ਔਰਤਾਂ ਨਾਲ ਹੁੰਦਾ ਸ਼ੋਸ਼ਣ ਰੋਕਣਾ ਸਮਾਜ ਦਾ ਵੀ ਫਰਜ਼

ਔਰਤਾਂ ਨਾਲ ਹੁੰਦਾ ਸ਼ੋਸ਼ਣ ਰੋਕਣਾ ਸਮਾਜ ਦਾ ਵੀ ਫਰਜ਼

ਔਰਤਾਂ ਦੇ ਵਧ ਰਹੇ ਦਿਨੋ-ਦਿਨ ਸ਼ੋਸ਼ਣ ਦੀਆਂ ਘਟਨਾਵਾਂ ਅਸੀਂ ਰੋਜ ਹੀ ਦੇਖਦੇ-ਸੁਣਦੇ ਹਾਂ। ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਪ੍ਰਸ਼ਾਸਨ ਨਹੀਂ ਸਗੋਂ ਸਾਡੇ ਪੰਜਾਬੀ ਸਮਾਜ ਦੁਆਰਾ ਪੰਜਾਬੀਅਤ ਦੀ ਇੱਜਤ ਸਮਝ ਕੇ ਕੀਤੀ ਜਾਂਦੀ ਸੀ। ਔਰਤ ਦੀ ਸਥਿਤੀ ਪੁਰਾਣੇ ਪੰਜਾਬ ਵਿੱਚ ਕਿਤੇ ਸੁਰੱਖਿਅਤ ਸੀ। ਮੰਨਦੇ ਹਾਂ ਹਿੰਸਾ, ਦੰਗਿਆਂ ਵਿੱਚ ਔਰਤਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਪਰ ਇਹ ਦੇਣ ਸ਼ਰਾਰਤੀ ਤੇ ਹਿੰਸਾਵਾਦੀ ਧੜਿਆਂ ਵੱਲੋਂ ਕੀਤੀ ਜਾਂਦੀ ਰਹੀ। ਪਰ ਜਿਸ ਤਰ੍ਹਾਂ ਪੁਰਾਣੇ ਪੰਜਾਬ ਵਿੱਚ ਸ਼ਾਂਤੀ ਤੇ ਔਰਤ ਦੀ ਸ਼ਰਮ ਇੱਜਤ ਤੇ ਉਸ ਵੱਲ ਕੋਈ ਅੱਖ ਭਰ ਕੇ ਨਹੀਂ ਸੀ ਵੇਖਦਾ, ਅੱਜ ਦੇ ਹਾਲਾਤ ਸਾਡੇ ਪੰਜਾਬ ਦੇ ਅਜਿਹੇ ਹੋ ਚੁੱਕੇ ਹਨ ਕਿ ਆਪਣੇ ਸਕੇ ਹੀ ਸਕੇ ਨਹੀਂ ਰਹੇ।
ਪੰਜਾਬ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਦੀ ਦਸ਼ਾ ਤਾਂ ਹੋਰ ਵੀ ਖਰਾਬ ਹੋ ਚੁੱਕੀ ਹੈ।

ਕੋਈ ਵੀ ਲੜਕੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਸਕੂਲ, ਕਾਲਜ ’ਚ ਪੜ੍ਹਨ ਵਾਲੀਆਂ ਕੁੜੀਆਂ ਦਾ ਮੁੰਡਿਆਂ ਵੱਲੋਂ ਪਿੱਛਾ ਕੀਤਾ ਜਾਂਦਾ ਰੋਜ਼-ਰੋਜ਼ ਦੇ ਇਸ ਡਰ ਨੂੰ ਨਾ ਉਹ ਆਪਣੇ ਘਰ ਦੱਸਣ ਦੀ ਹਿੰਮਤ ਕਰਦੀਆਂ ਅਤੇ ਨਾ ਹੀ ਸਮਾਜ ਵਿੱਚ ਇੱਜਤ ਦੇ ਡਰੋਂ ਉਨ੍ਹਾਂ ਸ਼ਰਾਰਤੀ ਅਨਸਰਾਂ ਦਾ ਵਿਰੋਧ ਕਰ ਪਾਉਂਦੀਆਂ। ਜੇਕਰ ਘਰ ਆਪਣੇ ਨਾਲ ਹੁੰਦੀਆਂ ਇਹਨਾਂ ਘਟਨਾਵਾਂ ਬਾਰੇ ਦੱਸਦੀਆਂ ਹਨ ਤਾਂ ਉਹਨਾਂ ਨੂੰ ਆਪਣੇ ਭਵਿੱਖ ਤੇ ਦੇਖੇ ਸੁਪਨਿਆਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਣ ਦਾ ਡਰ ਹੁੰਦਾ ਹੈ।

