Punjab: ਮਾਝੇ ਤੇ ਦੁਆਬੇ ’ਚ ਲੋਕਾਂ ਨੂੰ ਬਚਾਉਣ ਲਈ ਫੌਜ ਪਹੁੰਚੀ, ਹਜ਼ਾਰਾਂ ਲੋਕ ਪਾਣੀ ਵਿੱਚ ਘਿਰੇ

Punjab Floods
ਅੰਮ੍ਰਿਤਸਰ: ਹੜ੍ਹ ਪੀੜਤਾਂ ਦੀ ਮੱਦਦ ਕਰਦੀ ਹੋਈ ਭਾਰਤੀ ਫੌਜ, 2 ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਹੜ੍ਹ ਪੀਤੜਾਂ ਨੂੰ ਖੁਦ ਖਾਣਾ ਵੰਡਦੇ ਹੋਏ। 

ਬਿਆਸ ਦਰਿਆ ਠਾਠਾਂ ਮਾਰਨ ਲੱਗਾ

  • ਡੀਸੀ ਵੱਲੋਂ ਖੁਦ ਲੋਕਾਂ ਨੂੰ ਖਾਣ ਦਾ ਵੰਡਿਆ ਜਾ ਰਿਹਾ ਸਮਾਨ

Punjab: (ਰਾਜਨ ਮਾਨ) ਅੰਮ੍ਰਿਤਸਰ। ਮਾਝੇ ਅਤੇ ਦੁਆਬੇ ਵਿੱਚ ਵਹਿੰਦੇ ਰਾਵੀ ਅਤੇ ਬਿਆਸ ਦਰਿਆਵਾਂ ਵੱਲੋਂ ਮਚਾਈ ਜਾ ਰਹੀ ਭਿਆਨਕ ਤਬਾਹੀ ਨੂੰ ਵੇਖਦਿਆਂ ਹੁਣ ਫੌਜ ਨੂੰ ਸੱਦ ਲਿਆ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਫੌਜ ਹੜ ਪ੍ਰਭਾਵਿਤ ਇਲਾਕੇ ਵਿੱਚ ਪਹੁੰਚਕੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਲਿਆ ਰਹੀ ਹੈ। ਰਾਵੀ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਹੁਣ ਸਰਹੱਦੀ ਖੇਤਰ ਦੇ ਅੰਮ੍ਰਿਤਸਰ,ਗੁਰਦਾਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਪਾਣੀ ਵਿੱਚ ਡੁੱਬੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਫੌਜ ਪਹੁੰਚ ਗਈ ਹੈ ਅਤੇ ਫੌਜ ਵਲੋਂ ਲੋਕਾਂ ਨੂੰ ਰੈਸਕਿਊ ਕਰਕੇ ਕੱਢਿਆ ਜਾ ਰਿਹਾ ਹੈ।

ਸਿਵਲ, ਪੁਲਿਸ, ਫੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ

ਰਾਤੋ-ਰਾਤ ਪਾਣੀ ਰਮਦਾਸ ਕਸਬੇ ਨੂੰ ਪਾਰ ਕਰਦੇ ਹੋਏ ਕਈ ਕਿਲੋਮੀਟਰ ਅਜਨਾਲੇ ਵਾਲੇ ਪਾਸੇ ਪਹੁੰਚ ਗਿਆ ਹੈ ਅਤੇ ਕਈ ਹੋਰ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਹਾਲਾਤ ਨਾਜ਼ੁਕ ਹੁੰਦੇ ਵੇਖ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਆਪਣੀ ਟੀਮ ਨਾਲ ਸਵੇਰੇ ਤੜਕੇ 4 ਵਜੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਪਹੁੰਚ ਗਏ। ਬੀਤੇ ਕੱਲ੍ਹ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਗੱਡੀਆਂ ਰਮਦਾਸ ਕਸਬੇ ਤੋਂ ਅੱਗੇ ਤੱਕ ਜਾਂਦੀਆਂ ਸਨ ਪਰ ਹੁਣ ਰਮਦਾਸ ਤੋਂ ਪਿੱਛੇ ਹੀ ਗੱਡੀਆਂ ਰੋਕੀਆਂ ਗਈਆਂ ਹਨ ਅਤੇ ਉਥੋਂ ਡਿਪਟੀ ਕਮਿਸ਼ਨਰ ਅਤੇ ਉਹਨਾਂ ਦੀ ਟੀਮ ਤੇ ਐਸਐਸਪੀ ਮਨਿੰਦਰ ਸਿੰਘ ਟਰੈਕਟਰਾਂ ਉਪਰ ਬੈਠਕੇ ਅੱਗੇ ਜਾ ਰਹੇ ਹਨ। ਫੌਜ ਵੱਲੋਂ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਗਈਆਂ ਹਨ ਅਤੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Mandi Landslide: ਮੰਡੀ ’ਚ ਜ਼ਮੀਨ ਖਿਸਕੀ, ਚੰਡੀਗੜ੍ਹ-ਮਨਾਲੀ ਹਾਈਵੇਅ ਫਿਰ ਬੰਦ, ਕੰਗਨਾ ਰਣੌਤ ਨੇ ਦੁੱਖ ਪ੍ਰਗਟ ਕੀਤਾ

