Iran Conflict Effects: ਮਨੁੱਖੀ ਇਤਿਹਾਸ ਗਵਾਹ ਹੈ ਕਿ ਜੰਗਾਂ ਸਾਡੇ ਵਜ਼ੂਦ ਨਾਲ ਸਦੀਆਂ ਤੋਂ ਜੁੜੀਆਂ ਰਹੀਆਂ ਹਨ। ਟਕਰਾਅ ਦੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਅੰਤ ਵਿੱਚ ਹਾਸਲ ਹਮੇਸ਼ਾ ਇੱਕੋ ਰਿਹਾ ਹੈ- ਅਣਮਨੁੱਖੀ ਤਬਾਹੀ, ਅੰਤਾਂ ਦਾ ਦੁੱਖ ਅਤੇ ਕਦੇ ਨਾ ਖ਼ਤਮ ਹੋਣ ਵਾਲਾ ਪਛਤਾਵਾ। ਆਧੁਨਿਕ ਜੰਗਾਂ ਦਾ ਸਰੂਪ ਹੁਣ ਸਿਰਫ਼ ਸਰਹੱਦੀ ਟਕਰਾਅ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਮਿਜ਼ਾਈਲਾਂ, ਡਰੋਨਾਂ ਅਤੇ ਰਸਾਇਣਕ ਹਥਿਆਰਾਂ ਰਾਹੀਂ ਮਨੁੱਖਤਾ ਅਤੇ ਵਾਤਾਵਰਣ ਲਈ ਇੱਕ ਵੱਡਾ ਖ਼ਤਰਾ ਬਣ ਚੁੱਕੀਆਂ ਹਨ। ਇਰਾਨ ਤੇ ਇਜ਼ਰਾਈਲ ਵਰਗੇ ਮੁਲਕਾਂ ਕੋਲ ਉੱਨਤ ਮਿਜ਼ਾਈਲ ਪ੍ਰਣਾਲੀ ਤੇ ਪਰਮਾਣੂ ਤਕਨੀਕ ਹੈ, ਜਿਨ੍ਹਾਂ ਦੀ ਵਰਤੋਂ ਨਾਲ ਤੇਲ ਭੰਡਾਰਾਂ, ਰਸਾਇਣਕ ਪਲਾਂਟਾਂ ਜਾਂ ਪਰਮਾਣੂ ਕੇਂਦਰਾਂ ’ਤੇ ਕੀਤੇ ਗਏ ਹਮਲੇ ਵਾਯੂਮੰਡਲ ’ਚ ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ ਅਤੇ ਰੇਡੀਓ-ਐਕਟਿਵ ਕਣਾਂ ਦਾ ਜ਼ਹਿਰ ਘੋਲ ਸਕਦੇ ਹਨ। Iran Conflict Effects
ਇਹ ਵੀ ਪੜ੍ਹੋ : LPG Shortage Punjab: ਕੋਟਕਪੂਰਾ ’ਚ LPG ਗੈਸ ਸਪਲਾਈ ਨੂੰ ਲੈ ਕੇ ਹਾਹਾਕਾਰ, ਲੋਕਾਂ ਵੱਲੋਂ ਗੈਸ ਏਜੰਸੀ ਬਾਹਰ ਰੋਸ ਪ੍ਰ…
ਜੰਗ ਦੌਰਾਨ ਵਰਤੇ ਜਾਣ ਵਾਲੇ ਲੜਾਕੂ ਜਹਾਜ਼ਾਂ ਦਾ ਬਾਲਣ ਨਿਕਾਸ (ਇੱਕ ਮੀਲ ਲਈ ਲਗਭਗ 4 ਗੈਲਨ) ਇੰਨੀ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਪੈਦਾ ਕਰੇਗਾ ਜੋ ਕਿਸੇ ਦੇਸ਼ ਦੇ ਸਾਲਾਨਾ ਪ੍ਰਦੂਸ਼ਣ ਦੇ ਬਰਾਬਰ ਹੋ ਸਕਦਾ ਹੈ। ਭਾਰਤ ਲਈ ਇਹ ਸਥਿਤੀ ਹੋਰ ਵੀ ਭਿਆਨਕ ਹੋਵੇਗੀ, ਕਿਉਂਕਿ ਪੱਛਮੀ ਹਵਾਵਾਂ ਇਨ੍ਹਾਂ ਜ਼ਹਿਰੀਲੇ ਪ੍ਰਦੂਸ਼ਕਾਂ ਨੂੰ ਗੁਜਰਾਤ, ਮਹਾਂਰਾਸ਼ਟਰ, ਪੰਜਾਬ ਤੇ ਰਾਜਸਥਾਨ ਵਰਗੇ ਸੂਬਿਆਂ ਵੱਲ ਲੈ ਕੇ ਆਉਣਗੀਆਂ। ਇਸ ਨਾਲ ਨਾ ਸਿਰਫ਼ ‘ਸਮੋਗ’ ਦੀ ਸਮੱਸਿਆ ਵਧੇਗੀ, ਸਗੋਂ ਭਾਰਤੀ ਅਬਾਦੀ ਵਿੱਚ ਫੇਫੜਿਆਂ ਦੇ ਰੋਗ, ਚਮੜੀ ਦੀਆਂ ਬਿਮਾਰੀਆਂ ਤੇ ਕੈਂਸਰ ਵਰਗੇ ਜਾਨਲੇਵਾ ਖ਼ਤਰੇ ਵੀ ਕਈ ਗੁਣਾ ਵਧ ਜਾਣਗੇ।
ਤਹਿਰਾਨ ਤੋਂ ਦਿੱਲੀ ਦੀ ਲਗਭਗ 2500 ਕਿਲੋਮੀਟਰ ਦੀ ਦੂਰੀ ਆਧੁਨਿਕ ਜੰਗ ਦੇ ਤਬਾਹਕਾਰੀ ਪ੍ਰਭਾਵਾਂ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ। ਤੇਜ਼ ਪੱਛਮੀ ਹਵਾਵਾਂ ਰੇਡੀਓ-ਐਕਟਿਵ ਕਣਾਂ ਨੂੰ ਸਿਰਫ਼ 24 ਤੋਂ 48 ਘੰਟਿਆਂ ਵਿੱਚ ਭਾਰਤ ਪਹੁੰਚਾ ਸਕਦੀਆਂ ਹਨ, ਜਿਸ ਕਾਰਨ ‘ਬਲੈਕ ਰੇਨ’ (ਕਾਲੀ ਵਰਖਾ) ਵਰਗੀ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ। ਜੰਗ ਦੇ ਵਾਤਾਵਰਣਕ ਪ੍ਰਭਾਵ ਸਿਰਫ਼ ਧੂੰਏਂ ਤੱਕ ਸੀਮਤ ਨਹੀਂ ਹਨ, ਸਗੋਂ ਇਹ ਧਰਤੀ ਦੇ ਕੁਦਰਤੀ ਤੰਤਰ ਨੂੰ ਸਥਾਈ ਤੌਰ ’ਤੇ ਵਿਗਾੜ ਸਕਦੇ ਹਨ। ਜਦੋਂ ਜੰਗੀ ਜਹਾਜ਼ ਅਤੇ ਮਿਜ਼ਾਈਲਾਂ ਸਮਾਨਤਾਪ ਮੰਡਲ ਵਿੱਚੋਂ ਲੰਘਦੀਆਂ ਹਨ, ਤਾਂ ਉਹ ਵੱਡੀ ਮਾਤਰਾ ਵਿੱਚ ਨਾਈਟ੍ਰਿਕ ਆਕਸਾਈਡ ਛੱਡਦੀਆਂ ਹਨ। Iran Conflict Effects
ਜੋ ਓਜ਼ੋਨ ਪਰਤ ਨੂੰ ਪਤਲਾ ਕਰਨ ਦਾ ਮੁੱਖ ਕਾਰਨ ਬਣਦੀ ਹੈ। ਜੇਕਰ ਅਮਰੀਕਾ ਅਤੇ ਇਜ਼ਰਾਈਲ ਵਰਗੀਆਂ ਸ਼ਕਤੀਆਂ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾਂਦੇ ਹਨ, ਤਾਂ ਓਜ਼ੋਨ ਪਰਤ ਵਿੱਚ ਹੋਣ ਵਾਲੇ ਛੇਕ ਦਾ ਸਿੱਧਾ ਅਸਰ ਭਾਰਤੀ ਉਪ-ਮਹਾਂਦੀਪ ’ਤੇ ਪਵੇਗਾ। ਆਧੁਨਿਕ ਜੰਗਾਂ ਵਿੱਚ ਵਰਤੇ ਜਾਣ ਵਾਲੇ ਮਾਰੂ ਵਿਸਫੋਟਕਾਂ ਵਿੱਚ ਸਿੱਕਾ, ਪਾਰਾ ਤੇ ਯੂਰੇਨੀਅਮ ਵਰਗੀਆਂ ਭਾਰੀ ਧਾਤਾਂ ਦਾ ਵੱਡੀ ਮਾਤਰਾ ਵਿੱਚ ਪ੍ਰਯੋਗ ਹੁੰਦਾ ਹੈ। ਇਹ ਜ਼ਹਿਰੀਲੇ ਤੱਤ ਮਿੱਟੀ ਵਿੱਚ ਜਜ਼ਬ ਹੋ ਕੇ ਮੀਂਹ ਦੇ ਪਾਣੀ ਰਾਹੀਂ ਨਦੀਆਂ ਅਤੇ ਭੂਮੀਗਤ ਜਲ ਸਰੋਤਾਂ ਵਿੱਚ ਰਿਸ ਜਾਂਦੇ ਹਨ। ਅਰਬ ਸਾਗਰ ਰਾਹੀਂ ਹੋਣ ਵਾਲੇ ਵਾਸ਼ਪੀਕਰਨ ਦੀ ਪ੍ਰਕਿਰਿਆ ਦੌਰਾਨ ਜਦੋਂ ਇਹ ਘਾਤਕ ਕਣ ਬੱਦਲਾਂ ਵਿੱਚ ਸ਼ਾਮਲ ਹੋ ਕੇ ਭਾਰਤ ਵਿੱਚ ‘ਮਾਨਸੂਨ’ ਦੇ ਰੂਪ ਵਿੱਚ ਵਰਸਣਗੇ, ਤਾਂ ਇਹ ਸਾਡੇ ਪੀਣ ਵਾਲੇ ਪਾਣੀ ਦੇ ਕੁਦਰਤੀ ਭੰਡਾਰਾਂ ਨੂੰ ਗੰਭੀਰ ਰੂਪ ਵਿੱਚ ਪ੍ਰਦੂਸ਼ਿਤ ਕਰ ਦੇਣਗੇ।
ਇਰਾਨ ਦੇ ਕਬਜ਼ੇ ਹੇਠਲਾ ‘ਹੋਰਮੁਜ਼ ਜਲਡਮਰੂ’ ਵਿਸ਼ਵ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਲਾਂਘਾ ਹੈ, ਜਿੱਥੋਂ ਰੋਜ਼ਾਨਾ ਲਗਭਗ 21 ਮਿਲੀਅਨ ਬੈਰਲ ਤੇਲ ਦੀ ਸਪਲਾਈ ਹੁੰਦੀ ਹੈ। ਭਾਰਤ ਦਾ 70% ਵਪਾਰ ਸਮੁੰਦਰੀ ਰਸਤਿਆਂ ’ਤੇ ਨਿਰਭਰ ਹੋਣ ਕਾਰਨ, ਇਸ ਮਾਰਗ ਵਿੱਚ ਪੈਦਾ ਹੋਣ ਵਾਲੀ ਰੁਕਾਵਟ ਕਾਂਡਲਾ, ਮੁੰਬਈ ਤੇ ਜਵਾਹਰ ਲਾਲ ਨਹਿਰੂ ਵਰਗੀਆਂ ਪ੍ਰਮੁੱਖ ਬੰਦਰਗਾਹਾਂ ’ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦੇਵੇਗੀ। ਜੇਕਰ ਜੰਗ ਦੌਰਾਨ ਤੇਲ ਦੇ ਟੈਂਕਰਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਅਰਬ ਸਾਗਰ ਵਿੱਚ ਫੈਲਣ ਵਾਲਾ ਲੱਖਾਂ ਗੈਲਨ ਕੱਚਾ ਤੇਲ ਭਾਰਤ ਦੇ ਪੱਛਮੀ ਤੱਟਾਂ (ਮੁੰਬਈ, ਗੋਆ, ਕੇਰਲ) ਤੱਕ ਪਹੁੰਚ ਕੇ ਸਮੁੰਦਰੀ ਜੀਵਾਂ ਅਤੇ ਕੋਰਲ ਰੀਫਸ ਨੂੰ ਤਬਾਹ ਕਰ ਦੇਵੇਗਾ।
ਜੰਗੀ ਧਮਾਕਿਆਂ ਕਾਰਨ ਵਾਯੂਮੰਡਲ ਵਿੱਚ ਫੈਲੀ ਸਲਫਰ ਦੀ ਬਹੁਤਾਤ ਜਦੋਂ ਮੀਂਹ ਦੇ ਪਾਣੀ ਨਾਲ ਮਿਲਦੀ ਹੈ, ਤਾਂ ਇਹ ‘ਤੇਜ਼ਾਬੀ ਵਰਖਾ’ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਜ਼ਹਿਰੀਲੀ ਵਰਖਾ ਭਾਰਤੀ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਸਕਦੀ ਹੈ ਅਤੇ ਕਣਕ ਤੇ ਝੋਨੇ ਵਰਗੀਆਂ ਮੁੱਖ ਫ਼ਸਲਾਂ ਨੂੰ ਸਿੱਧਾ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੇ ਨਾਲ ਹੀ, ਭਾਰਤ ਆਪਣੀ ਖਾਦਾਂ ਦੀ ਪੈਦਾਵਾਰ ਲਈ ਲੋੜੀਂਦੇ ਕੱਚੇ ਮਾਲ ਅਤੇ ਕੁਦਰਤੀ ਗੈਸ ਲਈ ਵੱਡੇ ਪੱਧਰ ’ਤੇ ਮਿਡਲ ਈਸਟ (ਪੱਛਮੀ ਏਸ਼ੀਆ) ’ਤੇ ਨਿਰਭਰ ਹੈ। ਜੰਗ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਡੀਏਪੀ ਅਤੇ ਯੂਰੀਆ ਵਰਗੀਆਂ ਜ਼ਰੂਰੀ ਖਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਵੇਗਾ।
ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਖੇਤੀ ਲਾਗਤ ਵਧੇਗੀ, ਸਗੋਂ ਪੂਰੇ ਦੇਸ਼ ਵਿੱਚ ਅਨਾਜ ਦੀਆਂ ਕੀਮਤਾਂ ਵਧਣ ਕਾਰਨ ਆਮ ਜਨਤਾ ’ਤੇ ਮਹਿੰਗਾਈ ਦਾ ਬੋਝ ਵੀ ਵਧ ਜਾਵੇਗਾ। ਭਾਰਤ ਆਪਣੀ ਊਰਜਾ ਲੋੜਾਂ ਲਈ ਬਹੁਤ ਜ਼ਿਆਦਾ ਵਿਦੇਸ਼ੀ ਦਰਾਮਦ ’ਤੇ ਨਿਰਭਰ ਹੈ, ਜਿੱਥੇ 85% ਕੱਚਾ ਤੇਲ ਅਤੇ 50% ਕੁਦਰਤੀ ਗੈਸ ਬਾਹਰੋਂ ਮੰਗਵਾਈ ਜਾਂਦੀ ਹੈ; ਇਸ ਸਪਲਾਈ ਦਾ ਲਗਭਗ 60% ਹਿੱਸਾ ਇਕੱਲੇ ਖਾੜੀ ਦੇਸ਼ਾਂ ਤੋਂ ਆਉਂਦਾ ਹੈ। ਆਰਥਿਕ ਮਾਹਿਰਾਂ ਅਨੁਸਾਰ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਸਿਰਫ਼ 10 ਡਾਲਰ ਪ੍ਰਤੀ ਬੈਰਲ ਦਾ ਵਾਧਾ ਭਾਰਤ ਦੀ ਜੀਡੀਪੀ ਵਿੱਚ 0.3% ਦੀ ਗਿਰਾਵਟ ਲਿਆ ਸਕਦਾ ਹੈ ਅਤੇ ਮਹਿੰਗਾਈ ਨੂੰ 0.4% ਤੱਕ ਵਧਾ ਸਕਦਾ ਹੈ। Iran Conflict Effects
ਖਾੜੀ ਦੇਸ਼ਾਂ ਵਿੱਚ ਵੱਸਦੇ ਲਗਭਗ 90 ਲੱਖ ਭਾਰਤੀ ਨਾ ਸਿਰਫ਼ ਉੱਥੋਂ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ, ਸਗੋਂ ਉਹ ਭਾਰਤੀ ਆਰਥਿਕਤਾ ਦੇ ਮਜ਼ਬੂਤ ਥੰਮ੍ਹ ਵੀ ਹਨ। ਪੱਛਮੀ ਏਸ਼ੀਆ ਵਿੱਚ ਜੰਗ ਦੇ ਹਾਲਾਤ ਪੈਦਾ ਹੋਣ ’ਤੇ ਜੇਕਰ ਇਹਨਾਂ ਭਾਰਤੀਆਂ ਨੂੰ ਵੱਡੇ ਪੱਧਰ ’ਤੇ ਵਤਨ ਵਾਪਸੀ ਕਰਨੀ ਪੈਂਦੀ ਹੈ, ਤਾਂ ਭਾਰਤ ਵਿੱਚ ਬੇਰੁਜ਼ਗਾਰੀ ਦਾ ਸੰਕਟ ਇੱਕ ਬੇਕਾਬੂ ਤੇ ਭਿਆਨਕ ਰੂਪ ਅਖ਼ਤਿਆਰ ਕਰ ਲਵੇਗਾ। ਜੇਕਰ ਜੰਗ ਕਾਰਨ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਖੇਤੀ ਉਤਪਾਦਨ ਲਾਗਤ ਇੰਨੀ ਵਧ ਜਾਵੇਗੀ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਹੇਗੀ।
