International Organizations: ਸੰਸਾਰ ਜੰਗ ਟਾਲਣ ਲਈ ਅੱਗੇ ਆਉਣ ਕੌਮਾਂਤਰੀ ਸੰਸਥਾਵਾਂ

International Organizations
International Organizations: ਸੰਸਾਰ ਜੰਗ ਟਾਲਣ ਲਈ ਅੱਗੇ ਆਉਣ ਕੌਮਾਂਤਰੀ ਸੰਸਥਾਵਾਂ

International Organizations: ਮੱਧ ਪੂਰਬ ਵਿੱਚ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਦੁਨੀਆ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ ਕਿ ਯੁੱਧ ਅਤੇ ਹਿੰਸਾ ਦਾ ਰਸਤਾ ਆਖਿਰ ਮਨੁੱਖਤਾ ਨੂੰ ਕਿੱਥੇ ਲਿਜਾ ਰਿਹਾ ਹੈ। ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧਦਾ ਟਕਰਾਅ ਪੂਰੇ ਖੇਤਰ ਨੂੰ ਅਸਥਿਰਤਾ ਦੀ ਅੱਗ ’ਚ ਧੱਕ ਰਿਹਾ ਹੈ। ਪਿਛਲੇ ਸਮੇਂ ਵਿੱਚ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਤੇ ਉਸ ਤੋਂ ਬਾਅਦ ਇਰਾਨ ਦੀ ਜਵਾਬੀ ਕਾਰਵਾਈ ਨੇ ਹਾਲਾਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੇ ਇਸ ਸਿਲਸਿਲੇ ਨੇ ਕਈ ਦੇਸ਼ਾਂ ਨੂੰ ਅਸਿੱਧੇ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਇਸ ਸੰਘਰਸ਼ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਇਸ ਦੀ ਕੀਮਤ ਆਮ ਨਾਗਰਿਕਾਂ ਨੂੰ ਤਾਰਨੀ ਪੈ ਰਹੀ ਹੈ। International Organizations

ਇਹ ਖਬਰ ਵੀ ਪੜ੍ਹੋ : CM Punjab: ਘਰ ਚਲਾਉਣ ਵਾਲੀਆਂ ਔਰਤਾਂ ਨੂੰ ਹੁਣ ਦੇਸ਼ ਚਲਾਉਣਾ ਚਾਹੀਦੈ: ਮੁੱਖ ਮੰਤਰੀ ਮਾਨ

ਸੰਯੁਕਤ ਰਾਸ਼ਟਰ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਤਣਾਅ ਛੇਤੀ ਨਾ ਰੁਕਿਆ ਤਾਂ ਪੂਰਾ ਮੱਧ ਪੂਰਬ ਇੱਕ ਵੱਡੇ ਮਨੁੱਖੀ ਸੰਕਟ ਦਾ ਕੇਂਦਰ ਬਣ ਸਕਦਾ ਹੈ। ਯੁੱਧ ਅਤੇ ਫੌਜੀ ਕਾਰਵਾਈਆਂ ਕਾਰਨ ਹਜ਼ਾਰਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਹਸਪਤਾਲ, ਸਕੂਲ ਤੇ ਰਿਹਾਇਸ਼ੀ ਇਲਾਕਿਆਂ ’ਤੇ ਖਤਰੇ ਦਾ ਮਾਹੌਲ ਬਣਿਆ ਹੋਇਆ ਹੈ। ਕਈ ਪਰਿਵਾਰ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਪਲਾਇਨ ਕਰ ਰਹੇ ਹਨ। ਮਨੁੱਖੀ ਸੰਕਟ ਦਾ ਸਭ ਤੋਂ ਗੰਭੀਰ ਅਸਰ ਬੱਚਿਆਂ ’ਤੇ ਦਿਖਾਈ ਦੇ ਰਿਹਾ ਹੈ।

