ਰੰਗਲੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਨਾਲ ਜੋਸ਼, ਜਨੂੰਨ ਅਤੇ ਕੌਮੀ ਜਜ਼ਬੇ ਸਹਿਤ ਮਨਾਇਆ ਫਾਜ਼ਿਲਕਾ ਵਿਖੇ ਆਜਾਦੀ ਦਿਹਾੜਾ

ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਲਹਿਰਾਇਆ ਤਿਰੰਗਾ

ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਵਿਖੇ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਨਾਲ ਆਜਾਦੀ ਘੁਲਾਟੀਆਂ ਨੂੰ ਸਿਜਦਾ ਕਰਦਿਆਂ ਜੋਸ਼, ਜਨੂੰਨ ਅਤੇ ਕੌਮੀ ਜਜ਼ਬੇ ਨਾਲ ਆਜਾਦੀ ਦਿਹਾੜਾ ਮਨਾਇਆ ਗਿਆ। ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਆਈਜੀ ਸ. ਜ਼ਸਕਰਨ ਸਿੰਘ, ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੀ ਹਾਜਰ ਸਨ। ਇਸ ਮੌਕੇ ਦੇਸ਼ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਤੇ ਹੋਏ ਇਸ ਸਮਾਗਮ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਕਿਹਾ ਕਿ ਅਸੀਂ ਇਸ ਸਾਲ ਨੂੰ ਆਜ਼ਾਦੀ ਦੇ ਅ੍ਰੰਮਿ੍ਰਤ ਮਹਾਉਤਸਵ ਵਜੋਂ ਮਨਾ ਰਹੇ ਹਨ।