ਸਕੂਲ, ਕਾਲਜ ਪੜ੍ਹਨ ਵਾਲੀਆਂ ਲੜਕੀਆਂ ਦੇ ਮਾਪੇ ਵੀ ਇਸ ਅਪਰਾਧ ਦੇ ਡਰੋਂ ਆਪਣੀਆਂ ਲੜਕੀਆਂ ਨੂੰ ਪੜ੍ਹਨ ਤੋਂ ਹਟਾ ਲੈਂਦੇ ਹਨ ਜਦਕਿ ਸਾਨੂੰ ਅਜਿਹੇ ਅਨਸਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਪਰ ਅਸਲ ਵਿੱਚ ਸਮਾਜ ਵਿੱਚ ਇੱਜਤ ਦੀ ਖਾਤਰ ਇੱਕ ਪਰਿਵਾਰ ਆਪਣੀ ਬੇਕਸੂਰ ਲੜਕੀ ਨੂੰ ਉਸ ਦੇ ਸੁਪਨਿਆਂ ਤੋਂ ਵਾਂਝਾ ਰੱਖ ਦਿੰਦਾ ਹੈ। ਕਿਉਂ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਡਰ ਤੋਂ ਪੜ੍ਹਨ ਲਈ ਉਚੇਰੀ ਵਿੱਦਿਆ ਲਈ ਅੱਗੇ ਨਹੀਂ ਲਾਇਆ ਜਾਂਦਾ? ਮੈਂ ਅੱਜ ਵੀ ਅਜਿਹੇ ਬਹੁਤ ਪਰਿਵਾਰ ਦੇਖੇ ਹਨ ਜਿਨ੍ਹਾਂ ਵਿੱਚ ਸਕੂਲ ਦੀ ਪੜ੍ਹਾਈ ਬਾਅਦ ਕੁੜੀਆਂ ਨੂੰ ਇਹ ਕਹਿ ਕੇ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਨਹੀਂ ਪੜ੍ਹਨ ਲਾਇਆ ਜਾਂਦਾ ਕਿਉਂਕਿ ਜਮਾਨਾ ਠੀਕ ਨਹੀਂ, ਕੁੜੀਆਂ ਸੁਰੱਖਿਅਤ ਨਹੀਂ, ਕਾਲਜਾਂ ਦੇ ਮਾਹੌਲ ਠੀਕ ਨਹੀਂ। ਇੱਕ ਕੁੜੀ ’ਤੇ ਕੀ ਬੀਤਦੀ ਹੈ ਜਿਸ ਦੀਆਂ ਸਾਰੀਆਂ ਸਧਰਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ?

ਜ਼ੁਲਮ ਤੇ ਔਰਤ ਨਾਲ ਹੁੰਦੇ ਸ਼ੋਸ਼ਣ ਦੇ ਵਿਰੁੱਧ ਲੜਨ ਦੀ ਬਜਾਇ ਕਿਉਂ ਸਾਡਾ ਸਮਾਜ ਕਾਇਰ ਬਣਦਾ ਜਾ ਰਿਹਾ??ਇਸ ਵਿੱਚ ਕੁੜੀਆਂ ਦਾ ਕੀ ਦੋਸ਼??ਅਸਲ ਵਿੱਚ ਸਾਡੇ ਸਮਾਜ ਵਿੱਚ ਪਹਿਲਾਂ ਵਾਲਾ ਏਕਾ ਨਹੀਂ ਰਿਹਾ। ਹਰ ਕੋਈ ਇੱਕ-ਦੂਜੇ ਤੋਂ ਅੱਗੇ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਫਾਇਦੇ ਲਈ ਉਹ ਚੰਗਾ-ਮਾੜਾ ਨਹੀਂ ਸੋਚਦਾ। ਜਦੋਂ ਪੁਰਾਣੇ ਸਮੇਂ ਵਿੱਚ ਸਭ ਸਾਂਝੀਵਾਲਤਾ ਸੀ ਤਾਂ ਇੱਕ-ਦੂਜੇ ਦਾ ਦੁਖ-ਦਰਦ ਸਮਝਦੇ ਸਨ, ਅਪਰਾਧਾਂ ਦਾ ਨਿਪਟਾਰਾ ਪਿੰਡ ਦੀਆਂ ਸੱਥਾਂ ’ਚ ਹੋ ਜਾਂਦਾ ਸੀ ਪਰ ਅੱਜ ਪ੍ਰਸ਼ਾਸਨ ਦੇ ਹੁੰਦਿਆਂ ਵੀ ਕਚਹਿਰੀਆਂ ਵਿੱਚ ਸਾਲਾਂ ਲੱਗ ਜਾਂਦੇ ਇਨਸਾਫ ਲਈ।

ਔਰਤ ਦੀ ਦਸ਼ਾ ਦਿਨੋ-ਦਿਨ ਸੁਧਰਨ ਦੀ ਬਜਾਇ ਮੰਦਭਾਗੀ ਹੁੰਦੀ ਜਾ ਰਹੀ ਹੈ। ਜ਼ਬਰ ਜਿਨਾਹ ਦੇ ਕੇਸ, ਸਰੀਰਕ-ਮਾਨਸਿਕ ਸ਼ੋਸ਼ਣ ਤੇ ਹੋਰ ਕਿੰਨੇ ਹੀ ਅਪਰਾਧਾਂ ਦਾ ਸ਼ਿਕਾਰ ਇੱਕ ਔਰਤ ਹੋ ਰਹੀ ਹੈ। ਅੱਜ ਸਾਨੂੰ ਲੋੜ ਹੈ ਇੱਕਜੁਟ ਹੋਣ ਦੀ ਆਪਣੀਆਂ ਧੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ। ਉਨ੍ਹਾਂ ਨੂੰ ਇਹ ਕਹਿ ਕੇ ਘਰੋਂ ਤੋਰਨਾ ਚਾਹੀਦਾ ਹੈ ਕਿ ਪੜ੍ਹਨ ਚੱਲੀ ਏਂ ਰਸਤੇ ਵਿੱਚ ਕੋਈ ਵੀ ਤੰਗ ਕਰੇ ਉਸੇ ਵੇਲੇ ਘਰ ਦੱਸਣ ਦਾ ਆਪਣਾ ਫਰਜ ਸਮਝਣਾ ਹੈ। ਜਦੋ ਤੱਕ ਸਾਡਾ ਸਮਾਜਿਕ ਪਰਿਵਾਰ ਇੱਕਜੁਟ ਹੋ ਕੇ ਇਨ੍ਹਾਂ ਗਲਤ ਅਨਸਰਾਂ ਵਿਰੁੱਧ ਲੜਨ ਦੀ ਹਿੰਮਤ ਨਹੀਂ ਕਰੇਗਾ ਉਦੋਂ ਤੱਕ ਇਨ੍ਹਾਂ ਗਲਤ ਅਨਸਰਾਂ ਦਾ ਹੌਂਸਲਾ ਵਧਦਾ ਰਹੇਗਾ। ਸਾਨੂੰ ਲੋੜ ਹੈ ਸਾਡੀਆਂ ਧੀਆਂ ਨੂੰ ਹੌਂਸਲਾ ਦੇਣ ਦੀ।

ਜੇਕਰ ਉਨ੍ਹਾਂ ਨੂੰ ਆਪਣੇ ਪਰਿਵਾਰ ਵੱਲੋਂ ਇਹ ਸਿਖਾਇਆ ਗਿਆ ਹੋਵੇ ਕਿ ਕੋਈ ਵੀ ਗਲਤ ਕਰੇ ਤਾਂ ਉਸ ਦਾ ਡਟ ਕੇ ਵਿਰੋਧ ਕਰਨਾ ਹੈ ਤਾਂ ਮੈਂ ਸਮਝਦੀ ਹਾਂ ਔਰਤ ਨਿੱਡਰ ਹੋ ਕੇ ਇਨ੍ਹਾਂ ਗਲਤ ਅਨਸਰਾਂ ਨੂੰ ਮੂੰਹਤੋੜ ਜਵਾਬ ਦੇ ਸਕਦੀ ਹੈ। ਬੱਸ ਇੱਕ ਡਰ, ਜੋ ਹਮੇਸ਼ਾ ਕੁੜੀਆਂ ਦੇ ਮਨਾਂ ਵਿੱਚ ਰਿਹਾ ਕਿ ਉਨ੍ਹਾਂ ਨੇ ਜੇਕਰ ਇਨ੍ਹਾਂ ਘਟਨਾਵਾਂ ਨੂੰ ਘਰ ਦੱਸਿਆ ਤਾਂ ਮਾਪਿਆਂ ਨੇ ਪੜ੍ਹਨੋ ਹਟਾ ਲੈਣਾ ਹੈ। ਇਸ ਲਈ ਉਹ ਪਹਿਲਾਂ ਤਾਂ ਇਹ ਸਭ ਸਹਿੰਦੀਆਂ ਰਹਿੰਦੀਆਂ ਹਨ

