ਨਵੀਂ ਦਿੱਲੀ (ਏਜੰਸੀ)। ਭਾਰਤ ਅਤੇ ਇਜ਼ਰਾਇਲ ਨੇ 25 ਸਾਲ ਪੁਰਾਣੇ ਆਪਣੇ ਡਿਪਲੋਮੈਟ ਰਿਸ਼ਤਿਆਂ ਨੂੰ ਦੋਵੇਂ ਦੇਸ਼ਾਂ ਦੀ ਜਨਤਾ ਦੇ ਉੱਜਲੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਾਉਣ ਦੇ ਨਵੇਂ ਸੰਕਲਪ ਨਾਲ ਅੱਜ ਰਵਾਇਤੀ ਸਹਿਯੋਗ ਵਾਲੇ ਨੌਂ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਇਨ੍ਹਾਂ ਵਿੱਚ ਸਾਈਬਰ ਸੁਰੱਖਿਆ, ਪੁਲਾੜ ਤਕਨਾਲੋਜੀ, ਖੇਤੀ, ਹਵਾਈ ਆਵਾਜਾਈ ਤੋਂ ਲੈ ਕੇ ਹੋਮੀਓਪੈਥਿਕ ਇਲਾਜ਼ ਅਤੇ ਨਵੀਨਕਰਨੀ ਊਰਜਾ ਦੇ ਭੰਡਾਰਨ ਦੇ ਖੇਤਰ ਵਿੱਚ ਸਹਿਯੋਗ ਦੇ ਸਮਝੌਤੇ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਰਮਿਆਨ ਇੱਥੇ ਹੈਦਰਾਬਾਦ ਹਾਊਸ ਵਿੱਚ ਹੋਈ ਦੁਵੱਲੀ ਸਿਖ਼ਰ ਬੈਠਕ ਵਿੱਚ ਇਹ ਫੈਸਲੇ ਲਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਸਮਝੌਤਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਜ਼ਰਾਇਲ ਦੀ ਤਕਨੀਕ ਦੀ ਵਰਤੋਂ ਖੇਤੀ ਖੇਤਰ ਵਿੱਚ ਕੀਤੀ ਜਾਵੇਗੀ। ਭਾਰਤ ਵਿੱਚ ਇਜ਼ਰਾਇਲੀ ਤਕਨੀਕ ਨਾਲ ਖੇਤੀ ਦਾ ਲਾਭ ਮਿਲੇਗਾ।
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਮੁੰਬਈ ਧਮਾਕਿਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ‘ਤੇ ਹੋਏ 26/11 ਦੇ ਧਮਾਕਿਆਂ ਨਾਲ ਇਜ਼ਰਾਇਲ ਨੂੰ ਕਾਫ਼ੀ ਦੁੱਖ ਪਹੁੰਚਿਆ। ਅਸੀਂ ਉਸ ਅੱਤਵਾਦੀ ਹਮਲੇ ਨੂੰ ਭੁੱਲੇ ਨਹੀਂ ਹਾਂ। ਦੋਵੇਂ ਦੇਸ਼ ਅੱਤਵਾਦ ਖਿਲਾਫ਼ ਆਪਣੀ ਲੜਾਈ ਨੂੰ ਅੱਗੇ ਲਿਜਾਣ ਲਈ ਰੱਖਿਆ ਖੇਤਰ ਵਿੱਚ ਕੰਮ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਰੱਖਿਆ ਖੇਤਰ ਵਿੱਚ 100 ਫੀਸਦੀ ਐਫ਼ਡੀਆਈ ਦਾ ਲਾਭ ਇਜ਼ਰਾਇਲ ਅਤੇ ਭਾਰਤ ਦੋਵਾਂ ਨੂੰ ਹੋਵੇਗਾ। ਬੈਠਕ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਖੇਤੀ ਤੇ ਕਿਸਾਨ ਭਲਾਈ ਮੰਤਰੀ ਰਾਧਾਮੋਹਨ ਸਿੰਘ, ਕੌਮੀ ਸਲਾਮਤੀ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਸਕੱਤਰ ਐਸ. ਜੈਸ਼ੰਕਰ, ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਆਰਥਿਕ) ਵਿਜੈ ਗੋਖਲੇ, ਭਾਰਤ ਵਿੱਚ ਇਜ਼ਰਾਇਲ ਦੇ ਸਫ਼ੀਰ ਡੇਨੀਅਲ ਕਾਰਮੈਨ ਹਾਜ਼ਰ ਸਨ।