ਨਰਮੇ ਦੇ ਭਾਅ 1000 ਰੁਪਏ ਤੋਂ 14 ਸੌ ਰੁਪਏ ਹੇਠਾਂ ਆਏ
ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਪਾਹ ਨਿਗਮ ਦੀ ਗੈਰਹਾਜ਼ਰੀ ‘ਚ ਬਠਿੰਡਾ ਪੱਟੀ ਦੇ ਨਰਮਾ ਉਤਪਾਦਕ ਕਿਸਾਨਾਂ ਦੀ ਕਿਸਮਤ ਫੁੱਟ ਗਈ ਹੈ ਨਿਗਮ ਪਿਛਲੇ ਪੰਜ ਵਰ੍ਹਿਆਂ ਤੋਂ ਨਰਮੇ ਦੀ ਖਰੀਦ ਨਹੀਂ ਕਰ ਰਿਹਾ ਹੈ ਇਸ ਕਰਕੇ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਲੁੱਟਣ ਲੱਗੇ ਹਨ ਵੇਰਵਿਆਂ ਅਨੁਸਾਰ ਕਪਾਹ ਨਿਗਮ ਨੇ ਪੰਜਾਬ ‘ਚੋਂ ਆਖਰੀ ਵਾਰ ਸਾਲ 2014-15 ਵਿਚ 1.27 ਲੱਖ ਗੱਠਾਂ ਦੀ ਸਰਕਾਰੀ ਭਾਅ ‘ਤੇ ਖਰੀਦ ਕੀਤੀ ਸੀ ਉਸ ਤੋਂ ਬਾਅਦ ਨਿਗਮ ਨੇ ਇੱਕ ਫੁੱਟੀ ਵੀ ਨਹੀਂ ਖਰੀਦੀ ਹੈ ਹਾਲੇ ਤੱਕ ਵੀ ਨਿਗਮ ਨੇ ਮੰਡੀਆਂ ‘ਚ ਪੈਰ ਨਹੀਂ ਧਰਿਆ ਹੈ। Indian
ਜਿਸ ਦਾ ਸਿੱਟਾ 1000 ਰੁਪਏ ਤੋਂ 14 ਸੌ ਰੁਪਏ ਭਾਅ ਨੀਵਾਂ ਰਹਿਣ ਦੇ ਰੂਪ ‘ਚ ਨਿਕਲ ਰਿਹਾ ਹੈ ਪਹਿਲਾਂ ਨਰਮੇ ਦੀ ਫਸਲ ਨੂੰ ਬਾਰਸ਼ਾਂ ਨੇ ਸੱਟ ਮਾਰ ਦਿੱਤੀ ਹੈ ਤੇ ਹੁਣ ਭਾਅ ਨੂੰ ਬਰੇਕ ਲੱਗ ਗਈ ਹੈ ਕਿਸਾਨਾਂ ਨੂੰ ਉਮੀਦ ਸੀ ਕਿ ਨਰਮੇ ਕਪਾਹ ਦੀ ਫ਼ਸਲ ਦੀਆਂ ਕੀਮਤਾਂ ਵਿੱਚ ਉਛਾਲ ਆਏਗਾ ਪਰ ਇਸ ਵੇਲੇ ਕਪਾਹ ਮੰਡੀਆਂ ਵਿੱਚ ਨਰਮੇ-ਕਪਾਹ ਦੀ ਫ਼ਸਲ 4200 ਰੁਪਏ ਤੋਂ 4400 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਸਾਲ 2010 ‘ਚ ਨਰਮੇ ਦੀ ਕੀਮਤ ਸੱਤ ਹਜ਼ਾਰ ਨੂੰ ਪਾਰ ਗਈ ਸੀ ਜਿਸ ਕਰਕੇ ਨਰਮੇ ਕਪਾਹ ਹੇਠਲੇ ਰਕਬੇ ਵਿੱਚ ਵੀ ਵਾਧਾ ਹੋ ਗਿਆ ਸੀ।Indian
ਬਠਿੰਡਾ ਜਿਲ੍ਹੇ ਦੀਆਂ ਮੰਡੀਆਂ ‘ਚ ਨਰਮੇ ਕਪਾਹ ਦੀ ਆਮਦ ‘ਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਤੇਜੀ ਦਰਜ ਕੀਤੀ ਗਈ ਹੈ ਪ੍ਰੰਤੂ ਭਾਅ ‘ਚ ਆਏ ਮੰਦੇ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਈ ਮੰਡੀਆਂ ‘ਚ ਨਰਮੇ ਕਪਾਹ ਦੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਵਿਕਣ ਲੱਗੀ ਹੈ,ਇਸ ਦੇ ਬਾਵਜੂਦ ਕਪਾਹ ਨਿਗਮ ਸਰਗਰਮ ਨਹੀਂ ਹੋਇਆ ਹੈ ਅੱਜ ਬਠਿੰਡਾ ਮੰਡੀ ‘ਚ ਤਾਂ ਕਿਸਾਨਾਂ ਨੇ ਰੌਲਾ-ਰੱਪਾ ਵੀ ਪਾਇਆ ਸੀ, ਜਿਸ ਪਿੱਛੋਂ ਦੋ ਸੌ ਰੁਪਏ ਭਾਅ ਤੇਜ ਕੀਤਾ ਹੈ ਬਠਿੰਡਾ ਮੰਡੀ ‘ਚ ਫਸਲ ਵੇਚਣ ਆਏ ਕੋਟਸ਼ਮੀਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਸ ਵੇਲੇ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਸ ਪਿੰਡ ਦੇ ਕਰੀਬ ਇੱਕ ਦਰਜਨ ਕਿਸਾਨਾਂ ਨੇ ਮੰਡੀ ‘ਚ ਨਰਮਾ ਲਿਆਂਦਾ ਹੋਇਆ ਹੈ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਕੀਮਤ 5450 ਰੁਪਏ ਹੈ ਜਿਸ ਦੇ ਨੇੜੇ ਤੇੜੇ ਇੱਕ ਵੀ ਢੇਰੀ ਦੀ ਬੋਲੀ ਨਹੀਂ ਲੱਗੀ ਹੈ।
ਉਨ੍ਹਾਂ ਆਖਿਆ ਕਿ ਅਗਲੀ ਵਾਰ ਉਹ ਨਰਮਾ ਬੀਜਣ ਦੀ ਬਜਾਏ ਜਮੀਨ ਵਿਹਲੀ ਰੱਖਣ ਨੂੰ ਤਰਜੀਹ ਦੇਣਗੇ ਪਿੰਡ ਮਹਿਤਾ ਦੇ ਕਿਸਾਨ ਮੁਖਤਿਆਰ ਸਿੰਘ ਦਾ ਕਹਿਣਾ ਸੀ ਕਿ ਨੌਂ ਵਰ੍ਹੇ ਪਹਿਲਾਂ ਕਿਸਾਨਾਂ ਦੀ ਦੀਵਾਲ਼ੀ ਨਰਮੇ ਦੇ ਭਾਅ ਨੇ ਰੰਗੀਨ ਕਰ ਦਿੱਤੀ ਸੀ ਪਰ ਐਤਕੀਂ ਬਹੁਤੀ ਆਸ ਨਹੀਂ ਦਿਸ ਰਹੀ ਹੈ ਕਿਸਾਨ ਨੇ ਆਖਿਆ ਕਿ ਨਰਮਾ ਚੁਗਾਈ ਦੇ ਰੇਟ ਸਿਖਰਾਂ ‘ਤੇ ਜਾ ਪੁੱਜੇ ਹਨ ਜਦੋਂਕਿ ਰਾਸ਼ਨ ਦੇ ਪੈਸੇ ਵੱਖਰੇ ਦੇਣੇ ਪੈਂਦੇ ਹਨ ਉਨ੍ਹਾਂ ਆਖਿਆ ਕਿ ਖਰਚਿਆਂ ਵੱਲ ਦੇਖੀਏ ਤਾਂ ਇਸ ਵੇਲੇ ਨਰਮੇ ਦੀ ਫਸਲ ‘ਚੋਂ ਡੱਕਾ ਵੀ ਪੱਲੇ ਨਹੀਂ ਪੈ ਰਿਹਾ ਹੈ ਪਿੰਡ ਨੰਦਗੜ੍ਹ ਦੇ ਕਿਸਾਨ ਗੁਰਮੀਤ ਸਿੰਘ ਅਤੇ ਕੋਟਸ਼ਮੀਰ ਦੇ ਕਿਸਾਨ ਮੇਹਰ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿੱਚ ਦਾਖਲ ਹੋਵੇ ਤਾਂ ਕਿਸਾਨਾਂ ਨੂੰ ਉੱਚਾ ਭਾਅ ਮਿਲ ਸਕਦਾ ਹੈ ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਤਾਂ ਇਹ ਫਿਕਰ ਖਾ ਰਿਹਾ ਹੈ ਕਿ ਜਦੋਂ ਮੰਡੀ ‘ਚ ਨਰਮੇ ਕਪਾਹ ਦੀ ਆਮਦ ਵਧ ਜਾਵੇਗੀ ਤਾਂ ਉਦੋਂ ਕੀਮਤਾਂ ਵਿੱਚ ਹੋਰ ਕਮੀ ਆ ਸਕਦੀ ਹੈ।