ਦੇਸ਼ ਦੀ ਆਜਾਦੀ ਲਈ ਆਪਾਂ ਵਾਰਨ ਵਾਲਿਆਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਡੇ ਮਹਾਨ ਸੁਤੰਰਤਾ ਸੰਘਰਾਮੀ ਸ਼ਹੀਦ ਭਗਤ ਸਿੰਘ ਜੀ ਵੱਲੋਂ ਜਿਸ ਤਰਾਂ ਦੇ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਇਸ ਸੁਪਨੇ ਨੂੰ ਸੱਚ ਕਰਨ ਲਈ ਡਾ. ਬੀ ਆਰ ਅੰਬਦੇਕਰ ਜੀ ਨੇ ਜ਼ੋ ਸਾਨੂੰ ਸੰਵਿਧਾਨ ਘੜ ਕੇ ਦਿੱਤਾ ਸੀ, ਉਸੇ ਤੋਂ ਸੇਧ ਲੈਕੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਅੱਗੇ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸਾਡੇ ਲਈ ਇਕ ਨਵੇਂ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਦਾ ਸੁਪਨਾ ਲੈਕੇ ਉਸਨੂੰ ਪੂਰਾ ਕਰਨ ਦਾ ਸੰਕਲਪ ਲੈਣ ਦਾ ਦਿਨ ਵੀ ਹੈ। ਉਨ੍ਹਾਂ ਵਿਸੇਸ਼ ਤੌਰ ਤੇ ਫਾਜ਼ਿਲਕਾ ਜ਼ਿਲ੍ਹੇ ਵਿਚ ਸ਼ੁਰੂ ਕੀਤੇ ਪ੍ਰੋਜ਼ੈਕਟ ਕਿਤਾਬ ਦਾ ਜਿਕਰ ਕੀਤਾ ਜਿਸ ਤਹਿਤ ਗਿਆਨ ਦਾ ਚਾਨਣ ਵੰਡਨ ਲਈ ਲਾਈਬ੍ਰੇਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਅਜਾਦੀ ਦੇ ਇਸ ਅੰਮ੍ਰਿਤਕਾਲ ਵਿਚ ਅੱਜ ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਤੇ ਰਾਜ ਵਿਚ 75 ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਤੇ ਕਿਹਾ ਕਿ ਫਾਜ਼ਿਲਕਾ ਜਿ਼ਲ੍ਹੇ ਵਿਚ ਵੀ ਅੱਜ ਇਹ ਦੋ ਕਲੀਲਿਕ ਲੋਕ ਸਮਰਪਿਤ ਹੋ ਰਹੇ ਹਨ। ਇੱਥੋਂ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੁਲਤ ਮਿਲੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਚੰਗੀ ਸਿਹਤ ਲਈ ਜਿੱਥੇ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਉਥੇ ਹੀ ਫਾਜ਼ਿਲਕਾ ਜ਼ਿਲ੍ਹੇ ਵਿਚ ਪ੍ਰੋਜ਼ੈਕਟ ਮੇਰਾ ਪਿੰਡ ਮੇਰਾ ਜੰਗਲ ਆਰੰਭ ਕੀਤਾ ਹੈ ਤਾਂ ਜ਼ੋ ਪਿੰਡਾਂ ਵਿਚ ਵੱਧ ਤੋਂ ਵੱਧ ਜੰਗਲ ਲਗਾ ਕੇ ਚੌਗਿਰਦੇ ਨੂੰ ਹਰਾ ਭਰਾ ਕਰ ਸਕੀਏ। ਜ਼ਿਲ੍ਹੇ ਵਿਚ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿਚ ਇਸ ਸਾਲ ਮੀਆਂਵਾਕੀ ਜੰਗਲ ਲਗਾਏ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਾਡੇ ਪਿੰਡਾਂ ਦੇ ਬਹਾਦਰ ਲੋਕ ਹਰ ਮੌਕੇ ਦੇਸ਼ ਦੀਆਂ ਫੌਜਾਂ ਨਾਲ ਮਿਲ ਕੇ ਸਰਹੱਦਾਂ ਦੀ ਰਾਖੀ ਲਈ ਤਿਆਰ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾ ਨਾਲ ਅਸੀਂ ਇੰਨ੍ਹਾਂ ਪਿੰਡਾਂ ਦੇ ਲੋਕਾਂ ਲਈ ਮਿਸ਼ਨ ਅਬਾਦ 30 ਸ਼ੁਰੂ ਕੀਤਾ ਹੈ। ਇਸ ਤਹਿਤ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਦੇਣ ਦੇ ਨਾਲ ਨਾਲ ਇੰਨ੍ਹਾਂ ਪਿੰਡਾਂ ਵਿਚ ਸਿੱਖਿਆ, ਸਿਹਤ ਸਹੁਲਤਾਂ ਸਮੇਤ ਇੰਨ੍ਹਾਂ ਦੇ ਹਰ ਪ੍ਰਕਾਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਪਵਿੱਤਰ ਦਿਨ ਪਰਾਲੀ ਨਾ ਸਾੜਨ ਦਾ ਅਹਿਦ ਵੀ ਲੈਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਜਾ ਕੇ 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਦੌਰਾਨ ਪ੍ਰੇਡ ਕਮਾਂਡਰ ਡੀਐਸਪੀ ਅਤੁਲ ਸੋਨੀ ਦੀ ਅਗਵਾਈ ਵਿਚ ਵੱਖ ਵੱਖ ਟੁਕੜੀਆਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਮਾਰਚ ਪਾਸਟ ਵਿਚ ਹਿੱਸਾ ਲਿਆ।ਅਜਾਦੀ ਘੁਲਾਟੀਆਂ ਅਤੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿਚ ਆਂਧਰਾ ਪ੍ਰਦੇਸ਼ ਦੇ ਸਭਿਆਚਾਰ ਨਾਲ ਸਬੰਧਤ ਲੋਕ ਨਾਚ ਵਿਸੇਸ਼ ਖਿੱਚ ਦਾ ਕੇਂਦਰ ਰਿਹਾ। ਜਿਕਰਯੋਗ ਹੈ ਕਿ ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਵਿਚ ਆਂਧਰਾ ਪ੍ਰਦੇਸ਼ ਪੰਜਾਬ ਦਾ ਭਰਾਤਰੀ ਸੂਬਾ ਹੈ। ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਚੰਗਾਂ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਰਟੀਫਿਕੇਟ ਅਤੇ ਪੌਦੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਸਰਕਾਰ ਦੀਆਂ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਸਜਾਈਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਹਰਚਰਨ ਸਿੰਘ, ਐਸਪੀ ਮੋਹਨ ਲਾਲ, ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ, ਡੀਈਓ ਸੁਖਬੀਰ ਸਿੰਘ ਬੱਲ, ਅਰੁਣ ਵਧਵਾ, ਖਜਾਨ ਸਿੰਘ ਆਦਿ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਪਤਵੰਤੇ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