ਪਰ ਜਦੋਂ ਜੁਲਮ ਦੀ ਹੱਦ ਹੋ ਜਾਂਦੀ ਹੈ ਤਾਂ ਫਿਰ ਲੜਕੀ ਨੂੰ ਗਲਤ ਸਮਝਿਆ ਜਾਂਦਾ ਕਿਉਂਕਿ ਉਹਨੇ ਕਦੇ ਪਹਿਲਾਂ ਜੇਕਰ ਗਲਤ ਹੁੰਦਾ ਸੀ ਤਾਂ ਘਰ ਕਿਉਂ ਨਾ ਦੱਸਿਆ। ਅੱਜ-ਕੱਲ੍ਹ ਤਾਂ ਇੱਟ ਪੁੱਟੋ ਤਾਂ ਹਜਾਰਾਂ ਨਿਊਜ ਚੈਨਲ ਨਿੱਕਲ ਆਉਂਦੇ ਹਨ ਤੇ ਸਹੀ ਖਬਰ ਦਾ ਪ੍ਰਚਾਰ ਘੱਟ ਤੇ ਗਲਤ ਦਾ ਮਸਾਲੇ ਲਾ ਕੇ ਵੱਧ ਕੀਤਾ ਜਾਂਦਾ ਹੈ। ਫੇਸਬੁੱਕ ਬੁੱਧੀਜੀਵੀ ਵੀ ਕਈ ਵਾਰ ਆਪਣੀ ਬੁੱਧੀ ਦਾ ਜਨਾਜਾ ਕੱਢਦੇ ਹਨ ਜੇਕਰ ਕਿਸੇ ਲੜਕੀ ਨਾਲ ਗਲਤ ਹੁੰਦਾ ਹੈੈ ਤਾਂ ਵਿੱਚੋਂ ਬਹੁਤੇ ਕੁਮੈਂਟ ਤਾਂ ਹੇਠਲੇ ਪੱਧਰ ਤੇ ਨੀਚ ਦਰਜੇ ਦੇ ਹੁੰਦੇ ਹਨ। ਕਿਉਂਕਿ ਸਾਨੂੰ ਅਜ਼ਾਦੀ ਹੈ ਸਾਨੂੰ ਸੋਸ਼ਲ ਮੀਡੀਆ ਨੇ ਪੱਖ ਰੱਖਣ ਦਾ ਅਧਿਕਾਰ ਦਿੱਤਾ ਹੋਇਆ ਹੈ। ਅਸੀਂ ਕਿਸੇ ਨੂੰ ਵੀ ਚੰਗਾ-ਮੰਦਾ ਬੋਲੀਏ ਨਾ, ਇਹ ਸਾਡਾ ਅਧਿਕਾਰ ਨਹੀਂ ਹੈ।