ਵਪਾਰੀਆਂ ਦੇ ਰਹਿਮ ‘ਤੇ ਕਿਸਾਨ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਨਰਮੇ ਕਪਾਹ ਦੀ ਫਸਲ ਦੀ ਖਰੀਦ ਦੇ ਮਾਮਲੇ ‘ਚ ਸਰਕਾਰੀ ਖਰੀਦ ਏਜੰਸੀਆਂ ਨੂੰ ਹੁਕਮ ਦੇਣ ਤੋਂ ਪੱਲਾ ਝਾੜ ਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਹੈ ਉਨ੍ਹਾਂ ਮੰਗ ਕੀਤੀ ਕਿ ਭਾਰਤੀ ਕਪਾਹ ਨਿਗਮ ਫੌਰੀ ਤੌਰ ‘ਤੇ ਮੰਡੀਆਂ ‘ਚ ਨਰਮੇ ਕਪਾਹ ਦੀ ਖਰੀਦ ਸ਼ੁਰੂ ਕਰੇ ਨਹੀਂ ਤਾਂ ਮਜਬੂਰੀ ਵੱਸ ਕਿਸਾਨਾਂ ਨੂੰ ਸੜਕਾਂ ‘ਤੇ ਉੱਤਰਨਾ ਪਵੇਗਾ।
ਕਪਾਹ ਨਿਗਮ ਜਿੰਮੇਵਾਰ
ਮਾਰਕੀਟ ਕਮੇਟੀ ਬਠਿੰਡਾ ਦੇ ਸਕੱਤਰ ਬਲਕਾਰ ਸਿੰਘ ਦਾ ਕਹਿਣਾ ਸੀ ਕਿ ਅਸਲ ‘ਚ ਸਮੱਸਿਆ ਭਾਰਤੀ ਕਪਾਹ ਨਿਗਮ ਵਾਲੇ ਪਾਸਿਓਂ ਹੈ ਜੋ ਮੰਡੀਆਂ ਚੋਂ ਖਰੀਦ ਨਹੀਂ ਕਰ ਰਿਹਾ ਹੈ ਉਨ੍ਹਾਂ ਆਖਿਆ ਕਿ ਮਾਰਕੀਟ ਕਮੇਟੀ ਵੱਲੋਂ ਕਪਾਹ ਨਿਗਮ ਨੂੰ ਪੱਤਰ ਰਾਹੀਂ ਅਸਲੀਅਤ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਨਿਗਮ ਦੇ ਦਾਖਲੇ ਨਾਲ ਮੁਕਾਬਲਾ ਹੋਵੇਗਾ ਤਾਂ ਭਾਅ ਆਪਣੇ ਆਪ ਹੀ ਵਧ ਜਾਵੇਗਾ।
ਕਿਸਾਨਾਂ ਵੱਲੋਂ ਫਸਲ ਦੇਣ ਤੋਂ ਜਵਾਬ: ਜਿਲ੍ਹਾ ਮੈਨੇਜ਼ਰ
ਭਾਰਤੀ ਕਪਾਹ ਨਿਗਮ ਦੇ ਜਿਲ੍ਹਾ ਮੈਨੇਜਰ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਨਿਗਮ ਤਾਂ ਖਰੀਦ ਕਰਨ ਲਈ ਤਿਆਰ ਹੈ ਪਰ ਕਿਸਾਨ ਆੜ੍ਹਤੀਆਂ ਨੂੰ ਤਰਜੀਹ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੰਡੀਆਂ ਵਿਚੋਂ ਸਿੱਧੀ ਫਸਲ ਖਰੀਦਣ ਦੇ ਹੁਕਮ ਹਨ ਉਨ੍ਹਾਂ ਆਖਿਆ ਕਿ ਅਗਲੇ ਦੋ ਤਿੰਨ ਦਿਨਾਂ ‘ਚ ਬਠਿੰਡਾ ਜਿਲ੍ਹੇ ‘ਚ ਆਨਲਾਈਨ ਸਿਸਟਮ ਖਰੀਦ ਸ਼ੁਰੂ ਹੋ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।