ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਆਮ ਲੋਕਾਂ ਦਾ ਜੀਵਨ-ਨਿਬਾਹ ਔਖਾ ਹੁੰਦਾ ਜਾ ਰਿਹੈ ਜਿਹੜੀ ਚੀਜ਼ ਕਦੇ ਟਕੇ ਵਿਚ ਮਿਲਦੀ ਸੀ, ਉਹ ਅੱਜ ਸੌ, ਹਜ਼ਾਰ ਤੇ ਪਤਾ ਨਹੀਂ ਕਿੰਨਾ ਮੁੱਲ ਫੜ੍ਹ ਗਈ ਹੈ। ਭਾਰਤੀ ਰੁਪਏ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਘੱਟ ਹੈ, ਐਪਰ ਗੰਢੇ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਮਜ਼ਬੂਤ ਹੈ। ਸਾਡੀ ਮੁਦਰਾ ਦੀ ਕੀਮਤ ਘਟ ਰਹੀ ਹੈ, ਤੇ ਵਸਤਾਂ ਦਾ ਮੁੱਲ ਵਧ ਰਿਹਾ ਹੈ। ਗੰਢੇ, ਪੈਟਰੋਲ, ਸਬਜ਼ੀਆਂ ਤੇ ਕਿੰਨੀਆਂ ਹੀ ਵਸਤਾਂ ਜਿਨ੍ਹਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਕੀ ਆਮ ਜਨਤਾ ਇਹ ਮੁੱਲ ਅਦਾ ਕਰ ਸਕਦੀ ਹੈ? ਜੋ ਵਿਅਕਤੀ ਦਿਨ ਵਿਚ ਪੂਰੀ ਦਿਹਾੜੀ ਕਰਕੇ ਤਿੰਨ ਸੌ ਰੁਪਈਆ ਕਮਾਉਂਦਾ ਹੈ। ਉਹ ਵਿਅਕਤੀ ਸੌ ਰੁਪਏ ਕਿੱਲੋ ਦੇ ਗੰਢੇ, ਪੰਜਾਹ ਰੁਪਏ ਕਿੱਲੋ ਦੇ ਮਟਰ, ਸੌ ਰੁਪਏ ਕਿੱਲੋ ਦਾ ਅਦਰਕ ਤੇ ਮਹਿੰਗੀਆਂ ਸਬਜ਼ੀਆਂ ਕਿਵੇਂ ਖਰੀਦੇਗਾ? ਇੰਜ ਤਾਂ ਉਹ ਸਿਰਫ ਸਬਜ਼ੀ ਜੋਗਾ ਹੀ ਰਹਿ ਗਿਆ। ਉਸਦੇ ਘਰ ਦੇ ਖਰਚੇ ਉਹ ਕਿਵੇਂ ਪੂਰੇ ਕਰੇਗਾ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਵੇਂ ਸੋਚ ਸਕਦਾ ਹੈ? ਇਹ ਵਿਸ਼ਾ ਆਮ ਹੈ ਪਰ ਅਹਿਮ ਤੇ ਗੰਭੀਰ ਵੀ ਹੈ।
ਭਾਰਤ ਦੇਸ਼ ਦੀ ਵੰਡ ਤੋਂ ਬਾਅਦ ਲਗਾਤਾਰ ਅਜਿਹੇ ਦਾ ਸ਼ਿਕਾਰ ਹੁੰਦਾ ਆਇਆ ਹੈ। ਇੱਕ ਪਾਸੇ ਸਰਕਾਰ ਦੇਸ਼ ਨੂੰ ਉੱਚਾ ਚੁੱਕਣ ਦੇ ਵਾਅਦੇ ਕਰਦੀ ਹੈ ਤੇ ਦੂਜੇ ਪਾਸੇ ਵਸਤਾਂ ਦੇ ਉੱਚੇ ਮੁੱਲਾਂ ਕਾਰਨ ਲੋਕ ਗਰੀਬੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਇਸ ਮਹਿੰਗਾਈ ਦਾ ਮੁੱਖ ਕਾਰਨ ਸਰਕਾਰ ਦੀਆਂ ਗਲਤ ਨੀਤੀਆਂ ਤੇ ਅਰਥਵਿਵਸਥਾ ਵਿੱਚ ਆਈ ਮੰਦੀ ਹੈ। ਜੇਕਰ ਲੋਕਾਂ ਨੂੰ ਕਮਾਉਣ ਤੋਂ ਬਾਅਦ ਵੀ ਭੁੱਖਾ ਮਰਨਾ ਪੈਂਦਾ ਹੈ ਤਾਂ ਅਸੀਂ ਖ਼ੁਦ ਸੋਚ ਸਕਦੇ ਹਾਂ ਕਿ ਅਸੀਂ ਖ਼ਤਰੇ ਦੀ ਕਿਹੜੀ ਕਗਾਰ ‘ਤੇ ਹਾਂ। ਹੋਰ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਬਣਾ ਰਹੇ ਹਨ ਤੇ ਸਾਡੇ ਦੇਸ਼ ਦੇ ਲੋਕਾਂ ਦਾ ਸਾਰਾ ਦਿਨ ਢਿੱਡ ਭਰਨ ਦੀ ਚਿੰਤਾ ਵਿਚ ਗੁਜ਼ਰ ਜਾਂਦਾ ਹੈ। ਕੀ ਦੇਸ਼ ਦਾ ਭਵਿੱਖ ਇਸ ਤਰ੍ਹਾਂ ਸੁਖਾਲਾ ਹੋਵੇਗਾ?
ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ?
ਇੱਕ ਬੜੀ ਸੱਚੀ ਕਹਾਵਤ ਹੈ ਕਿ ਗਰੀਬਾਂ ਦੇ ਬੱਚੇ ਡਾਕਟਰ ਬਹੁਤ ਘੱਟ ਤੇ ਕੁਪੋਸ਼ਣ ਤੇ ਗਰੀਬੀ ਕਾਰਨ ਮਰੀਜ਼ ਜ਼ਿਆਦਾ ਬਣ ਸਕਦੇ ਹਨ। ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ? ਕੀ ਉਹਨਾਂ ਦੇ ਬੱਚਿਆਂ ਨੂੰ ਸੁਫ਼ਨੇ ਲੈਣ ਦਾ ਅਧਿਕਾਰ ਨਹੀਂ? ਕੀ ਉਹਨਾਂ ਦੀ ਇੱਛਾਵਾਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਦੇ ਕੰਬਲਾਂ ਵਿਚ ਹੀ ਦਬ ਕੇ ਰਹਿ ਜਾਣਗੀਆਂ?
ਅੱਜ ਦੀ ਮੰਹਿਗਾਈ ਤਾਂ ਗਰੀਬਾਂ ਲਈ ਹੀ ਨਹੀਂ ਆਮ ਤੇ ਅਮੀਰ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿਚ ਇੱਕ ਮੁੱਦਾ ਮੁੱਕਦਾ ਹੈ ਤਾਂ ਹੋਰ ਐਸੇ ਕਿੰਨੇ ਮੁੱਦੇ ਭਖ਼ ਜਾਂਦੇ ਹਨ। ਪਰ ਜਿਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਉਹ ਅੱਗੇ ਨਹੀਂ ਲਿਆਂਦੇ ਜਾਂਦੇ ਜਿਸ ਨਾਲ ਦੇਸ਼ ਤੇ ਲੋਕਾਂ ਦੀ ਤਰੱਕੀ ਜੁੜੀ ਹੈ ਉਹਨਾਂ ‘ਤੇ ਕੋਈ ਧਿਆਨ ਨਹੀਂ। ਇਸ ਵਿਸ਼ੇ ਨੂੰ ਸਰਕਾਰ ਤੇ ਜਨਤਾ ਵੱਲੋਂ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਤੇ ਇਸਦੇ ਕਾਰਨ ਨੂੰ ਲੱਭ ਕੇ ਜੜ੍ਹੀਂ ਤੇਲ ਦਿੱਤਾ ਜਾਵੇ। ਫਿਰ ਹੀ ਦੇਸ਼ ਕਿਧਰੇ ਨਾ ਕਿਧਰੇ ਅੱਗੇ ਵਧ ਸਕਦਾ ਹੈ।
ਪੂਜਾ ਰਾਣੀ ਪੁੰਡਰਕ
ਮੂਣਕ (ਸੰਗਰੂਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।