ਨਰੇਸ਼ ਪਠਾਣੀਆ
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੀ ਅਗਵਾਈ ਹੇਠ 4 ਤੋਂ 10 ਫਰਵਰੀ ਤੱਕ ਦਾ ਸਮਾਂ ਭਾਵ ਹਫ਼ਤਾ ‘ਰੋਡ ਸੇਫਟੀ ਵੀਕ’ ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਸੜਕ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕ ਕਰਕੇ ਹਾਦਸਿਆਂ ਤੋਂ ਬਚਾਅ ਕਰਨ ਲਈ ਪ੍ਰੇਰਿਤ ਕਰਨਾ ਹੈ। ਤਕਰੀਬਨ ਹਰ ਰੋਜ਼ ਵਾਂਗ ਮੀਡੀਆ ਵਿੱਚ ਕਿਸੇ ਨਾ ਕਿਸੇ ਭਿਆਨਕ ਸੜਕ ਹਾਦਸੇ ਬਾਰੇ ਦੁਖਦਾਈ ਖ਼ਬਰ ਪੜ੍ਹਨ-ਸੁਣਨ ਨੂੰ ਮਿਲਦੀ ਹੈ। ਸੜਕਾਂ ‘ਤੇ ਵਾਹਨਾਂ ਦੀ ਦਿਨੋ-ਦਿਨ ਵਧ ਰਹੀ ਆਵਾਜਾਈ ਅਤੇ ਸਾਡੀ ਤੇਜ਼ ਹੁੰਦੀ ਜਾ ਰਹੀ ਰਫ਼ਤਾਰ ਨੇ ਸਾਡੇ ਜੀਵਨ ਦੀ ਰਫ਼ਤਾਰ ਨੂੰ ਵੀ ਛੋਟਾ ਕਰ ਦਿੱਤਾ ਹੈ। ਇਹ ਸੜਕੀ ਹਾਦਸੇ ਪਲਾਂ ਵਿੱਚ ਹੀ ਕਿਸੇ ਹੱਸਦੀ-ਖੇਡਦੀ ਜ਼ਿੰਦਗੀ ਨੂੰ ਖਤਮ ਕਰ ਜਾਂਦੇ ਹਨ ਤੇ ਇਨ੍ਹਾਂ ਹਾਦਸਿਆਂ ‘ਚੋਂ ਜ਼ਿੰਦਾ ਬਚੇ ਫੱਟੜ ਵਿਅਕਤੀ ਅਪਾਹਿਜਤਾ ਭਰੀ ਜ਼ਿੰਦਗੀ ਜਿਊਂਦੇ ਹੋਏ ਪਰਿਵਾਰ ਅਤੇ ਸਮਾਜ ਉੱਪਰ ਬੋਝ ਬਣ ਜਾਂਦੇ ਹਨ।
ਸੜਕ ਸੁਰੱਖਿਆ ਸੁਧਾਰਾਂ ਦੇ ਬਾਵਜੂਦ ਹਰ ਸਾਲ ਸੜਕ ਹਾਦਸਿਆਂ ਕਾਰਨ ਦੁਨੀਆ ਭਰ ‘ਚ ਅੰਦਾਜਨ 1.25 ਮੀਲੀਅਨ ਲੋਕ ਜਾਨਾਂ ਗਵਾਉਂਦੇ ਹਨ ਤੇ 20 ਤੋਂ 30 ਮੀਲੀਅਨ ਲੋਕ ਫੱਟੜ ਹੋ ਕੇ ਦੁੱਖਾਂ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਜਾਂਦੇ ਹਨ। ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਵੀ ਹਰ ਸਾਲ ਇੱਕ ਲੱਖ ਤੋਂ ਵੱਧ ਮੌਤਾਂ ਸੜਕ ਹਾਦਸਿਆਂ ਵਿੱਚ ਹੋ ਜਾਂਦੀਆਂ ਹਨ। ਇੱਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ‘ਚੋਂ 40 ਫੀਸਦੀ ਮੌਤਾਂ ਸਮੇਂ ਸਿਰ ਫ਼ਸਟ ਏਡ ਜਾਂ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਹੋ ਜਾਂਦੀਆਂ ਹਨ। ਹਾਦਸਿਆਂ ਦੇ ਕਾਰਨ ਭਾਵੇਂ ਕੁਝ ਵੀ ਰਹੇ ਹੋਣ ਪਰੰਤੂ ਹਾਦਸਿਆਂ ਦੇ ਸ਼ਿਕਾਰ ਹੋਏ ਫੱਟੜਾਂ ਨੂੰ ਜੇਕਰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਸਕੇ ਤਾਂ ਜਿੱਥੇ ਉਨ੍ਹਾਂ ਦੇ ਦੁੱਖ-ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ, ਉੱਥੇ ਕਿਸੇ ਕੀਮਤੀ ਜਾਨ ਨੂੰ ਵੀ ਬਚਾਇਆ ਜਾ ਸਕਦਾ ਹੈ। ਅੱਜ ਜ਼ਿਆਦਾਤਰ ਲੋਕੀ ਕਾਨੂੰਨੀ ਝੰਜਟਾਂ ਤੋਂ ਡਰਦੇ ਹਮਦਰਦੀ ਹੁੰਦਿਆਂ ਵੀ ਸੜਕਾਂ ‘ਤੇ ਪਏ ਜ਼ਖਮੀਆਂ ਜਾਂ ਰੋਗੀਆਂ ਨੂੰ ਹੱਥ ਨਹੀਂ ਪਾਉਂਦੇ। ਮਾਣਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਮੱਦਦ ਕਰਨ ਵਾਲਿਆਂ ਨੂੰ ਕਾਨੂੰਨੀ ਝੰਜਟਾਂ ਵਿੱਚ ਨਹੀਂ ਪਾਇਆ ਜਾ ਸਕਦਾ ਸਗੋਂ ਕਿਸੇ ਜ਼ਖਮੀ ਦੀ ਮੱਦਦ ਕਰਨ ਵਾਲੇ ਨੂੰ ਸਨਮਾਨਿਤ ਕੀਤੇ ਜਾਣਾ ਵੀ ਕਰਾਰ ਦਿੱਤਾ ਗਿਆ ਹੈ। ਮੋਟਰ ਵਹੀਕਲ ਐਕਟ ਮੁਤਾਬਕ ਵਾਹਨਾਂ ਵਿੱਚ ਫ਼ਸਟ ਏਡ ਬਕਸੇ ਰੱਖਣੇ ਵੀ ਜਰੂਰੀ ਹਨ ਪਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਬਹੁਤੇ ਵਾਹਨਾਂ ਵਿੱਚ ਲੋੜ ਪੈਣ ‘ਤੇ ਫ਼ਸਟ ਏਡ ਬਕਸੇ ਵੀ ਨਹੀਂ ਮਿਲਦੇ।
ਸੜਕ ਹਾਦਸਿਆਂ ਦੌਰਾਨ ਜੋ ਵੀ ਨੇੜੇ ਦੇ ਲੋਕ ਹਨ ਜਾਂ ਐਕਸੀਡੈਂਟ ਤੋਂ ਬਚੇ ਹਨ, ਫੱਟੜਾਂ ਦੀ ਜਾਨ ਬਚਾਉਣਾ ਬਹੁਤਾ ਇਨ੍ਹਾਂ ‘ਤੇ ਨਿਰਭਰ ਕਰਦਾ ਹੈ। ਸਾਡੀ ਥੋੜ੍ਹੀ ਜਿਹੀ ਹੁਸ਼ਿਆਰੀ ਅਤੇ ਸਿਆਣਪ ਫੱਟੜ ਮਰੀਜ਼ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ ਸਕਦੀ ਹੈ। ਐਕਸੀਡੈਂਟ ਜੇਕਰ ਸੜਕ ਵਿਚਕਾਰ ਹੋਇਆ ਹੈ ਤਾਂ ਪਹਿਲਾ ਕੰਮ ਫੱਟੜਾਂ ਨੂੰ ਸੁਰੱਖਿਅਤ ਢੰਗ ਨਾਲ ਚੁੱਕ ਕੇ ਇੱਕ ਪਾਸੇ ਕਰ ਦਿਓ ਤਾਂ ਜੋ ਕਿਸੇ ਤੇਜ਼ ਆ ਰਹੇ ਵਾਹਨ ਨਾਲ ਤੁਹਾਡੀ ਜਾਂ ਮਰੀਜ਼ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ। ਪੀੜਤ ਵਿਅਕਤੀ ਦੀ ਦਿਲ ਦੀ ਧੜਕਣ ਤੇ ਸਾਹ ਚੈੱਕ ਕਰੋ। ਦਿਲ ਦੀ ਧੜਕਣ ਅਤੇ ਸਾਹ ਬੰਦ ਹੋਵੇ ਤਾਂ ਬਨਾਉਟੀ ਸਾਹ ਦੇਣ ਦੇ ਢੰਗ-ਤਰੀਕੇ ਅਤੇ ਸੀ.ਪੀ.ਆਰ. ਮੈਥਡ ਫ਼ਸਟ ਏਡ ਟ੍ਰੇਨਿੰਗ ਦੌਰਾਨ ਸਿਖਾਏ ਜਾਂਦੇ ਹਨ। ਵੇਖੋ ਕਿ ਪੀੜਤ ਵਿਅਕਤੀ ਹੋਸ਼ ਵਿੱਚ ਹੈ ਜਾਂ ਨਹੀਂ ਅਤੇ ਕਿਤੋਂ ਖ਼ੂਨ ਤਾਂ ਨਹੀਂ ਵਗ ਰਿਹਾ।
ਕਈ ਵਾਰ ਬਾਹਰੋਂ ਕੁੱਝ ਨਹੀਂ ਦਿਖਦਾ ਪਰੰਤੂ ਅੰਦਰੂਨੀ ਸੱਟਾਂ ਕਾਰਨ ਖ਼ੂਨ ਦਾ ਵਗਣਾ ਵੀ ਹੋ ਸਕਦਾ ਹੈ ਫੱਟੜ ਦੇ ਆਲੇ-ਦੁਆਲੇ ਬਹੁਤੀ ਭੀੜ ਇਕੱਠੀ ਨਾ ਹੋਣ ਦਿਓ ਕਿਉਂਕਿ ਮਰੀਜ਼ ਨੂੰ ਤਾਜ਼ੀ ਹਵਾ ਦੀ ਲੋੜ ਹੁੰਦੀ ਹੈ। ਫੱਟੜਾਂ ਨੂੰ ਇੱਕਦਮ ਚੁੱਕਣ ਦੀ ਕਾਹਲ ਨਾ ਕਰੋ। ਕਈ ਵਾਰ ਲੋਕਾਂ ਦੀ ਭਾਵਨਾ ਹੁੰਦੀ ਹੈ ਕਿ ਪੀੜਤ ਵਿਅਕਤੀ ਨੂੰ ਛੇਤੀ ਹੀ ਖੜ੍ਹਾ ਕੀਤਾ ਜਾਵੇ ਜਾਂ ਬੈਠਾ ਕੇ ਕਿਸੇ ਵਹੀਕਲ ਵਿੱਚ ਪਾਇਆ ਜਾਵੇ। ਜਲਦਬਾਜ਼ੀ ਵਿੱਚ ਉਸ ਦੀ ਖਿੱਚ-ਧੂਹ ਕੀਤੀ ਜਾਂਦੀ ਹੈ ਜਾਂ ਫਿਰ ਚੁੱਕਣ ਆਦਿ ਵੇਲੇ ਸਹੀ ਢੰਗਾਂ ਦਾ ਪਤਾ ਨਹੀਂ ਹੁੰਦਾ।
ਹਾਦਸੇ ਵੇਲੇ ਪੀੜਤ ਵਿਅਕਤੀ ਦੀ ਰੀੜ੍ਹ ਦੀ ਹੱਡੀ ਖਾਸ ਕਰਕੇ ਧੌਣ ਵਿੱਚ ਸੱਟ ਲੱਗੀ ਹੋਵੇ ਤਾਂ ਫੱਟੜ ਨੂੰ ਬਹੁਤ ਹੀ ਤਰੀਕੇ ਨਾਲ ਸੰਭਾਲ ਕੇ ਚੁੱਕਣਾ ਚਾਹੀਦਾ ਹੈ ਪੀੜਤ ਵਿਅਕਤੀ ਨੂੰ ਚੁੱਕਣ ਤੋਂ ਪਹਿਲਾਂ ਇਹ ਜਰੂਰ ਵੇਖ ਲਓ ਕਿ ਕੋਈ ਹੱਡੀ ਤਾਂ ਨਹੀਂ ਟੁੱਟੀ। ਅੰਗ ਦੇ ਆਕਾਰ ਦਾ ਟੇਢਾਪਣ, ਦਰਦ, ਸੋਜ ਆਦਿ ਨਾਲ ਹੱਡੀ ਟੁੱਟੀ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਅਜਿਹੀਆਂ ਹਾਲਤਾਂ ਵਾਲੇ ਵਿਅਕਤੀਆਂ ਦੀ ਸ਼ਿਫਟਿੰਗ ਆਮ ਤੌਰ ‘ਤੇ ਫੱਟੇ ਜਾਂ ਸਟਰੈਚਰ ‘ਤੇ ਹੀ ਹੋਣੀ ਚਾਹੀਦੀ ਹੈ। ਫਰੈਕਚਰ ਕੇਸਾਂ ਵਿੱਚ ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣ ਵਾਸਤੇ ਫੱਟੀਆਂ ਭਾਵ ਸਪਲਿੰਟਸ ਦੀ ਵਰਤੋਂ ਵੀ ਕਰਨੀ ਜਰੂਰੀ ਹੁੰਦੀ ਹੈ। ਮੌਕੇ ‘ਤੇ ਇਹ ਕੰਮ ਕਿਸੇ ਦਰੱਖ਼ਤ ਦੀ ਟਾਹਣੀ, ਫੱਟੀ, ਸੋਟੀ, ਰੱਦੀ ਤਹਿ ਕੀਤੇ ਅਖ਼ਬਾਰ, ਗੱਤੇ ਆਦਿ ਨਾਲ ਚਲਾਇਆ ਜਾ ਸਕਦਾ ਹੈ। ਫਰੈਕਚਰ ਕੇਸ ‘ਚ ਵਿਅਕਤੀ ਨੂੰ ਸਹੀ ਤਰੀਕੇ ਨਾਲ ਚੁੱਕ ਕੇ ਉਸਨੂੰ ਸਦਾ ਲਈ ਅਪਾਹਿਜ਼ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬੇਹੋਸ਼ ਵਿਅਕਤੀ ਨੂੰ ਲੈ ਜਾਣ ਵੇਲੇ ਟੇਢਾ ਕਰਕੇ ਭਾਵ ਵੱਖੀ ਪਰਨੇ ਜਿਸ ਨੂੰ ਰਿਕਵਰੀ ਪੁਜੀਸ਼ਨ ਕਹਿੰਦੇ ਹਨ, ਵਾਲੀ ਹਾਲਤ ‘ਚ ਪਾ ਕੇ ਹਸਪਤਾਲ ਲਿਜਾਇਆ ਜਾਵੇ ਤਾਂ ਜੋ ਅੰਦਰੋਂ ਨਿੱਕਲਣ ਵਾਲਾ ਖੂਨ ਜਾਂ ਉਲਟੀ ਫੇਫੜਿਆਂ ਵਿੱਚ ਨਾ ਚਲੀ ਜਾਵੇ ਜੋ ਕਿ ਜਾਨਲੇਵਾ ਹੋ ਸਕਦੀ ਹੈ। ਫੱਟਾਂ ਵਿੱਚੋਂ ਖ਼ੂਨ ਵਗ ਰਿਹਾ ਹੋਵੇ ਤਾਂ ਅੰਗ ਨੂੰ ਥੋੜ੍ਹਾ ਉੱਚਾ ਕਰਕੇ ਰੱਖੋ ਤੇ ਵਗਦੇ ਖ਼ੂਨ ਨੂੰ ਰੋਕਣ ਦੇ ਉਪਰਾਲੇ ਕਰੋ। ਖ਼ੂਨ ਵਗਣ ਵਾਲੀ ਜਗ੍ਹਾ ‘ਤੇ ਸਾਫ਼ ਰੁਮਾਲ/ਕੱਪੜੇ ਜਾਂ ਪੱਟੀਆਂ ਆਦਿ ਨਾਲ ਦਬਾਅ ਬਣਾ ਕੇ ਰੱਖੋ। ਐਕਸੀਡੈਂਟ ਹੋਣ ਦੀ ਸੂਰਤ ਵਿੱਚ ਸੀਟ ਬੈਲਟਾਂ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦੀਆਂ ਹਨ।
