ਵਾਰਦਾਤ ਮਗਰੋਂ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀ, ਜਾਂਚ ਕੀਤੀ ਸ਼ੁਰੂ | Ferozepur News
- ਮ੍ਰਿਤਕ ਲੜਕੀ ਦਾ ਕੁਝ ਦਿਨ ਬਾਅਦ ਸੀ ਵਿਆਹ
(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। Ferozepur News: ਫਿਰੋਜ਼ਪੁਰ ਸ਼ਹਿਰ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਪਹਿਰ ਵੇਲੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ 2 ਮੋਟਰਸਾਈਕਲ ਸਵਾਰ 6 ਹਮਲਾਵਰਾਂ ਨੇ ਕਾਰ ਸਵਾਰ 5 ਲੋਕਾਂ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ ਇੱਕ ਲੜਕੀ ਸਮੇਤ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ 2 ਨੌਜਵਾਨ ਜ਼ਖਮੀ ਹੋ ਗਏ, ਜਿਹਨਾਂ ਦੀ ਹਾਲਤ ਗੰਭੀਰ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਬਾਂਸੀ ਗੇਟ ਰਹਿੰਦੇ ਇੱਕ ਪਰਿਵਾਰ ਦੀ ਲੜਕੀ ਜਸਪ੍ਰੀਤ ਕੌਰ ਦਾ 10 ਦਿਨਾਂ ਬਾਅਦ ਵਿਆਹ ਬੰਨਿਆ ਹੋਇਆ ਸੀ, ਜਿਸ ਦੇ ਵਿਆਹ ਦੀ ਖਰੀਦੋ-ਫਰੋਖਤ ਲਈ ਦਿਲਦੀਪ ਸਿੰਘ, ਆਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਕੌਰ ਸਮੇਤ 5 ਜਣੇ ਕਾਰ ’ਤੇ ਸਵਾਰ ਹੋ ਕੇ ਨਿਕਲੇ ਸਨ ਤਾਂ ਅਕਾਲਗੜ੍ਹ ਗੁਰਦੁਆਰਾ ਸਾਹਿਬ ਕੋਲ ਹਮਲਾਵਰਾਂ ਨੇ ਘੇਰਾ ਪਾ ਕੇ ਕਾਰ ਦੇ ਬਿਲਕੁਲ ਨੇੜੇ ਆ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਾਰ ਸਵਾਰ ਪੰਜੇ ਜਣੇ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਦਿਲਦੀਪ ਸਿੰਘ, ਆਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ ਦੋ ਜਣਿਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ ।
ਇਹ ਵੀ ਪੜ੍ਹੋ: Protest: ਸਹਾਇਕ ਪ੍ਰੋਫੈਸਰਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਰੋਸ਼ ਪ੍ਰਦਰਸ਼ਨ
ਮੌਕੇ ’ਤੇ ਐਂਬੂਲੈਂਸ ਨਾ ਮਿਲਣ ਕਾਰਨ ਜਸਪ੍ਰੀਤ ਕੌਰ ਦੀ ਲਾਸ਼ ਨੂੰ ਆਟੋ ਰਿਕਸ਼ਾ ’ਤੇ ਰੱਖ ਕੇ ਲਿਜਾਇਆ ਗਿਆ। ਇਹ ਘਟਨਾ ਰੰਜਿਸ਼ ਦੀ ਦੱਸੀ ਜਾ ਰਹੀ ਹੈ, ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੈਂਕੀ ਕੀਤੇ ਹੋਣ ਦਾ ਵੀ ਕਿਹਾ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੇਖੌਫ ਹਮਲਾਵਰ ਜਾਂਦੇ ਸਮੇਂ ਹਵਾਈ ਫਾਇਰ ਵੀ ਕਰਦੇ ਗਏ। Ferozepur News
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀਆਈਜੀ ਅਜੇ ਮਲੂਜਾ, ਜ਼ਿਲ੍ਹਾ ਪੁਲਿਸ ਮੁਖੀ ਸੋਮਿਆ ਮਿਸ਼ਰਾ ਸਮੇਤ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਫੋਰੈਂਸਿਕ ਟੀਮਾਂ ਵੱਲੋਂ ਮੌਕੇ ’ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਵੱਡੀ ਗਿਣਤੀ ਵਿੱਚ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਹੋਏ ਹਨ। ਇਸ ਦੌਰਾਨ ਡੀਆਈਜੀ ਅਜੇ ਮਲੂਜਾ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਵਾਪਰੀ ਵਾਰਦਾਤ ਦੌਰਾਨ ਹੋਏ ਤੀਹਰੇ ਕਤਲ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਦਿਲਦੀਪ ’ਤੇ ਪਹਿਲਾਂ ਦੋ ਕਤਲ ਦੇ ਮੁਕੱਦਮੇ ਦਰਜ ਸਨ, ਜਿਸ ਤੋਂ ਲੱਗਦਾ ਹੈ ਕਿ ਕਿਸੇ ਨੇ ਪੁਰਾਣੀ ਰੰਜਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਲਈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਰਿਕਾਰਡ ਮੁਤਾਬਿਕ ਦਿਲਦੀਪ ਸਿੰਘ ’ਤੇ ਥਾਣਾ ਮਮਦੋਟ ਵਿੱਚ ਅਤੇ ਖਰੜ ਸਿਟੀ ਵਿਖੇ ਮਾਮਲੇ ਦਰਜ਼ ਹਨ।














