ਨੌਜਵਾਨਾਂ ’ਚ ਮੋਬਾਇਲ ਫੋਨ ਦਾ ਵਧਦਾ ਰੁਝਾਨ
ਅੱਜ ਦਾ ਯੁੱਗ ਵਿਗਿਆਨਕ ਯੁੱਗ ਹੈ। ਅਨੇਕਾਂ ਹੀ ਤਕਨੀਕਾਂ ਨੇ ਬਹੁਤ ਕੁੱਝ ਬਦਲ ਦਿੱਤਾ ਹੈ। ਇੱਕ ਛੋਟਾ ਜਿਹਾ ਮੋਬਾਇਲ ਫੋਨ ਜੋ ਕਿ ਪੂਰੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਦਬੋਚੀ ਬੈਠਾ ਹੈ। ਇੰਝ ਲੱਗਦਾ ਹੈ ਕਿ ਜਿਵੇਂ ਅੱਜ ਦੇ ਮਨੁੱਖ ਦੀ ਜਿੰਦਗੀ ਸਿਰਫ ਮੋਬਾਇਲ ਆਸਰੇ ਹੀ ਚੱਲਦੀ ਹੈ। ਹਰ ਕੋਈ ਇਨਸਾਨ ਆਪਣੇ ਪਰਿਵਾਰ ਵਾਂਗ ਮੋਬਾਇਲ ਫੋਨ ਨੂੰ ਪਿਆਰ ਕਰਦਾ ਹੈ ਤੇ ਸੰਭਾਲ ਕੇ ਰੱਖਦਾ ਹੈ। ਇਹ ਅੱਜ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ। ਮੋਬਾਇਲ ਫੋਨ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਹੈ। ਇਹ ਤਾਂ ਹੀ ਹੈ ਜੇਕਰ ਸਹੀ ਤਰੀਕੇ ਨਾਲ ਮੋਬਾਇਲ ਦੀ ਵਰਤੋਂ ਕੀਤੀ ਜਾਵੇ। ਮੋਬਾਇਲ ਫੋਨ ਨੂੰ ਸੈੱਲਫੋਨ ਵੀ ਕਹਿੰਦੇ ਹਨ। ਇਸਦਾ ਵਿਕਾਸ 1921 ਈ. ਵਿਚ ਅਮਰੀਕਾ ਵਿਚ ਹੋਇਆ। ਡੈਟਰਾਇਟ ਮਿਸ਼ੀਗਨ ਪੁਲਿਸ ਡਿਪਾਰਟਮੈਂਟ ਨੇ ਮੋਬਾਇਲ ਫੋਨ ਦੀ ਵਰਤੋਂ ਕੀਤੀ ਸੀ।
1994 ਈ. ਵਿੱਚ ਭਾਰਤ ਵਿੱਚ ਪਹਿਲੀ ਵਾਰ ਵਰਤੋਂ ਕੀਤੀ ਗਈ। ਲਗਭਗ ਦੁਨੀਆਂ ਦੇ 90 ਪ੍ਰਤੀਸ਼ਤ ਵਿਅਕਤੀ ਫੋਨ ਦੀ ਵਰਤੋਂ ਦੇ ਆਦੀ ਹੋ ਗਏ ਹਨ। ਇਸ ਦੀ ਵਰਤੋਂ ਲਗਭਗ ਸਾਰੇ ਸੰਸਾਰ ਵਿੱਚ ਲੋਕਪਿ੍ਰਆ ਹੋ ਚੁੱਕੀ ਹੈ। ਮੋਬਾਇਲ ਫੋਨ ਦੇ ਜਿੱਥੇ ਬਹੁਤੇ ਲਾਭ ਹਨ, ਉੱਥੇ ਨੁਕਸਾਨ ਵੀ ਹਨ। ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿੱਚ ਮੋਬਾਇਲ ਦੀ ਵਰਤੋਂ ਸਭ ਤੋ ਵੱਧ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਸਿਹਤ ਦਾ ਇੰਨਾ ਧਿਆਨ ਨਹੀਂ ਰੱਖਦੀ ਜਿੰਨਾ ਕਿ ਮੋਬਾਇਲ ਦਾ। ਕਈ ਨੌਜਵਾਨ ਤਾਂ ਆਪਣੀ ਅਮੀਰੀ ਦਾ ਦਿਖਾਵਾ ਕਰਨ ਲਈ ਵੱਡੇ-ਵੱਡੇ ਫੋਨ ਖਰੀਦਦੇ ਹਨ। ਕਈ ਨੌਜਵਾਨ ਮੁੰਡੇ-ਕੁੜੀਆਂ ਕੋਲ ਪੰਜਾਹ-ਪੰਜਾਹ ਹਜ਼ਾਰ, ਲੱਖ-ਲੱਖ ਰੁਪਏ ਤੱਕ ਦੇ ਮੋਬਾਇਲ ਹੱਥਾਂ ਵਿੱਚ ਫੜੇ ਹੁੰਦੇ ਹਨ। ਇਨ੍ਹਾਂ ਨੂੰ ਦੇਖ ਗਰੀਬ ਪਰਿਵਾਰਾਂ ਦੇ ਬੱਚੇ ਵੀ ਮਹਿੰਗੇ ਫੋਨਾਂ ਦੀ ਮੰਗ ਕਰਦੇ ਹਨ। ਅੱਜ-ਕੱਲ੍ਹ ਤਾਂ ਦੋ-ਤਿੰਨ ਸਾਲ ਦੇ ਬੱਚੇ ਤੋਂ ਲੈ ਕੇ ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਵਿੱਚ ਮੋਬਾਇਲ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਬੱਚੇ ਸਾਰਾ-ਸਾਰਾ ਦਿਨ ਮੋਬਾਇਲ ’ਤੇ ਗੇਮਾਂ ਖੇਡਦੇ ਰਹਿੰਦੇ ਹਨ।
ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਅੱਜ ਦੀ ਮਨੁੱਖੀ ਜਿੰਦਗੀ ਮੋਬਾਇਲਾਂ ਦੇ ਆਸਰੇ ਹੀ ਚੱਲ ਰਹੀ ਹੋਵੇ। ਵਿਦਿਆਰਥੀਆਂ ਦੇ ਜੀਵਨ ਵਿੱਚ ਮੋਬਾਇਲ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਅੱਜ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਲੱਗਣ ਕਾਰਨ ਆਨਲਾਈਨ ਪੜ੍ਹਾਈ ਹੋਣ ਕਾਰਨ ਮੋਬਾਇਲ ਦੀ ਵਰਤੋਂ ਬਹੁਤ ਵਧ ਗਈ ਹੈ। ਕਈ ਗਰੀਬ ਬੱਚੇ ਹਨ ਜੋ ਸਮਾਰਟ ਫੋਨ ਨਹੀਂ ਲੈ ਸਕਦੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਗਰੀਬ ਮਾਪੇ ਫੋਨ ਕਿੱਥੋਂ ਲੈ ਕੇ ਦੇਣ ਜਿਨ੍ਹਾਂ ਨੂੰ ਆਪਣੀ ਦੋ ਡੰਗ ਦੀ ਰੋਟੀ ਦਾ ਫਿਕਰ ਸਤਾਉਂਦਾ ਰਹਿੰਦਾ ਹੈ। ਕਈ ਗਰੀਬ ਹੋਣਹਾਰ ਵਿਦਿਆਰਥੀ ਅੱਜ ਪੜ੍ਹਾਈ ਵਿਚ ਮੋਬਾਇਲ ਫੋਨ ਦੀ ਵਰਤੋਂ ਕਾਰਨ ਹੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਆਨਲਾਈਨ ਪੜ੍ਹਾਈ ਲਈ ਮਹਿੰਗਾ ਫੋਨ ਚਾਹੀਦਾ ਹੈ ਜੋ ਕਿ ਗਰੀਬ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਕਿਉਂਕਿ ਬੱਚਿਆਂ ਨੂੰ ਕਿਤਾਬਾਂ ਦੀ ਪੀ.ਡੀ ਐੱਫ ਤੇ ਸਕੂਲ ਦਾ ਕੰਮ ਹੁਣ ਤਾਂ ਨੈੱਟ ਤੋਂ ਹੀ ਕੱਢਣਾ ਪੈਂਦਾ ਹੈ। ਛੋਟੇ-ਛੋਟੇ ਬੱਚੇ ਮੋਬਾਇਲਾਂ ’ਤੇ ਲੱਗੇ ਰਹਿੰਦੇ ਹਨ। ਜਿਸ ਕਾਰਨ ਉਹਨਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਬਾਲਗ ਤੇ ਨਾਬਾਲਗ ਮੁੰਡੇ-ਕੁੜੀਆਂ ਵੱਲੋਂ ਇਸ ਦੀ ਵਰਤੋਂ ਜਾਇਜ ਢੰਗ ਨਾਲ ਨਹੀਂ ਕੀਤੀ ਜਾਂਦੀ।
ਮੋਬਾਇਲ ਫੋਨ ਦੇ ਟਾਵਰਾਂ ਵਿਚੋਂ ਨਿੱਕਲਦੀ ਰੇਡੀਓ ਕਿਉਂਸੀ ਰੈਡੀਏਸ਼ਨ ਨਾਲ ਕੈਂਸਰ, ਲਿਊਕੈਮੀਆ ਅਤੇ ਅਲਸੀਰੇਜ, ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲੱਗ ਜਾਂਦੇ ਹਨ। ਫੋਨ ਨੂੰ ਜਿਆਦਾ ਸੁਣਨ ਕਾਰਨ ਸੁਣਨ ਸ਼ਕਤੀ ’ਤੇ ਮਾੜਾ ਅਸਰ ਪੈਂਦਾ ਹੈ। ਅੱਖਾਂ ਦੀ ਨਿਗ੍ਹਾ ’ਤੇ ਅਸਰ ਪੈਂਦਾ ਹੈ। ਕਈ ਵਾਰ ਨੌਜਵਾਨ ਕਾਰ, ਮੋਟਰ ਸਾਈਕਲ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਤਾਂ ਦਸਵੀਂ, ਬਾਰ੍ਹਵੀਂ ਦੇ ਬੱਚਿਆਂ ਦਾ ਮੁੱਖ ਸਾਥੀ ਮੋਬਾਇਲ ਹੀ ਬਣਿਆ ਹੋਇਆ ਹੈ। ਮੋਬਾਇਲ ’ਤੇ ਚੱਲਦੀਆਂ ਕੁੱਝ ਐਪਾਂ ਨੇ ਨੌਜਵਾਨ ਵਰਗ ਨੂੰ ਬਿਲਕੁਲ ਇੱਕ ਨਸ਼ੇ ’ਤੇ ਲਾ ਰੱਖਿਆ ਹੈ। ਜਿਵੇਂ ਪਹਿਲਾ ਚੱਲਦੀ ਐਪ ਟਿਕ-ਟੋਕ ਨੇ ਛੋਟੇ ਬੱਚੇ ਤੋਂ ਲੈ ਕੇ ਬਜੁਰਗ ਨੂੰ ਵੀ ਸਾਰਾ ਦਿਨ ਵਿਅਸਤ ਕਰ ਦਿੱਤਾ ਸੀ। ਇਸ ਤਰ੍ਹਾਂ ਅੱਜ ਚੱਲ ਰਹੇ ਐਪ ਫੇਸਬੁੱਕ, ਇੰਸਟਾ ਨੇ ਵੀ ਨੌਜਵਾਨ ਪੀੜ੍ਹੀ ਨੂੰ ਭਟਕਣ ਵਿੱਚ ਪਾਇਆ ਹੋਇਆ ਹੈ।
ਇਨ੍ਹਾਂ ਦੀ ਦੁਰਵਰਤੋਂ ਕਾਰਨ ਹੀ ਬੱਚੇ ਪੜ੍ਹਾਈ ਤੋਂ ਤੇ ਆਪਣੀ ਜਿੰਮੇਵਾਰੀ ਤੋਂ ਅਵੇਸਲੇ ਹੋ ਰਹੇ ਹਨ। ਮੋਬਾਇਲਾਂ ਨੇ ਆਪਸੀ ਮੇਲ-ਜੋਲ, ਪ੍ਰੇਮ-ਪਿਆਰ ਨੂੰ ਵੀ ਘਟਾ ਦਿੱਤਾ ਹੈ। ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਬਹੁਤ ਦੂਰ ਕਰ ਦਿੱਤਾ ਹੈ ਕਿਉਂਕਿ ਇੱਕ ਤਾਂ ਇਹ ਸਮਾਂ ਬਰਬਾਦ ਕਰਦਾ ਹੈ ਜੋ ਅਸੀਂ ਆਪਣਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਦੂਜਾ, ਇਸਦੀ ਵਰਤੋਂ ਨਾਲ ਰਿਸ਼ਤਿਆਂ ਵਿੱਚ ਦਰਾੜ ਪੈਂਦੀ ਹੈ। ਅੱਜ-ਕੱਲ੍ਹ ਫੋਨ ’ਤੇ ਬਹੁਤ ਝੂਠ ਬੋਲਿਆ ਜਾਂਦਾ ਹੈ। ਜਿਸ ਕਾਰਨ ਰਿਸ਼ਤਿਆਂ ਵਿੱਚ ਦੂਰੀ ਵਧ ਰਹੀ ਹੈ। ਮੋਬਾਇਲ ਦੀ ਦੁਰਵਰਤੋਂ ਕਾਰਨ ਲੜਾਈ-ਝਗੜੇ ਵੀ ਹੋ ਜਾਂਦੇ ਹਨ। ਇਸਦੇ ਨਾਲ ਹੀ ਸਮਾਜ-ਵਿਰੋਧੀ ਅਨਸਰ, ਗੁੰਡਾ ਅਨਸਰ, ਧੋਖੇਬਾਜ ਇਸ ਦੀ ਦੁਰਵਰਤੋਂ ਸਭ ਤੋ ਵੱਧ ਕਰਦੇ ਹਨ। ਜਿੰਨੀ ਹੋ ਸਕੇ ਮੋਬਾਇਲ ਦੀ ਵਰਤੋਂ ਘੱਟ ਕੀਤੇ ਜਾਵੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੀ ਦਿਮਾਗੀ ਤਾਕਤ ਨੂੰ ਕਿਸੇ ਹੋਰ ਉਪਯੋਗੀ ਕਾਰਜ ਵਿੱਚ ਲਾ ਸਕੇ। ਮੋਬਾਇਲ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਵੇ।
ਗਗਨਦੀਪ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।