ਕੰਪਿਊਟਰ ਯੁੱਗ ‘ਚ ਰੁਲਦਾ ਵਡੇਰਾ ਇਨਸਾਨਮਮ

ਕੰਪਿਊਟਰ ਯੁੱਗ ‘ਚ ਰੁਲਦਾ ਵਡੇਰਾ ਇਨਸਾਨਮਮ

ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਪੇ ਉਸ ਦੀ ਇਸ ਦੁਨੀਆ ‘ਤੇ ਹੋਂਦ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਖਤਰੇ ਤੋਂ ਢਾਲ ਬਣ ਕੇ ਉਸ ਦੀ ਰੱਖਿਆ ਕਰਦੇ ਹਨ। ਮਾਪੇ ਬੱਚੇ ਨੂੰ ਉਸ ਦੀ ਆਉਣ ਵਾਲੀ ਜ਼ਿੰਦਗੀ ਲਈ ਤਿਆਰ ਕਰਦੇ ਹਨ, ਉਸ ਨੂੰ ਰਿੜ੍ਹਨਾ, ਤੁਰਨਾ ਅਤੇ ਦੌੜਨਾ ਸਿਖਾਉਂਦੇ ਹਨ ਅਤੇ ਉਸ ਦੇ ਖੰਭਾਂ ਨੂੰ ਪਰਵਾਜ਼ ਦਿੰਦੇ ਹਨ ਤਾਂ ਜੋ ਉਹ ਇਸ ