ਪੜ੍ਹਾਈ ਦਾ ਪੱਧਰ ਕਾਇਮ ਰੱਖਣਾ ਜ਼ਰੂਰੀ
ਕੋਵਿਡ-19 ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਸਰਕਾਰਾਂ ਤੇ ਸਮਾਜ ਨੂੰ ਜਾਗਰੂਕ ਰਹਿਣਾ ਪਵੇਗਾ ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਸ਼ਾਨਦਾਰ ਆਏ ਹਨ ਖਾਸ ਕਰਕੇ ਪੰਜਾਬ ਸਰਕਾਰ ਤਾਂ ਸਰਕਾਰੀ ਸਕੂਲਾਂ ਦੀ ਸਥਿਤੀ ਨਿੱਜੀ ਸਕੂਲਾਂ ਨਾਲੋਂ ਵੀ ਬਿਹਤਰ ਦੱਸ ਰਹੀ ਹੈ ਪਰ ਨਤੀਜਿਆਂ ‘ਚ ਪ੍ਰੀਖਿਆਵਾਂ ਦੇ ਮੁਲਾਂਕਣ ਲਈ ਔਸਤ ਕੱਢਣ ਦਾ ਫ਼ਾਰਮੂਲਾ ਵੀ ਵਰਤਿਆ ਗਿਆ ਹੈ ਜਿਹੜੇ ਪੇਪਰ ਨਹੀਂ ਲਏ ਗਏ, ਉਹਨਾਂ ਦੇ ਅੰਕ ਲਏ ਗਏ ਪੇਪਰਾਂ ਦੀ ਔਸਤ ਰਾਹੀਂ ਲਾਏ ਗਏ ਹਨ ਗੱਲ ਸਿਰਫ਼ ਅੰਕਾਂ ਦੀ ਨਹੀਂ ਤੇ ਨਾ ਹੀ ਸਿਰਫ਼ ਅੰਕ ਹੀ ਪੜ੍ਹਾਈ ਹਨ ਸਗੋਂ ਮਹੱਤਵ ਗਿਆਨ ਦਾ ਹੈ,
ਜਿਸ ਦੀ ਪ੍ਰਾਪਤੀ ਲਈ ਸੁਚੱਜਾ ਮਾਹੌਲ ਜ਼ਰੂਰੀ ਹੁੰਦਾ ਹੈ ਦਰਅਸਲ ਲਾਕਡਾਊਨ ‘ਚ ਸਕੂਲਾਂ ਨੂੰ ਬੰਦ ਰੱਖਣਾ ਮਜ਼ਬੂਰੀ ਹੈ ਬੱਚਿਆਂ ਦੀ ਸਿਹਤ ਦਾਅ ‘ਤੇ ਨਹੀਂ ਲਾਈ ਜਾ ਸਕਦੀ ਇਹਨਾਂ ਹਾਲਾਤਾਂ ‘ਚ ਖਾਸ ਕਰਕੇ ਨਿੱਜੀ ਸਕੂਲਾਂ ਨੇ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਹੈ ਜਿਸ ਵਿੱਚ ਅਧਿਆਪਨ ਦੇ ਨਾਲ-ਨਾਲ ਟੈਸਟ ਦਾ ਵੀ ਪ੍ਰਬੰਧ ਹੈ ਸਰਕਾਰੀ ਸਕੂਲਾਂ ਨੇ ਵੀ ਕੁਝ ਹੱਦ ਤੱਕ ਯਤਨ ਕੀਤੇ ਹਨ ਭਾਵੇਂ ਆਨਲਾਈਨ ਸਿੱਖਿਆ ਅਧਿਆਪਕ-ਵਿਦਿਆਰਥੀਆਂ ਦੇ ਸਿੱਧੇ ਸੰਪਰਕ ਦਾ ਮੁਕਾਬਲਾ ਨਹੀਂ ਕਰਦੀ ਫ਼ਿਰ ਵੀ ਵਿਦਿਆਰਥੀਆਂ ਦਾ ਸਮਾਂ ਬਚਾਉਣ ਤੇ ਉਹਨਾਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਜ਼ਰੂਰੀ ਹੈ
