ਲੜੀ ਬਚਾਉਣ ਲਈ ਇਸ ਮੈਚ ’ਚ ਜਿੱਤ ਜ਼ਰੂਰੀ | IND Vs WI T20 Series
- ਅਮਰੀਕਾ ’ਚ ਸਿਰਫ ਇੱਕ ਹੀ ਟੀ-20 ਹਾਰੀ ਹੈ ਟੀਮ ਇੰਡੀਆ | IND Vs WI T20 Series
ਫਲੋਰਿਡਾ (ਏਜੰਸੀ)। ਭਾਰਤ ਅਤੇ ਵੈਸਟਇੰਡੀਜ ਵਿਚਕਾਰ ਟੀ-20 ਲੜੀ ਦਾ ਚੌਥਾ ਮੈਚ ਅੱਜ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਖੇ ਖੇਡਿਆ ਜਾਵੇਗਾ। ਇਹ ਮੈਚ ਲਾਡਰਹਿਲ ਕ੍ਰਿਕੇਟ ਮੈਦਾਨ ’ਤੇ ਸ਼ਾਮ 8:00 ਵਜੇ ਸ਼ੁਰੂ ਹੋਵੇਗਾ, ਅਤੇ ਟਾਸ ਸ਼ਾਮ 7:30 ਵਜੇ ਹੋਵੇਗਾ। ਵੈਸਟਇੰਡੀਜ 5 ਟੀ-20 ਮੈਚਾਂ ਦੀ ਲੜੀ ’ਚ 2-1 ਨਾਲ ਅੱਗੇ ਹੈ। ਭਾਰਤ ’ਤੇ ਲੜੀ ਹਾਰਨ ਦਾ ਖਤਰਾ ਹੈ, ਟੀਮ ਨੂੰ ਲੜੀ ’ਚ ਬਣੇ ਰਹਿਣ ਲਈ ਅੱਜ ਦਾ ਮੈਚ ਜਿੱਤਣਾ ਹੋਵੇਗਾ। ਚੌਥੇ ਟੀ-20 ਤੋਂ ਬਾਅਦ ਭਲਕੇ ਪੰਜਵਾਂ ਮੈਚ ਵੀ ਇਸੇ ਸ਼ਹਿਰ ’ਚ ਹੀ ਖੇਡਿਆ ਜਾਵੇਗਾ।
ਤਿਲਕ ਵਰਮਾ ਅਤੇ ਸੂਰਿਆ ਕੁਮਾਰ ’ਤੇ ਫੇਰ ਹੋਣਗੀਆਂ ਨਿਗਾਹਾਂ
ਟੀਮ ਇੰਡੀਆ ਨੇ ਤੀਜੇ ਟੀ-20 ’ਚ ਯਸ਼ਸਵੀ ਜੈਸਵਾਲ ਨੂੰ ਮੌਕਾ ਦਿੱਤਾ ਹੈ। ਉਸ ਨੇ ਆਊਟ ਆਫ ਫਾਰਮ ਈਸ਼ਾਨ ਕਿਸ਼ਨ ਦੀ ਜਗ੍ਹਾ ਲਈ, ਪਰ ਸਿਰਫ ਇੱਕ ਦੌੜ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਅੱਜ ਦੇ ਮੈਚ ’ਚ ਵੀ ਮੌਕਾ ਮਿਲ ਸਕਦਾ ਹੈ। ਤਿਲਕ ਵਰਮਾ ਨੇ ਲੜੀ ’ਚ ਭਾਰਤ ਲਈ ਤਿੰਨੋਂ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ 39, 51 ਅਤੇ 49ਨਾਬਾਦ ਦੀਆਂ ਪਾਰੀਆਂ ਖੇਡੀਆਂ ਹਨ। ਆਈਸੀਸੀ ਟੀ-20 ਬੱਲੇਬਾਜਾਂ ਦੀ ਰੈਂਕਿੰਗ ’ਚ ਨੰਬਰ ਇਕ ’ਤੇ ਕਾਬਜ ਸੂਰਿਆਕੁਮਾਰ ਯਾਦਵ ਨੇ 