ਸਾਬਕਾ ਉਪ ਮੁੱਖ ਮੰਤਰੀ ਨੇ ਮਲੋਟ ‘ਚ ਅਕਾਲੀ-ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ
ਜਾਖੜ ਦੇ ਪਿੰਡ ਦੇ ਲੋਕ ਹੀ ਉਸ ਤੋਂ ਤੰਗ: ਸੁਖਬੀਰ
ਕਾਂਗਰਸ ਸਰਕਾਰ ਨੂੰ ਫੂਲਕਾ ਦੇ ਮਸ਼ਵਰੇ ‘ਤੇ ਕਾਰਵਾਈ ਕਰਨ ਲਈ ਲਲਕਾਰਿਆ
ਅਬੋਹਰ/ਮਲੋਟ, ਸੱਚ ਕਹੂੰ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਗੜ੍ਹ ‘ਚ ਜਾ ਕੇ ਗਰਜੇ ਇੱਥੇ ਅਬੋਹਰ ਨੇੜੇ ਪੈਂਦੇ ਕਾਂਗਰਸ ਆਗੂ ਦੇ ਜੱਦੀ ਪਿੰਡ ਪੰਜਕੋਸੀ ਵਿਚ ਜਾਖੜ ਦੇ ਘਰ ਦੇ ਬਿਲਕੁਲ ਲਾਗੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਜਾਖੜ ਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਲਲਕਾਰ ਕੇ ਕਹਿੰਦਾ ਹਾਂ ਕਿ ਉਹ ਬਾਹਰ ਆ ਕੇ ਸਿਰਲੱਥ ਅਕਾਲੀ ਯੋਧਿਆਂ ਦਾ ਸਾਹਮਣਾ ਕਰਨ ਖਾਲਸਾ ਨੂੰ ਜਿੰਨਾ ਕੋਈ ਵੰਗਾਰਦਾ ਹੈ, ਉਹ ਓਨਾ ਹੀ ਫਲਦਾ-ਫੈਲਦਾ ਹੈ।
ਪੰਜਕੋਸੀ ਤੋਂ ਇਲਾਵਾ ਸ੍ਰ. ਬਾਦਲ ਨੇ ਅਬੋਹਰ ਤੇ ਮਲੋਟ ਵਿਖੇ ਵੀ ਭਾਰੀ ਅਕਾਲੀ ਰੈਲੀਆਂ ਕੀਤੀਆਂ, ਜਿੱਥੇ ਵੱਡੀ ਗਿਣਤੀ ‘ਚ ਅਕਾਲੀ-ਭਾਜਪਾ ਵਰਕਰਾਂ ਨੇ ਭਾਗ ਲਿਆ ਮਲੋਟ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਪਾਰਟੀ ਦਾ ਸਟੈਂਡ ਦੁਹਰਾਇਆ ਕਿ ਕਾਂਗਰਸ ਪਾਰਟੀ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸੂਬੇ ਅੰਦਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾ ਰਹੀ ਹੈ।
ਇਹ ਆਖਦਿਆਂ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ 9 ਸਤੰਬਰ ਨੂੰ ਅਬੋਹਰ ਵਾਲੀ ਰੈਲੀ ‘ਤੇ ਜੰਗ ਦਾ ਬਿਗਲ ਵਜਾਉਣ ਲਈ ਤਿਆਰ ਰਹਿਣ ਵਾਸਤੇ ਕਿਹਾ ਇਸ ਸਮਾਗਮ ‘ਚ ਪਿਛਲੇ ਹਫ਼ਤੇ ਜਾਖੜ ਵੱਲੋਂ ਕੀਤੇ ਦਾਅਵੇ ਕਿ ਅਕਾਲੀ ਆਗੂਆਂ ਖਾਸ ਕਰਕੇ ਬਾਦਲਾਂ ਨੂੰ ਪਿੰਡਾਂ ‘ਚ ਨਾ ਵੜਨ ਦਿੱਤਾ ਜਾਵੇਗਾ, ਦਾ ਮੋੜਵਾਂ ਜਵਾਬ ਦੇਣ ਵਾਲੀ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਦੀ ਵਿਲੱਖਣ ਛਾਪ ਸਾਫ ਨਜ਼ਰ ਆਈ।
ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲਲਕਾਰਦੇ ਹੋਏ ਆਪ ਆਗੂ ਐੱਚ ਐੱਸ ਫੂਲਕਾ ਦੇ ਮਸ਼ਵਰੇ ਨੂੰ ਸਵੀਕਾਰ ਕਰਨ ਲਈ ਆਖਦਿਆਂ ਕਿਹਾ ਕਿ ਜਾਂ ਤਾਂ ਕਾਂਗਰਸ ਸਰਕਾਰ ਅਖੌਤੀ ਰਣਜੀਤ ਕਮਿਸ਼ਨ ਰਿਪੋਰਟ ਦੇ ਠੋਸ ਤੇ ਕਾਰਵਾਈ ਯੋਗ ਹਿੱਸਿਆਂ ਨੂੰ ਸਾਰਿਆਂ ਨਾਲ ਸਾਂਝਾ ਕਰੇ ਜਾਂ ਫਿਰ ਆਪਣੇ ਸਾਰੇ ਮੰਤਰੀਆਂ ਨੂੰ 15 ਸਤੰਬਰ ਨੂੰ ਇਕੱਠੇ ਅਸਤੀਫੇ ਦੇਣ ਲਈ ਕਹਿ ਦੇਵੇ।
ਉਨ੍ਹਾਂ ਕਿਹਾ ਕਿ ਇਹ ਰਿਪੋਰਟ ਗਿੱਲਾ ਪਟਾਕਾ ਹੈ, ਕਿਉਂਕਿ ਇਹ ਇੱਕ ਪੱਖਪਾਤੀ ਅਤੇ ਵਿਤਕਰੇ ਭਰੀ ਮਾਨਿਸਕਤਾ ਨਾਲ ਬੇਬੁਨਿਆਦ ਦੋਸ਼ਾਂ, ਅੰਦਾਜ਼ਿਆਂ, ਅਟਕਲਾਂ ਤੇ ਅਨੁਮਾਨਾਂ ਦੇ ਅਧਾਰ ‘ਤੇ ਗੁੱਝੇ ਹਿੱਤਾਂ ਦੀ ਪੂਰਤੀ ਲਈ ਤਿਆਰ ਕੀਤੀ ਗਈ ਹੈ ਅਦਾਲਤ ‘ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਇਹ ਰਿਪੋਰਟ ਵਾਪਸ ਵਕੀਲ ਦੇ ਮੂੰਹ ‘ਤੇ ਵਗਾਹ ਮਾਰਨ ਦੇ ਯੋਗ ਹੈ।
ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਪੰਜਾਬ ਪੈਲੇਸ ਮਲੋਟ ‘ਚ ਅਕਾਲੀ ਦਲ ਤੇ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਸ੍ਰ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਸਟਿਸ ਰਣਜੀਤ ਸਿੰਘ, ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨਾਲ ਰਲ ਕੇ ਇੱਕ ਝੂਠੀ ਰਿਪੋਰਟ ਤਿਆਰ ਕਰ ਦਿੱਤੀ ਪਰ ਅਸੀਂ ਰਿਪੋਰਟ ਤੋਂ ਪਹਿਲਾਂ ਇਹ ਸਾਬਤ ਕਰ ਦਿੱਤਾ ਕਿ ਇਹ ਸਾਰੀ ਖਿਚੜੀ ਚੰਨਣ ਸਿੰਘ ਸਿੱਧੂ ਦੇ ਘਰ ਵਾਰ-ਵਾਰ ਮੀਟਿੰਗਾਂ ਕਰਕੇ ਪਕਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਜਿੱਡਾ ਮਹਾਨ ਤੇ ਦਲੇਰ ਆਗੂ ਕੋਈ ਹੋ ਨਹੀਂ ਸਕਦਾ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਅਗਲੇ ਦਿਨਾਂ ‘ਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 13 ਦੀਆਂ 13 ਤੇ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਤਜਿੰਦਰ ਸਿੰਘ ਮਿੱਢੂ ਖੇੜਾ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਬੱਬਰੂ ਵਹੀਨ ਬਾਂਸਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰੋਜ਼ੀ ਬਰਕੰਦੀ, ਮੇਜ਼ਰ ਸਿੰਘ ਢਿੱਲੋਂ ਸਮੇਤ ਹੋਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।