ਸ਼ਖਸੀਅਤ ਦਾ ਮਾਲਕ ਹੋ ਕੇ ਆਦਰਸ਼ ਸਮਾਜ ਦੀ ਉਸਾਰੀ ਵਿੱਚ ਕਿੰਨਾ ਕੁ ਯੋਗਦਾਨ ਪਾ ਰਿਹੈ?
ਇੱਕ ਵਿਦਿਆਰਥੀ ਲਈ ਪੜਚੋਲ ਦਾ ਦਿਨ ਹੈ ਕਿ ਉਸ ਦੀ ਜਿੰਦਗੀ ਨੂੰ ਹੀਰੇ ਵਾਂਗ ਤਰਾਸ਼ਣ ਵਾਲੇ ਅਧਿਆਪਕ ਪ੍ਰਤੀ ਉਸਦੇ ਮਨ ਵਿੱਚ ਕਿੰਨਾ ਕੁ ਸਤਿਕਾਰ ਹੈ? ਸਮਾਜ ਲਈ ਸੋਚਣ ਦਾ ਦਿਨ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਮਾਪਿਆਂ ਨਾਲੋਂ ਵੀ ਵੱਧ ਪਿਆਰਨ ਅਤੇ ਦੁਲਾਰਨ ਵਾਲੇ ਅਧਿਆਪਕ ਵਰਗ ਪ੍ਰਤੀ ਉਨ੍ਹਾਂ ਦੇ ਮਨਾਂ ਵਿੱਚ ਕਿੰਨਾ ਕੁ ਸਤਿਕਾਰ ਹੈ? ਸਰਕਾਰਾਂ ਲਈ ਵਿਚਾਰਨ ਦਾ ਦਿਨ ਹੈ ਕਿ ਕਿਤੇ ਉਨ੍ਹਾਂ ਦੀਆਂ ਨੀਤੀਆਂ ਅਧਿਆਪਕਾਂ ਦੇ ਮਾਨਸਿਕ ਸ਼ੋਸ਼ਣ ਦਾ ਸਬੱਬ ਤਾਂ ਨਹੀਂ ਬਣ ਰਹੀਆਂ? ਇੱਕ ਗੱਲ ਬੜੀ ਸਾਫ ਤੇ ਸਪੱਸ਼ਟ ਹੈ ਕਿ ਅਧਿਆਪਕ ਦਾ ਸਨਮਾਨ ਕਰਨ ਵਾਲੇ ਸਮਾਜਾਂ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।
ਬਿੰਦਰ ਸਿੰਘ ਖੁੱਡੀ ਕਲਾਂ
ਮੋ. 98786-05965
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.