83 ਦੌੜਾਂ ਦੀ ਪਾਰੀ ਖੇਡ ਕੇ ਤੀਜੇ ਟੀ-20 ’ਚ ਭਾਰਤ ਦੀ ਜਿੱਤ ’ਚ ਅਹਿਮ ਰੋਲ ਅਦਾ ਕੀਤਾ। ਸੂਰਿਆ ਦੇ ਨਾਲ ਭਾਰਤ ਲਈ ਲੜੀ ਬਰਾਬਰ ਕਰਨ ਦੀ ਜਿੰਮੇਵਾਰੀ ਤਿਲਕ ਵਰਮਾ ’ਤੇ ਵੀ ਹੋਵੇਗੀ। ਹਾਰਦਿਕ ਪੰਡਯਾ ਨੇ ਗੇਂਦਬਾਜੀ ’ਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਦੇ ਨਾਲ ਲੜੀ ’ਚ 4-4 ਵਿਕਟਾਂ ਲਈਆਂ ਹਨ। ਤਿੰਨੋਂ ਗੇਂਦਬਾਜੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ।
ਅਮਰੀਕਾ ’ਚ 4 ਟੀ-20 ਮੈਚ ਜਿੱਤਿਆ ਹੈ ਭਾਰਤ
2024 ਦਾ ਟੀ-20 ਵਿਸ਼ਵ ਕੱਪ ਅਮਰੀਕਾ ’ਚ ਹੋਵੇਗਾ। ਮੈਚ ਦੇਸ਼ ਦੇ ਫਲੋਰਿਡਾ ਸਥਿਤ ਸਟੇਡੀਅਮ ’ਚ ਵੀ ਹੋਣੇ ਹਨ, ਜਿੱਥੇ ਭਾਰਤ ਅਤੇ ਵੈਸਟਇੰਡੀਜ ਵਿਚਾਲੇ ਟੀ-20 ਸੀਰੀਜ ਦੇ ਆਖਰੀ 2 ਮੈਚ ਹੋਣਗੇ। ਫਲੋਰਿਡਾ ’ਚ ਦੋਵਾਂ ਟੀਮਾਂ ਵਿਚਾਲੇ 6 ਟੀ-20 ਖੇਡੇ ਗਏ, ਜਿਸ ’ਚ ਭਾਰਤ ਨੇ 4 ਅਤੇ ਵੈਸਟਇੰਡੀਜ ਨੇ ਸਿਰਫ ਇੱਕ ਮੈਚ ਜਿੱਤਿਆ ਹੈ। ਭਾਰਤ ਜਿਹੜੇ ਮੈਚ ’ਚ ਹਾਰਿਆ ਸੀ ਉਹ 2016 ’ਚ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜੀ ਕਰਦਿਆਂ ਵੈਸਟਇੰਡੀਜ ਨੇ 245 ਦੌੜਾਂ ਬਣਾਈਆਂ, ਜਵਾਬ ’ਚ ਭਾਰਤ ਵੱਲੋਂ ਲੋਕੇਸ਼ ਰਾਹੁਲ ਨੇ ਸੈਂਕੜਾ ਜੜਿਆ। ਟੀਮ ਨੂੰ ਆਖਰੀ ਗੇਂਦ ’ਤੇ 2 ਦੌੜਾਂ ਦੀ ਲੋੜ ਸੀ ਪਰ ਇਸ ਗੇਂਦ ’ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕੈਚ ਹੋ ਗਿਆ ਅਤੇ ਟੀਮ ਇੰਡੀਆ ਇੱਕ ਦੌੜ ਨਾਲ ਮੈਚ ਹਾਰ ਗਈ। ਇਸ ਰੋਮਾਂਚਕ ਮੈਚ ਤੋਂ ਬਾਅਦ ਭਾਰਤ ਨੇ ਇੱਥੇ ਸਾਰੇ ਟੀ-20 ਮੈਚ ਜਿੱਤ ਲਏ ਹਨ।