ਇਹ ਟੀਮਾਂ ਫੌਜ ਦੇ ਏਟੀਓਆਰ ਵਹੀਕਲਾਂ, ਕਿਸ਼ਤੀਆਂ ਅਤੇ ਟਰੈਕਟਰ ਟਰਾਲੀਆਂ ਦੀ ਮੱਦਦ ਨਾਲ ਹੜ੍ਹ ਵਿੱਚ ਘਿਰੇ ਹੋਏ ਪਿੰਡਾਂ ਤੇ ਡੇਰਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਆ ਰਹੇ ਹਨ। ਹੜ੍ਹ ਕਾਰਨ 14000 ਦੇ ਕਰੀਬ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਪਾਣੀ ਵਿਚ ਘਿਰੇ ਵਧੇਰੇ ਪਿੰਡਾਂ ਵਿੱਚ ਜਿੰਨਾਂ ਲੋਕਾਂ ਦੇ ਦੋ ਮੰਜ਼ਿਲਾਂ ਘਰ ਹਨ ਉਹ ਉੱਪਰਲੀਆਂ ਮੰਜ਼ਿਲਾਂ ’ਤੇ ਚਲੇ ਗਏ ਹਨ। ਰਾਵੀ ਦਰਿਆ ਦਾ ਪਾਣੀ ਹੁਣ ਲੋਪੋਕੇ ਰਾਣੀਆਂ ਖੇਤਰ ਵੱਲ ਨੂੰ ਵੱਧ ਰਿਹਾ ਹੈ। ਇਸ ਖੇਤਰ ਵਿੱਚ ਧੁੱਸੀਂ ਬੰਨ ਤੋਂ ਅਗਲੇ ਪਾਸੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਬੀਐਸਐਫ ਦੀਆਂ ਅਗਲੇਰੀਆਂ ਚੌਂਕੀਆਂ ਵੀ ਪਾਣੀ ਵਿੱਚ ਘਿਰ ਗਈਆਂ ਹਨ। Punjab

ਹੜ੍ਹ ਦੇ ਪਾਣੀ ਦੇ ਪ੍ਰਭਾਵ ਹੇਠ ਆਏ 50 ਤੋਂ ਵੱਧ ਪਿੰਡ | Punjab

ਇਸ ਵੇਲੇ ਹੜ੍ਹ ਦੇ ਪਾਣੀ ਦੇ ਪ੍ਰਭਾਵ ਹੇਠ ਆਏ 50 ਤੋਂ ਵੱਧ ਪਿੰਡਾਂ ਵਿੱਚ ਘੋਨੇਵਾਲ, ਮਾਛੀਵਾਲ , ਮੰਗੂਨਾਰੂ,ਸ਼ਹਿਜ਼ਾਦਾ ਜੱਟਾਂ, ਕੋਟਿ ਗੁਰਬਖਸ਼ ,ਪਛੀਆਂ , ਨਿਸੋਕੇ ਸਿੰਘੋ ਕੇ, ਮੁਹੰਮਦ, ਮੁੰਦਰਾਂ ਵਾਲਾ, ਘੱਗਰ, ਧਰਮਾ ਬਾਦ, ਰਮਦਾਸ, ਸ਼ਾਮਪੁਰਾ, ਕੋਟਲੀ ਸ਼ਾਹ ਹਬੀਬ ,ਨੰਗਲ ਸੋਹਲ, ਰੂੜੇਵਾਲ, ਖਟੜਾ, ਪੰਡੋਰੀ ਥੰਗਈ, ਮਲਕਪੁਰ, ਲੰਗਰਪੁਰ, ਦੂਜੋਵਾਲ, ਬੇਦੀ ਛੰਨਾ, ਕੋਟ ਰਜਾਦਾ, ਸੂਫੀਆਂ, ਸਮਰਾਈ, ਚਾਹੜਪੁਰ , ਭਦਲ, ਗਾਲਿਬ ,ਦਰਿਆਏ ਮਨਸੂਰ, ਨੰਗਲ ਅੰਬ, ਬੱਲ ਲਬੇ ਦਰਿਆ, ਕਮੀਰਪੁਰ ,ਭੈਣੀ ਗਿੱਲ, ਚੱਕ ਵਾਲਾ, ਜਗਦੇਵ ਖੁਰਦ, ਸਾਹੋਵਾਲ, ਢਾਈ ਸਿੰਘਪੁਰਾ, ਬਾਜਵਾ ਆਦਿ ਸ਼ਾਮਲ ਹਨ। ਵੱਧ ਰਹੇ ਪਾਣੀ ਦੇ ਪੱਧਰ ਕਾਰਨ ਲੋਕਾਂ ਵਿਚ ਦਹਿਸ਼ਤ ਪੈਦਾ ਹੋਈ ਹੈ। ਫਸਲਾਂ ਬੁਰੀ ਤਰਾਂ ਤਬਾਹ ਹੋ ਚੁੱਕੀਆਂ ਹਨ। ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿਛਲੇ ਕਈ ਦਿਨਾਂ ਤੋਂ ਰਾਤ-ਦਿਨ ਹਲਕੇ ਦੇ ਲੋਕਾਂ ਦੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ ਅੱਜ ਤੜਕੇ ਉਹ ਵੀ ਪਹੁੰਚ ਗਏ ਸਨ।

ਹੜ੍ਹਾਂ ਦੀ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਡੀਸੀ ਨੇ ਫੌਜ ਸੱਦੀ

ਉਧਰ ਸੁਲਤਾਨਪੁਰਲੋਧੀ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਡੀਸੀ ਨੇ ਫੌਜ ਸੱਦ ਲਈ ਹੈ। ਬਿਆਸ ਦਰਿਆ ਦਾ ਪਾਣੀ 2.50 ਲੱਖ ਕਿਊਸਿਕ ਤੱਕ ਵਧਿਆ ਹੋਇਆ ਹੈ। ਅੱਜ ਪੌਂਗ ਡੈਮ ਵੱਲੋਂ ਹੋਰ ਪਾਣੀ ਛੱਡੇ ਜਾਣ ਦੀ ਚੇਤਾਵਨੀ ਨੇ ਲੋਕਾਂ ਨੂੰ ਹੋਰ ਡਰਾ ਦਿੱਤਾ ਹੈ। ਪ੍ਰਭਾਵਿਤ ਕਿਸਾਨ ਅਤੇ ਉਨ੍ਹਾਂ ਦੇ 2000 ਤੋਂ ਵੱਧ ਮੈਂਬਰਾਂ ਦੇ ਪਰਿਵਾਰ ਪਾਣੀ ਵਧਦਾ ਦੇਖ ਕੇ ਸੁਰੱਖਿਅਤ ਥਾਂਵਾਂ ’ਤੇ ਆਏ ਹਨ। ਬਾਅਦ ਦੁਪਹਿਰ ਫੌਜ ਨੇ ਬਾਊਪੁਰ ਪਹੁੰਚ ਕੇ ਹੜ੍ਹ ਪੀੜਤਾਂ ਨੂੰ ਬਚਾਉਣ ਲਈ ਮੋਰਚਾ ਸੰਭਾਲ ਲਿਆ ਹੈ। ਇਸ ਦੌਰਾਨ, ਅੱਜ ਸਵੇਰੇ ਬਿਆਸ ਦਰਿਆ 2.30 ਲੱਖ ਕਿਊਸਿਕ ਤੱਕ ਵਧ ਗਿਆ ਹੈ, ਜਿਸ ਨਾਲ ਸੁਲਤਾਨਪੁਰਲੋਧੀ ਦੇ ਮੰਡ ਖੇਤਰਾਂ ਦੇ ਡੁੱਬੇ ਹੋਏ ਪਿੰਡਾਂ ਵਿੱਚ ਰਹਿਣ ਵਾਲੇ 2000 ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਹਨ। Punjab

ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਅਤੇ ਸੈਂਕੜੇ ਘਰ ਢਹਿ ਢੇਰੀ

ਇਸ ਦੌਰਾਨ, ਧੁੱਸੀ ਬੰਨ੍ਹ ਦੇ ਅੰਦਰ ਕਿਸਾਨਾਂ ਦੁਆਰਾ ਬਣਾਏ ਗਏ ਅਸਥਾਈ ਬੰਨ੍ਹ ਵਿੱਚ ਪਾੜ 700 ਫੁੱਟ ਤੱਕ ਚੌੜਾ ਹੋ ਗਿਆ ਹੈ। ਉਧਰ ਹਰੀਕੇ ਤੋਂ ਅੱਗੇ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ ਦੀਆਂ ਮੁਸੀਬਤਾਂ ਅਜੇ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਅਤੇ ਸੈਂਕੜੇ ਘਰ ਢਹਿ ਢੇਰੀ ਹੋ ਚੁੱਕੇ ਹਨ। ਕਈ ਲੋਕਾਂ ਦੇ ਪਸ਼ੂ ਰੁੜ ਗਏ ਹਨ। ਲੋਕ ਸ਼ਰਨਾਰਥੀ ਕੈਂਪਾਂ ਵਿੱਚ ਪਹੁੰਚ ਰਹੇ ਹਨ।