ਸੰਯੁਕਤ ਰਾਸ਼ਟਰ ਬਾਲ ਕੋਸ਼ ਦੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸੰਘਰਸ਼ ਪੀੜਤ ਇਲਾਕਿਆਂ ਵਿੱਚ ਬੱਚਿਆਂ ਦੀ ਸਿੱਖਿਆ, ਸਿਹਤ ਤੇ ਪੋਸ਼ਣ ਉੱਤੇ ਡੂੰਘਾ ਅਸਰ ਪਿਆ ਹੈ। ਸਕੂਲਾਂ ਦੇ ਬੰਦ ਹੋਣ ਨਾਲ ਲੱਖਾਂ ਬੱਚਿਆਂ ਦੀ ਪੜ੍ਹਾਈ ’ਚ ਵਿਘਨ ਪਿਆ ਹੈ। ਹਸਪਤਾਲਾਂ ਵਿੱਚ ਜ਼ਖ਼ਮੀਆਂ ਦੀ ਗਿਣਤੀ ਵਧਣ ਨਾਲ ਇਲਾਜ ਸੇਵਾਵਾਂ ਦਬਾਅ ਵਿੱਚ ਆ ਗਈਆਂ ਹਨ। ਕਈ ਥਾਵਾਂ ’ਤੇ ਦਵਾਈਆਂ ਅਤੇ ਜ਼ਰੂਰੀ ਇਲਾਜ ਉਪਕਰਨਾਂ ਦੀ ਕਮੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਯੁੱਧ ਦੀ ਸਥਿਤੀ ਨੇ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਦਾ ਮਾਨਸਿਕ ਪ੍ਰਭਾਵ ਵੀ ਬੱਚਿਆਂ ਅਤੇ ਪਰਿਵਾਰਾਂ ’ਤੇੇ ਸਪੱਸ਼ਟ ਦਿਖਾਈ ਦੇ ਰਿਹਾ ਹੈ। International Organizations

ਇਸ ਪੂਰੇ ਸੰਕਟ ਦੀਆਂ ਜੜ੍ਹਾਂ ਲੰਮੇ ਸਮੇਂ ਤੋਂ ਚੱਲ ਰਹੀ ਰਾਜਨੀਤਕ ਅਤੇ ਫੌਜੀ ਮੁਕਾਬਲੇਬਾਜ਼ੀ ਵਿੱਚ ਲੁਕੀਆਂ ਹਨ। ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਦੀਆਂ ਚਿੰਤਾਵਾਂ ਲੰਮੇ ਸਮੇਂ ਤੋਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਇਜ਼ਰਾਈਲ ਨੇ ਕਈ ਮੌਕਿਆਂ ’ਤੇ ਇਹ ਕਿਹਾ ਹੈ ਕਿ ਜੇਕਰ ਇਰਾਨ ਨਿਊਕਲੀਅਰ ਸਮਰੱਥਾ ਹਾਸਲ ਕਰ ਲੈਂਦਾ ਹੈ ਤਾਂ ਇਸ ਨਾਲ ਖੇਤਰੀ ਸੁਰੱਖਿਆ ਨੂੰ ਖਤਰਾ ਹੋਵੇਗਾ। ਦੂਜੇ ਪਾਸੇ ਇਰਾਨ ਆਪਣੇ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਜ਼ਰੂਰੀ ਦੱਸਦਾ ਹੈ। ਇਹੀ ਮੱਤਭੇਦ ਸਮੇਂ-ਸਮੇਂ ’ਤੇ ਤਣਾਅ ਨੂੰ ਜਨਮ ਦਿੰਦੇ ਰਹੇ ਹਨ। ਹਾਲ ਹੀ ਵਿੱਚ ਹੋਏ ਹਮਲਿਆਂ ਅਤੇ ਜਵਾਬੀ ਕਾਰਵਾਈਆਂ ਨੇ ਇਸ ਬੇਭਰੋਸਗੀ ਨੂੰ ਹੋਰ ਵਧਾ ਦਿੱਤਾ ਹੈ।

ਖੇਤਰੀ ਪੱਧਰ ’ਤੇ ਵੀ ਇਸ ਸੰਘਰਸ਼ ਦੇ ਅਸਰ ਦਿਖਾਈ ਦੇ ਰਹੇ ਹਨ। ਲਿਬਨਾਨ ਵਿੱਚ ਸਰਗਰਮ ਸੰਗਠਨ ਹਿਜ਼ਬੁੱਲਾਹ ਕਾਰਨ ਤਣਾਅ ਦਾ ਵਿਸਥਾਰ ਹੋਣ ਦੀ ਸੰਭਾਵਨਾ ਹੈ। ਖਾੜੀ ਖੇਤਰ ਦੇ ਦੇਸ਼ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ, ਕਿਉਂਕਿ ਕਿਸੇ ਵੀ ਵੱਡੇ ਸੰਘਰਸ਼ ਦਾ ਅਸਰ ਉਨ੍ਹਾਂ ਦੇ ਆਰਥਿਕ ਅਤੇ ਸੁਰੱਖਿਆ ਢਾਂਚੇ ’ਤੇ ਪੈ ਸਕਦਾ ਹੈ। ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਰਾਜਨੀਤਕ ਅਸਥਿਰਤਾ ਅਤੇ ਆਰਥਿਕ ਚੁਣੌਤੀਆਂ ਮੌਜ਼ੂਦ ਹਨ। ਅਜਿਹੇ ਵਿੱਚ ਜੇਕਰ ਸੰਘਰਸ਼ ਲੰਮਾ ਖਿੱਚਿਆ ਤਾਂ ਸਥਿਤੀ ਹੋਰ ਗੁੰਝਲਦਾਰ ਹੋ ਸਕਦੀ ਹੈ। ਊਰਜਾ ਸਪਲਾਈ ਦੇ ਸੰਦਰਭ ਵਿੱਚ ਵੀ ਇਹ ਸੰਕਟ ਮਹੱਤਵਪੂਰਨ ਹੈ। ਮੱਧ ਪੂਰਬ ਵਿਸ਼ਵ ਦੇ ਪ੍ਰਮੁੱਖ ਤੇਲ ਉਤਪਾਦਕ ਖੇਤਰਾਂ ’ਚੋਂ ਇੱਕ ਹੈ। ਇਸ ਖੇਤਰ ਵਿੱਚ ਅਸਥਿਰਤਾ ਵਧਣ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ।

ਇਸ ਨਾਲ ਵਿਸ਼ਵ ਆਰਥਿਕਤਾ ’ਤੇ ਦਬਾਅ ਪੈਂਦਾ ਹੈ। ਤੇਲ ਦਰਾਮਦ ’ਤੇ ਨਿਰਭਰ ਦੇਸ਼ਾਂ ਲਈ ਇਹ ਸਥਿਤੀ ਵਿਸ਼ੇਸ਼ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਊਰਜਾ ਲਾਗਤ ਵਧਣ ਨਾਲ ਆਵਾਜਾਈ, ਖੇਤੀਬਾੜੀ ਤੇ ਉਦਯੋਗ ’ਤੇ ਵੀ ਅਸਰ ਪੈਂਦਾ ਹੈ, ਜਿਸ ਦਾ ਅਸਰ ਅੰਤ ਵਿੱਚ ਆਮ ਨਾਗਰਿਕਾਂ ਦੀ ਜੀਵਨ-ਬਸਰ ਲਾਗਤ ’ਤੇ ਦਿਖਾਈ ਦਿੰਦਾ ਹੈ। ਭਾਰਤ ਲਈ ਵੀ ਇਹ ਸੰਕਟ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ। ਇੱਕ ਪਾਸੇ ਭਾਰਤ ਦੇ ਇਰਾਨ ਨਾਲ ਇਤਿਹਾਸਕ ਅਤੇ ਆਰਥਿਕ ਸੰਬੰਧ ਰਹੇ ਹਨ, ਦੂਜੇ ਪਾਸੇ ਇਜ਼ਰਾਈਲ ਭਾਰਤ ਦਾ ਪ੍ਰਮੁੱਖ ਰੱਖਿਆ ਸਹਿਯੋਗੀ ਹੈ। ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਕੰਮ ਕਰਦੇ ਹਨ ਤੇ ਉੱਥੋਂ ਹੋਣ ਵਾਲੀ ਆਰਥਿਕ ਆਮਦਨੀ ਭਾਰਤ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। International Organizations

ਇਸ ਲਈ ਮੱਧ ਪੂਰਬ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਭਾਰਤ ਸਰਕਾਰ ਨੇ ਸਮੇਂ-ਸਮੇਂ ’ਤੇ ਸੰਯਮ ਅਤੇ ਸੰਵਾਦ ਦਾ ਸੱਦਾ ਦਿੱਤਾ ਹੈ। ਭਾਰਤੀ ਵਿਦੇਸ਼ ਨੀਤੀ ਦਾ ਮੂਲ ਸਿਧਾਂਤ ਇਹੀ ਰਿਹਾ ਹੈ ਕਿ ਵਿਵਾਦਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਦੇ ਮਾਧਿਅਮ ਨਾਲ ਹੋਣਾ ਚਾਹੀਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਭਾਰਤ ਦੇ ਸਾਹਮਣੇ ਦੋਹਰੀ ਚੁਣੌਤੀ ਹੈ। ਇੱਕ ਪਾਸੇ ਉਸ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਪੈਂਦੀ ਹੈ। ਦੂਜੇ ਪਾਸੇ ਖੇਤਰੀ ਸੰਤੁਲਨ ਬਣਾਈ ਰੱਖਣ ਲਈ ਕੂਟਨੀਤਕ ਸਾਵਧਾਨੀ ਵੀ ਜ਼ਰੂਰੀ ਹੈ। ਜੇਕਰ ਸੰਘਰਸ਼ ਵਧਦਾ ਹੈ ਤਾਂ ਉੱਥੇ ਰਹਿ ਰਹੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੀ ਵਿਵਸਥਾ ਕਰਨਾ ਵੀ ਇੱਕ ਵੱਡਾ ਫਰਜ਼ ਬਣ ਸਕਦਾ ਹੈ। ਇਸ ਦੇ ਨਾਲ-ਨਾਲ ਭਾਰਤ ਨੂੰ ਊਰਜਾ ਸਪਲਾਈ ਅਤੇ ਵਪਾਰਕ ਹਿੱਤਾਂ ਦੀ ਸੁਰੱਖਿਆ ਲਈ ਵੀ ਰਣਨੀਤਕ ਕਦਮ ਚੁੱਕਣੇ ਪੈਣੇ ਹਨ।

ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਵੀ ਇਹ ਸਵਾਲ ਹੈ ਕਿ ਇਸ ਵਧਦੇ ਸੰਘਰਸ਼ ਨੂੰ ਕਿਵੇਂ ਰੋਕਿਆ ਜਾਵੇ। ਸੰਯੁਕਤ ਰਾਸ਼ਟਰ ਅਤੇ ਹੋਰ ਵਿਸ਼ਵ ਸੰਸਥਾਵਾਂ ਦੀ ਭੂਮਿਕਾ ਇੱਥੇ ਮਹੱਤਵਪੂਰਨ ਬਣ ਜਾਂਦੀ ਹੈ। ਸ਼ਾਂਤੀ ਗੱਲਬਾਤ, ਵਿਚੋਲਗੀ ਅਤੇ ਮਨੁੱਖੀ ਸਹਾਇਤਾ ਦੇ ਜ਼ਰੀਏ ਤਣਾਅ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦੀ ਲੋੜ ਹੈ। ਜੇਕਰ ਸਮਾਂ ਰਹਿੰਦੇ ਠੋਸ ਕਦਮ ਨਾ ਚੁੱਕੇ ਗਏ ਤਾਂ ਇਹ ਸੰਕਟ ਹੋਰ ਵਿਆਪਕ ਰੂਪ ਲੈ ਸਕਦਾ ਹੈ। ਇਤਿਹਾਸ ਇਹ ਦੱਸਦਾ ਹੈ ਕਿ ਯੁੱਧ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੁੰਦਾ। ਹਿੰਸਾ ਸਿਰਫ਼ ਨਵੀਆਂ ਪੀੜਾਂ ਅਤੇ ਸੰਘਰਸ਼ਾਂ ਨੂੰ ਜਨਮ ਦਿੰਦੀ ਹੈ। ਜਦੋਂ ਸ਼ਹਿਰਾਂ ’ਤੇ ਮਿਜ਼ਾਈਲਾਂ ਡਿੱਗਦੀਆਂ ਹਨ ਅਤੇ ਪਰਿਵਾਰ ਆਪਣੇ ਘਰ ਛੱਡਣ ਲਈ ਮਜ਼ਬੂਰ ਹੁੰਦੇ ਹਨ।

ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਯੁੱਧ ਦਾ ਅਸਲ ਨੁਕਸਾਨ ਮਨੁੱਖਤਾ ਨੂੰ ਹੀ ਝੱਲਣਾ ਪੈਂਦਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਾਰੇ ਪੱਖ ਸੰਯਮ ਅਤੇ ਵਿਵੇਕ ਦਾ ਪ੍ਰਦਰਸ਼ਨ ਕਰਨ। ਮੱਧ ਪੂਰਬ ਦੇ ਇਸ ਸੰਕਟ ਨੇ ਦੁਨੀਆ ਨੂੰ ਇੱਕ ਵਾਰ ਫਿਰ ਯਾਦ ਕਰਵਾਇਆ ਹੈ ਕਿ ਸ਼ਾਂਤੀ ਅਤੇ ਸੰਵਾਦ ਹੀ ਸਥਿਰ ਭਵਿੱਖ ਦੀ ਨੀਂਹ ਹਨ। ਵਿਸ਼ਵ ਭਾਈਚਾਰੇ ਜੇਕਰ ਇਕੱਠੇ ਹੋ ਕੇ ਯਤਨ ਕਰਨ ਤਾਂ ਸੰਘਰਸ਼ ਦੀ ਇਸ ਅੱਗ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਮਨੁੱਖਤਾ ਦੀ ਰੱਖਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਇਹੀ ਰਾਹ ਸਭ ਤੋਂ ਵੱਧ ਸਾਰਥਕ ਅਤੇ ਜ਼ਰੂਰੀ ਹੈ। International Organizations

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