ਇੱਥੇ ਇਸ ਗੱਲ ਪ੍ਰਤੀ ਵੀ ਸਰਕਾਰਾਂ ਤੇ ਸਮਾਜ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਕਿਧਰੇ ਲੰਮੇ ਲਾਕਡਾਊਨ ਕਾਰਨ ਵਿਦਿਆਰਥੀਆਂ ਦੇ ਗਿਆਨ ਦਾ ਪੱਧਰ ਕਮਜ਼ੋਰ ਨਾ ਪਵੇ ਆਨਲਾਈਨ ਸਿੱਖਿਆ ਦੀਆਂ ਕੁਝ ਹੱਦਾਂ ਹਨ ਬੱਚਿਆਂ ਦੇ ਮਾਪਿਆਂ ਨੂੰ ਸੁਚੇਤ ਰਹਿਣਾ ਪਵੇਗਾ ਕਿ ਉਹ ਬੱਚਿਆਂ ਦੇ ਗਿਆਨ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਘਰ ਅੰਦਰ ਪੂਰਾ ਮਾਹੌਲ ਦੇਣ ਇਸ ਮਾਮਲੇ ‘ਚ ਸਭ ਤੋਂ ਵੱਡੀ ਸਮੱਸਿਆ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਮਾਪਿਆਂ ਨੂੰ ਆ ਰਹੀ ਹੈ, ਜੋ ਕਿਸੇ ਨਾ ਕਿਸੇ ਤਰ੍ਹਾਂ ਬੱਚੇ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕਰ ਦਿੰਦੇ ਹਨ ਪਰ ਬੱਚੇ ਦੀ ਗ੍ਰਹਿਣ ਕਰਨ ਦੀ ਸ਼ਕਤੀ ਨੂੰ ਸਮਝਣ ‘ਚ ਅਣਜਾਣ ਰਹਿੰਦੇ ਹਨ
ਭਾਵੇਂ ਔਸਤ ਅੰਕ ਲਾਉਣ ਨਾਲ ਨਤੀਜੇ ਤਾਂ ਚੰਗੇ ਆ ਜਾਂਦੇ ਹਨ ਪਰ ਬੱਚੇ ਨੇ ਕੀ ਕੁਝ ਤੇ ਕਿੰਨਾ ਕੁ ਸਿੱਖਿਆ ਇਹ ਚੀਜਾਂ ਮਹੱਤਵ ਰੱਖਦੀਆਂ ਹਨ ਮਾਰਚ 2021 ਦੀਆਂ ਪ੍ਰੀਖਿਆਵਾਂ ਤੱਕ ਵਿਦਿਆਰਥੀ ਕਿੰਨਾ ਕੁ ਸਿੱਖ ਲੈਣਗੇ, ਇਹ ਚਿੰਤਾ ਦਾ ਵਿਸ਼ਾ ਹੈ ਲਾਕਡਾਊਨ ‘ਚ ਵਿਦਿਆਰਥੀ ਇਕੱਲਾ ਨਾ ਰਹਿ ਜਾਵੇ, ਜਾਂ ਲਾਕਡਾਊਨ ਵਿਦਿਆਰਥੀ ਦੇ ਬੌਧਿਕ ਵਿਕਾਸ ਨੂੰ ਨੁਕਸਾਨ ਨਾ ਪਹੁੰਚਾਵੇ, ਸਰਕਾਰਾਂ ਤੇ ਸਮਾਜ ਨੂੰ ਇਸ ਬਾਰੇ ਸੁਚੇਤ ਰਹਿ ਕੇ ਕੋਈ ਰਸਤਾ ਕੱਢਣ ਦੀ ਜ਼ਰੂਰਤ ਹੈ ਨਹੀਂ ਤਾਂ ਕੁਝ ਵੀ ਨਾ ਸਿੱਖ ਸਕੇ ਵਿਦਿਆਰਥੀ ਪਾਸ ਹੋ ਕੇ ਅਗਿਆਨਤਾ ਤੇ ਹੀਣ ਭਾਵਨਾ ਦੇ ਸ਼ਿਕਾਰ ਹੋਣਗੇ ਸਰਕਾਰਾਂ ਨੇ ਪੇਪਰ ਨਾ ਹੋਣ ਦਾ ਹੱਲ ਕੱਢ ਕੇ ਨਤੀਜੇ ਐਲਾਨ ਦਿੱਤੇ ਹਨ ਪਰ ਗਿਆਨ ਹਾਸਲ ਕਰ ਸਕਣਾ ਵਿਦਿਆਰਥੀ ‘ਤੇ ਨਿਰਭਰ ਹੋ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