ਕਿਸੇ ਵੀ ਮਾਮਲੇ ’ਤੇ ਅਸੀਂ ਜੱਜ ਬਣ ਜਾਂਦੇ ਹਾਂ ਕਦੇ ਇਹ ਨਹੀਂ ਦੇਖਿਆ ਕਿ ਕੋਈ ਸਹੀ ਹੋ ਕੇ ਗਲਤ ਹੋ ਸਕਦਾ ਤੇ ਕੋਈ ਗਲਤ ਹੋ ਕੇ ਵੀ ਸਹੀ ਹੋ ਸਕਦਾ, ਜਿਵੇਂਕਿ ਨਿਊਜ ਚੈਨਲਾਂ ਵਾਲੇ ਅਧੂਰੇ ਤੱਥਾਂ ਨੂੰ ਪੇਸ਼ ਕਰਕੇ ਗਲਤ ਪ੍ਰਚਾਰ ਕਰਨ ਲੱਗ ਜਾਂਦੇ ਹਨ। ਸੋ ਪੰਜਾਬ ਸਾਡਾ ਅਮਨ ਸ਼ਾਂਤੀ ਦਾ ਪ੍ਰਤੀਕ ਰਿਹਾ ਸੀ। ਜਿੱਥੇ ਇੱਕ ਔਰਤ ਨੇ ਆਪਣੀ ਇੱਜਤ ਨੂੰ ਹਮੇਸ਼ਾ ਮਹਿਫੂਜ ਰੱਖਿਆ ਸੀ ਅਤੇ ਸਾਡੇ ਪੰਜਾਬੀ ਖੂਨ ਵਿੱਚ ਔਰਤ ਦੀ ਇੱਜਤ ਨੂੰ ਹਮੇਸ਼ਾ ਉੱਚਾ ਦਰਜਾ ਦਿੱਤਾ ਸੀ। ਪਰ ਜਿਵੇਂ-ਜਿਵੇਂ ਸਮਾਜ ਵਿੱਚ ਤਰੱਕੀ ਹੋਈ ਔਰਤ ਦੀ ਅਜਾਦੀ ਦਾ ਢੰਡੋਰਾ ਪਿੱਟਿਆ ਗਿਆ ਤਿਵੇ ਤਿਵੇਂ ਇਹ ਜੰਗਲੀ ਭੇੜੀਆਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ।

ਅੱਜ ਸਾਨੂੰ ਲੋੜ ਹੈ ਪੂਰੇ ਪੰਜਾਬ ਵਿੱਚ ਇੱਕ-ਦੂਜੇ ਦੀ ਲੋੜ, ਭਾਈਚਾਰਕ ਸਾਂਝ ਨੂੰ ਵਧਾਉਣਾ, ਦੂਜੇ ਦੀ ਧੀ ਨੂੰ ਆਪਣੀ ਧੀ ਸਮਝਣਾ ਤੇ ਸਭ ਤੋਂ ਵੱਡਾ ਫਰਜ ਸਾਨੂੰ ਸਕੂਲ ਕਾਲਜ ਪੜ੍ਹਨ ਜਾਂਦੀਆਂ ਲੜਕੀਆਂ ਨਾਲ ਜਿਥੇ ਵੀ ਕੋਈ ਸ਼ਰਾਰਤੀ ਅਨਸਰ ਤੰਗ ਕਰਦਾ ਦਿਸੇ ਤਾਂ ਉਸ ਦਾ ੳੱੁਥੇ ਹੀ ਚੰਗੀ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਕਾਲਜਾਂ ਸਕੂਲਾਂ ਦੇ ਗੇਟਾਂ ਮੂਹਰੇ ਅਜਿਹੇ ਗਲਤ ਅਨਸਰਾਂ ਦੇ ਟੋਲੇ ਇਕੱਠੇ ਨਾ ਹੋ ਸਕਣ। ਅਖੀਰ ਮੈਂ ਸਾਡੇ ਪੰਜਾਬੀ ਹੋਣ ’ਤੇ ਆਪਣੀ ਪੰਜਾਬੀ ਜਮੀਰ ਨੂੰ ਜਿਊਂਦਾ ਰੱਖਣ ਲਈ ਸਾਰੇ ਪੰਜਾਬੀਆਂ ਨੂੰ ਇਸ ਮਸਲੇ ’ਤੇ ਗੰਭੀਰਤਾ ਨਾਲ ਸੋਚਣ ਤੇ ਆਪਣਾ ਫਰਜ ਸਮਝ ਕੇ ਔਰਤ ਨਾਲ ਹੁੰਦੇ ਸ਼ੋਸ਼ਣ ਦਾ ਡਟ ਕੇ ਵਿਰੋਧ ਕਰਨ ਲਈ ਬੇਨਤੀ ਕਰਦੀ ਹਾਂ! ਤਾਂ ਜੋ ਸਾਡਾ ਪੰਜਾਬ ਇੱਕ ਖੁਸ਼ਹਾਲ ਤੇ ਸ਼ਾਂਤੀ ਦਾ ਪ੍ਰਤੀਕ ਬਣਿਆ ਰਹੇ।

ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ

ਮੋ. 82830-66125
ਰਵਨਜੋਤ ਕੌਰ ਸਿੱਧੂ ਰਾਵੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