ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
- ਮੁਲਜ਼ਮਾਂ ਕੋਲੋਂ 10 ਕਿੱਲੋ ਨਸ਼ੀਲਾ ਪਾਊਡਰ, 2 ਕਿੱਲੋ ਅਫੀਮ ਤੇ ਇੱਕ ਕੁਇੰਟਲ 10 ਕਿੱਲੋ ਭੁੱਕੀ ਚੂਰਾ ਪੋਸਤ ਕੀਤਾ ਬਰਾਮਦ
ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸਕਰੈਪ ਦੀ ਆੜ ਹੇਠ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ‘ਚ ਵੱਡੀ ਪੱਧਰ ‘ਤੇ ਅਫੀਮ, ਭੁੱਕੀ ਤੇ ਨਸ਼ੀਲੇ ਪਾਊਡਰ ਦੀ ਸਪਲਾਈ ਕਰਨ ਵਾਲੇ ਮੁੱਖ ਮੁਲਜ਼ਮ ਮੁਕੰਦ ਖਾਨ ਸਮੇਤ ਦੋ ਹੋਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ‘ਚ ਲੱਗੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਇਸ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਲਈ ਉਪ ਕਪਤਾਨ ਪੁਲਿਸ (ਮੇਜਰ ਕਰਾਈਮ) ਫ਼ਤਹਿਗੜ੍ਹ ਸਾਹਿਬ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਡੀਐੱਸਪੀ ਅਮਲੋਹ ਹੰਸ ਰਾਜ, ਇੰਚਾਰਜ ਸੀਆਈਏ ਸਰਹਿੰਦ ਇੰਸਪੈਕਟਰ ਬਲਵੰਤ ਸਿੰਘ ਤੇ ਮੁੱਖ ਥਾਣਾ ਅਫਸਰ ਅਮਲੋਹ ਨੂੰ ਸ਼ਾਮਲ ਕੀਤਾ ਗਿਆ। ਗੁਪਤ ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਅਮਰਦੀਪ ਸਿੰਘ ਮੁੱਖ ਥਾਣਾ ਅਫਸਰ ਅਮਲੋਹ ਨੇ ਪੁਲਿਸ ਪਾਰਟੀ ਸਮੇਤ ਬੁੱਗਾ ਕੈਂਚੀਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਜਿਸ ‘ਤੇ ਇੱਕ ਸਵਫਿਟ ਕਾਰ ਨੰ: ਪੀ. ਬੀ. 11 ਸੀ. ਜੀ. 6969 ਤੇ ਟਰੱਕ ਨੰ: ਪੀ. ਬੀ. 11 ਸੀ. ਆਰ. 4812 ਦੀ ਤਲਾਸ਼ੀ ਲਈ ਗਈ , ਜਿਸ ‘ਚ ਤਿੰਨ ਵਿਅਕਤੀ ਮੁਕੰਦ ਖਾਨ ਵਾਸੀ ਪਿੰਡ ਰੁੜਕੀ, ਨੀਰਜ ਰਾਮ ਵਾਸੀ ਪਿੰਡ ਪਿਪਰਸੋਧ ਬਿਹਾਰ, ਜਤਿੰਦਰ ਕੁਮਾਰ ਉਰਫ ਜੀਤੂ ਵਾਸੀ ਪਿੰਡ ਹਰਨਰਾਇਣਪੁਰ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਇਨ੍ਹਾਂ ਵਿਅਕਤੀਆਂ ਤੇ ਵਹੀਕਲਾਂ ਦੀ ਤਲਾਸ਼ੀ ਕਰਨ ‘ਤੇ ਇਨ੍ਹਾਂ ਪਾਸੋਂ 10 ਕਿੱਲੋਗ੍ਰਾਮ ਨਸ਼ੀਲਾ ਪਾਊਡਰ, 2 ਕਿੱਲੋ ਅਫੀਮ ਤੇ ਇੱਕ ਕੁਇੰਟਲ 10 ਕਿੱਲੋ ਭੁੱਕੀ, ਚੂਰਾ ਪੋਸਤ ਬਰਾਮਦ ਹੋਇਆ ਤੇ ਕਥਿਤ ਦੋਸ਼ੀਆਂ ਵਿਰੁੱਧ ਐਨ. ਡੀ. ਪੀ. ਐੈੱਸ. ਐਕਟ ਅਧੀਨ ਥਾਣਾ ਅਮਲੋਹ ਵਿਖੇ ਪਰਚਾ ਦਰਜ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਕੰਦ ਖਾਨ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦਾ ਮੰਡੀ ਗੋਬਿੰਦਗੜ੍ਹ ਵਿਖੇ ਸਕਰੈਪ ਦਾ ਗੁਦਾਮ ਹੈ ਤੇ ਦੂਸਰੇ ਰਾਜਾਂ ਤੋਂ ਸਕਰੈਪ ਲੈ ਕੇ ਆਉਂਦਾ ਹੈ, ਜਿਸ ਦੀ ਆੜ ਹੇਠ ਉਹ ਨਸ਼ਿਆਂ ਦੀ ਸਪਲਾਈ ਕਰਦਾ ਰਿਹਾ ਹੈ। ਕਥਿਤ ਦੋਸ਼ੀ ਮੁਕੰਦ ਖਾਨ ‘ਤੇ ਪਹਿਲਾਂ ਵੀ ਭਾਦਸੋਂ, ਅਮਲੋਹ, ਰਾਜਪੁਰਾ, ਹਰਿਆਣਾ ਦੇ ਜ਼ਿਲਾ ਕਰਨਾਲ ਦੇ ਥਾਣਾ ਬਟਾਣਾ ਵਿਖੇ ਪਰਚੇ ਦਰਜ਼ ਹਨ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਕਥਿਤ ਦੋਸ਼ੀ ਮੁਕੰਦ ਖਾਨ ਦਾ ਮਿਸ਼ਰੀ ਮਾਜਰਾ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਹਜ਼ਾਰ ਗਜ ਦਾ ਕਮਰਸ਼ੀਅਲ ਪਲਾਟ, ਇੱਕ ਟਰਾਲਾ, ਇੱਕ ਸਵਫਿਟ ਡੀਜਾਇਰ ਕਾਰ ਅਤੇ ਪਿੰਡ ਰੁੜਕੀ ਵਿਖੇ ਇੱਕ ਰਿਹਾਇਸ਼ੀ ਮਕਾਨ ਹੈ। ਨਸ਼ੀਲੀਆਂ ਵਸਤੂਆਂ ਸਪਲਾਈ ਕਰਨ ਵਾਲੇ ਕਥਿਤ ਦੋਸ਼ੀ ਮੁਕੰਦ ਖਾਨ ਤੋਂ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।