ਡੋਕਲਾਮ ਵਿਵਾਦ ਤੋਂ ਬਾਅਦ ਚੀਨ ਦੀ ਹਰ ਚਾਲ ‘ਤੇ ਰੱਖੀ ਜਾ ਰਹੀ ਹੈ ਨਜ਼ਰ
ਈਟਾਨਗਰ (ਏਜੰਸੀ)। ਭਾਰਤ ਨੇ ਪਿਛਲੇ 8 ਮਹੀਨਿਆਂ ‘ਚ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਚੀਨ ਬਾਰਡਰ ‘ਤੇ ਫੌਜ ਦੀ ਮੌਜ਼ੂਦਗੀ ਵਧਾਈ ਹੈ। ਫੌਜ ਦੇ ਇੱਕ ਵੱਡੇ ਹਿੱਸੇ ਨੂੰ ਰਣਨੀਤਿਕ ਤੌਰ ‘ਤੇ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਦਿਬਾਂਗ, ਦਾਉ ਦੇਲਾਈ ਤੇ ਲੋਹਿਤ ਘਾਟੀ ‘ਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੌਜ ਨੇ ਬਾਰਡਰ ‘ਤੇ ਨਿਗਰਾਨੀ ਵੀ ਵਧਾਈ ਹੈ, ਜਿਸ ਨਾਲ ਚੀਨ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਚੀਨ ਦੇ ਨਾਲ ਹੋਏ ਡੋਕਲਾਮ ਵਿਵਾਦ ਨੂੰ ਧਿਆਨ ‘ਚ ਰੱਖ ਕੇ ਚੁੱਕਿਆ ਗਿਆ ਹੈ। ਪਿਛਲੇ ਸਾਲ ਭਾਰਤ ਤੇ ਚੀਨ ਦੀਆਂ ਫੌਜਾਂ ਡੋਕਲਾਮ ਖੇਤਰ ਨੂੰ ਲੈ ਕੇ 72 ਦਿਨਾਂ ਤੱਕ ਆਹਮੋ-ਸਾਹਮਣੇ ਰਹੀਆਂ ਸਨ। ਫੌਜ ਦੇ ਅਧਿਕਾਰੀਆਂ ਅਨੁਸਾਰ, ਅਰੁਣਾਚਲ ‘ਚ ਫੌਜ ਆਪਣੀ ਨਿਗਰਾਨੀ ਤੰਤਰ ਵਿਕਸਿਤ ਕਰਨ ‘ਚ ਜੁਟੀ ਹੈ, ਤਾਂ ਕਿ ਚੀਨ ‘ਤੇ ਨਜ਼ਰ ਰੱਖੀ ਜਾ ਸਕੇ ਇਲਾਕੇ ਦੀ ਟੋਹ ਲੈਣ ਲਈ ਇੱਥੇ ਹੈਲੀਕਾਪਟਰ ਵੀ ਭੇਜੇ ਜਾਂਦੇ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਫੌਜਾਂ ਦਿਬਾਂਗ, ਦਾਉ ਦੇਲਾਈ ਤੇ ਲੋਹਿਤ ਘਾਟੀਆਂ ਦੇ ਖਤਰਨਾਕ ਇਲਾਕਿਆਂ ‘ਚ ਮੌਜ਼ੂਦਗੀ ਵਧਾਉਣਾ ਚਾਹੁੰਦੀਆਂ ਹਨ। ਇਨ੍ਹਾਂ ‘ਚ 17 ਹਜ਼ਾਰ ਫੁੱਟ ਉੱਚੀਆਂ ਬਰਫ਼ੀਲੀਆਂ ਪਹਾੜੀਆਂ ਤੇ ਘਾਟੀ ਦੀ ਡੂੰਘਾਈ ‘ਚ ਸਥਿੱਤ ਨਦੀਆਂ ਵੀ ਸ਼ਾਮਲ ਹਨ। ਚੀਨ ਹਮੇਸ਼ਾ ਹੀ ਇਨ੍ਹਾਂ ਇਲਾਕਿਆਂ ਨੂੰ ਲੈ ਕੇ ਭਾਰਤ ‘ਤੇ ਦਬਾਅ ਬਣਾਉਂਦਾ ਰਿਹਾ ਹੈ । ਅਰੁਣਾਚਲ ਦੇ ਕਿਬਿਥੂ’ਚ ਤਾਇਨਾਤ ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਡੋਕਲਾਮ ਤੋਂ ਬਾਅਦ ਫੌਜ ਨੇ ਇਸ ਖੇਤਰ ‘ਚ ਆਪਣੀਆਂ ਗਤੀਵਿਧੀਆਂ ਵਧਾਈਆਂ ਹਨ। ਅਸੀਂ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਫੌਜ ਹੁਣ ਆਪਣੀਆਂ ਲੰਮੀ ਦੂਰੀ ਦੀਆਂ ਗਸ਼ਤਾਂ (ਲਾਂਗ ਰੇਂਜ ਪੈਟਰੋਲਸ) ਨੂੰ ਵਧਾਉਣ ‘ਤੇ ਧਿਆਨ ਦੇ ਰਹੀ ਹੈ।
ਇਹ ਵੀ ਪੜ੍ਹੋ : ਬਨਵਾਰੀ ਲਾਲ ਪੁੁਰੋਹਿਤ ਦੇ ਪਲਟਵਾਰ ’ਤੇ ਹਰਪਾਲ ਚੀਮਾ ਨੇ ਦਿੱਤਾ ਜੁਆਬ
ਇਸ ‘ਚ ਛੋਟੀਆਂ-ਛੋਟੀਆਂ ਟੁਕੜੀਆਂ 15 ਤੋਂ 30 ਦਿਨਾਂ ਲਈ ਗਸ਼ਤ ‘ਤੇ ਭੇਜੀਆਂ ਜਾਂਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਇਹ ਕਦਮ ਲਾਈਨ ਆਫ਼ ਐਕੂਅਲ ਕੰਟਰੋਲ (ਐਲਏਸੀ) ਦੀ ਪਵਿੱਤਰਤਾ ਬਣਾਈ ਰੱਖਣ ਲਈ ਚੁੱÎਕਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਬਾਰਡਰ ‘ਤੇ 1962 ਤੋਂ ਬਾਅਦ ਅੱਜ ਤੱਕ ਇੱਕ ਵੀ ਗੋਲੀ ਨਹੀਂ ਚੱਲੀ ਹੈ। ਅਧਿਕਾਰੀ ਨੇ ਨਾਂਅ ਨਾ ਦੱਸੇ ਜਾਣ ਦੀ ਸ਼ਰਤ ‘ਤੇ ਕਿਹਾ ਕਿ ਫੌਜ ਨੇ ਭਾਰਤ, ਚੀਨ ਤੇ ਮਿਆਂਮਾਰ ਟਰਾਈ-ਜੰਕਸ਼ਨ ਵਰਗੇ ਅਹਿਮ ਰਣਨੀਤਿਕ ਇਲਾਕਿਆਂ ‘ਚ ਵੀ ਫੌਜ ਤਾਇਨਾਤ ਕੀਤੀ ਹੈ।