ਇਸ ਤੋਂ ਇਲਾਵਾ, ਭਾਰਤ ਵੱਲੋਂ ਇਰਾਨ ਤੇ ਖਾੜੀ ਦੇਸ਼ਾਂ ਨੂੰ ਵੱਡੀ ਮਾਤਰਾ ਵਿੱਚ ਨਿਰਯਾਤ ਕੀਤੇ ਜਾਣ ਵਾਲੇ ਬਾਸਮਤੀ ਚੌਲ ਤੇ ਮਸਾਲਿਆਂ ਦਾ ਵਪਾਰ, ਬੰਦਰਗਾਹਾਂ ਦੇ ਬੰਦ ਹੋਣ ਕਾਰਨ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ ਜਿਸ ਨਾਲ ਪੇਂਡੂ ਅਰਥਵਿਵਸਥਾ ਦਾ ਢਾਂਚਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਵੇਗਾ। ਭਵਿੱਖ ਦੇ ਇਸ ਗੰਭੀਰ ਸੰਕਟ ਤੋਂ ਬਚਣ ਲਈ ਭਾਰਤ ਨੂੰ ਆਪਣੀ ਊਰਜਾ ਰਣਨੀਤੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੀ ਲੋੜ ਹੈ। ਸਾਨੂੰ ‘ਗ੍ਰੀਨ ਹਾਈਡ੍ਰੋਜਨ’ ਅਤੇ ਇਲੈਕਟ੍ਰਿਕ ਵਾਹਨਾਂ ਵੱਲ ਆਪਣੀ ਪ੍ਰਗਤੀ ਨੂੰ 200% ਤੇਜ਼ ਕਰਨਾ ਚਾਹੀਦਾ ਹੈ।
ਤਾਂ ਜੋ ਤੇਲ ਦੀ ਨਿਰਭਰਤਾ ਨੂੰ ਘਟਾਇਆ ਜਾ ਸਕੇ। ਖੇਤੀਬਾੜੀ ਖੇਤਰ ਵਿੱਚ ਰਸਾਇਣਕ ਖਾਦਾਂ ਦੇ ਸੰਕਟ ਤੋਂ ਬਚਣ ਲਈ ‘ਕੁਦਰਤੀ ਖੇਤੀ’ ਨੂੰ ਇੱਕ ਲਹਿਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਜੰਗ ਨਾ ਸਿਰਫ਼ ਸਬੰਧਿਤ ਦੇਸ਼ਾਂ ਦੀ ਤਬਾਹੀ ਕਰੇਗੀ, ਸਗੋਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਅਤੇ ਵਾਤਾਵਰਣਕ ਤੌਰ ’ਤੇ ਦਹਾਕੇ ਪਿੱਛੇ ਧੱਕ ਦੇਵੇਗੀ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਜੰਗ ਦੇ ਮੈਦਾਨ ਵਿੱਚ ਜੇਤੂ ਕੋਈ ਨਹੀਂ ਹੁੰਦਾ; ਅੰਤਿਮ ਹਾਰ ਹਮੇਸ਼ਾ ਮਨੁੱਖਤਾ ਅਤੇ ਕੁਦਰਤ ਦੀ ਹੀ ਹੁੰਦੀ ਹੈ। Iran Conflict Effects
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ














