55 ਸਾਲਾਂ ਬਾਅਦ ਮੁੜ ਸੁਰਜੀਤ ਕੀਤੀ ਜਾਵੇਗੀ ਚੌਧਰੀ ਮਾਈਨਰ : ਜਗਦੀਪ ਕੰਬੋਜ ਗੋਲਡੀ
Punjab News: ਜਲਾਲਾਬਾਦ, (ਰਜਨੀਸ਼ ਰਵੀ)। ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤਾਂ ਤੱਕ ਪੂਰਾ ਪਾਣੀ ਪਹੁੰਚਾਉਣ ਦੀ ਲੜੀ ਤਹਿਤ 55 ਸਾਲਾਂ ਤੋਂ ਬੰਦ ਪਈ ਚੌਧਰੀ ਮਾਈਨਰ ਨੂੰ ਮੁੜ ਸੁਰਜੀਤ ਕਰਨ ਦਾ ਪ੍ਰੋਜੈਕਟ ਆਰੰਭ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦਿੱਤੀ ਹੈ। ਉਹਨਾਂ ਨੇ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।।
ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਤੱਕ ਪੂਰਾ ਨਹਿਰੀ ਪਾਣੀ ਪਹੁੰਚੇ ਅਤੇ ਉਨ੍ਹਾਂ ਦੀ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟੇ ਤਾਂ ਜੋ ਜਿਆਦਾ ਤੋਂ ਜਿਆਦਾ ਉਤਪਾਦਨ ਹੋਵੇ ਅਤੇ ਸਾਡੇ ਕਿਸਾਨ ਖੁ਼ਸਹਾਲ ਹੋਣ। ਇਸ ਲਈ ਜਿੱਥੇ ਮਾਲਵਾ ਨਹਿਰ ਵਰਗੀਆਂ ਨਵੀਂਆਂ ਨਹਿਰਾਂ ਬਣਾਈਆਂ ਜਾ ਰਹੀਆਂ ਹਨ ਉਥੇ ਹੀ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਬੰਦ ਹੋਈਆਂ ਨਹਿਰਾਂ ਅਤੇ ਖਾਲਿਆਂ ਨੂੰ ਵੀ ਮੁੜ ਬਹਾਲ ਕੀਤਾ ਜਾ ਰਿਹਾ ਹੈ। Punjab News
ਇਹ ਵੀ ਪੜ੍ਹੋ: Chandrayaan-4: ਚੰਦਰਯਾਨ-3 ਤੋਂ ਬਾਅਦ ਹੁਣ ਚੰਦਰਯਾਨ-4 ਦੀ ਤਿਆਰੀ, ਇਸਰੋ ਨੇ ਦਿੱਤੀ ਵੱਡੀ ਖੁਸ਼ਖਬਰੀ
ਇਸੇ ਲੜੀ ਵਿਚ ਉਨ੍ਹਾਂ ਦੇ ਹਲਕੇ ਵਿਚ ਚੌਧਰੀ ਮਾਇਨਰ ਨਹਿਰ ਨੂੰ ਮੁੜ ਬਹਾਲ ਕਰਦਿਆਂ ਇਸਦੀ ਕੰਕਰੀਟ ਲਾਈਨਿੰਗ ਕਰਕੇ ਇਸ ਰਾਹੀਂ ਅੱਧੀ ਦਰਜਨ ਪਿੰਡਾਂ ਨੂੰ ਪਾਣੀ ਦਿੱਤਾ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਇਹ ਨਹਿਰ 1969 ਵਿਚ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। Punjab News
ਅੱਧੀ ਦਰਜਨ ਪਿੰਡਾਂ ਦੇ ਖੇਤਾਂ ਤੱਕ ਪੁੱਜੇਗਾ ਨਹਿਰੀ ਪਾਣੀ
ਉਨ੍ਹਾਂ ਨੇ ਦੱਸਿਆ ਕਿ 5.02 ਕਿਲੋ ਮੀਟਰ ਲੰਬੀ ਨਹਿਰ ਤੋਂ ਘੱਟਿਆਂਵਾਲੀ ਜੱਟਾਂ, ਘੱਟਿਆਂਵਾਲੀ ਬੋਦਲਾ, ਚੱਥ ਖਿਓਵਾਲਾ, ਚਾਹਲਾਂ ਵਾਲਾ, ਟਾਹਲੀ ਵਾਲਾ ਬੋਦਲਾ, ਸਿੰਘਪੁਰਾ ਅਤੇ ਇਸਲਾਮੇਵਾਲਾ ਦੇ 3500 ਏਕੜ ਰਕਬੇ ਤੱਕ ਪਾਣੀ ਪੁੱਜੇਗਾ। ਪਹਿਲਾਂ ਇੰਨ੍ਹਾਂ ਪਿੰਡਾਂ ਵਿਚ ਨਹਿਰੀ ਪਾਣੀ ਦੀ ਘਾਟ ਸੀ। ਇਹ ਨਹਿਰ ਸਦਰਨ ਨਹਿਰ ਦੀ ਬੁਰਜੀ 15500 ਤੋਂ ਸ਼ੁਰੂ ਹੋਵੇਗੀ ਅਤੇ ਇਹ ਨਹਿਰ 16500 ਬੁਰਜੀਆਂ ਤੱਕ ਹੋਵੇਗੀ। ਇਸਦੇ ਨਿਰਮਾਣ ਤੇ 5.09 ਕਰੋੜ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਨੇ ਕਿਹਾ ਕਿ ਇਸ ਨਹਿਰ ਦੇ ਬਣਨ ਨਾਲ ਇੰਨ੍ਹਾਂ ਪਿੰਡਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਜਾਵੇਗੀ ਅਤੇ ਟੇਲਾਂ ਤੱਕ ਪੂਰਾ ਪਾਣੀ ਪਹੁੰਚੇਗਾ।