ਦੋਪਹੀਆ ਵਾਹਨ ਵਾਲਿਆਂ ਨੂੰ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸੇ ਵੀ ਹਾਦਸੇ ਵਿੱਚ ਹੌਂਸਲਾ ਕਾਇਮ ਰੱਖੋ ਤੇ ਘਬਰਾਓ ਨਾ। ਸਹਾਇਤਾ ਮਿਲਣ ਤੱਕ ਰੋਗੀ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਵੀ ਮਾਨਸਿਕ ਹੌਂਸਲਾ ਅਤੇ ਤਸੱਲੀ ਦੇਣ ਦੀ ਕੋਸ਼ਿਸ਼ ਕਰੋ। ਇਸ ਨਾਲ ਫਿਕਰ ਤੇ ਬੇਚੈਨੀ ਘਟਦੀ ਹੈ। ਭੁੱਲ-ਭੁਲੇਖੇ ਵੀ ਕਦੀ ਕਿਸੇ ਫੱਟੜ ਜਾਂ ਬੇਹੋਸ਼ੀ ਦੀ ਹਾਲਤ ਵਾਲੇ ਦੇ ਮੂੰਹ ਵਿੱਚ ਪਾਣੀ ਨਾ ਪਾਓ। ਇਹ ਪਾਣੀ ਫੇਫੜਿਆਂ ਵਿੱਚ ਜਾ ਕੇ ਸਾਹ ਦੀ ਰੁਕਾਵਟ ਕਰ ਸਕਦਾ ਹੈ।
ਆਮ ਤੌਰ ‘ਤੇ ਹਰੇਕ ਵਿਅਕਤੀ ਨੂੰ ਫ਼ਸਟ ਏਡ ਦੀ ਟ੍ਰੇਨਿੰਗ ਲੈ ਕੇ ਬਨਾਉਟੀ ਸਾਹ ਦੇਣ ਦੇ ਢੰਗਾਂ, ਸੀਪੀਆਰ ਮੈਥਡ ਸਿੱਖ ਲੈਣੇ ਚਾਹੀਦੇ ਹਨ ਤਾਂ ਜੋ ਘਰੇਲੂ ਜਾਂ ਬਾਹਰੀ ਹਾਦਸਿਆਂ ਮੌਕੇ ਕਿਸੇ ਦੀ ਮੱਦਦ ਕੀਤੀ ਜਾ ਸਕੇ। ਫ਼ਸਟ ਏਡ ਦੀ ਇਹ ਜੀਵਨ ਬਚਾਊ ਟ੍ਰੇਨਿੰਗ ਜ਼ਿਲ੍ਹਿਆਂ ਵਿੱਚ ਕੰਮ ਕਰਦੀਆਂ ਰੈੱਡ ਕਰਾਸ ਸੰਸਥਾਵਾਂ ਦੇ ਸੇਂਟ ਜਾੱਨ ਐਂਬੂਲੈਂਸ ਕੇਂਦਰਾਂ ਵੱਲੋਂ ਕਰਵਾÎਈ ਜਾਂਦੀ ਹੈ। ਸਰਕਾਰਾਂ ਜਿੱਥੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸੁਰੱਖਿਆ ਨੀਤੀਆਂ ਅਮਲ ਵਿੱਚ ਲਿਆਉਂਦੀਆਂ ਹਨ ਉੱਥੇ ਫ਼ਸਟ ਏਡ ਦੇ ਗਿਆਨ ਨੂੰ ਵੀ ਹਰੇਕ ਲਈ ਲਾਜ਼ਮੀਂ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਹਾਦਸਿਆਂ ਦੌਰਾਨ ਲੋਕ ਇਸ ਗਿਆਨ ਦੇ ਜਰੀਏ ਕੀਮਤੀ ਅਤੇ ਵਡਮੁੱਲੀਆਂ ਜਾਨਾਂ ਬਚਾ ਸਕਣ।
ਨੈਸ਼ਨਲ ਐਵਾਰਡੀ ਅਤੇ ਫ਼ਸਟ ਏਡ ਟ੍ਰੇਨਰ,
ਭਾਗੂ ਰੋਡ, ਬਠਿੰਡਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।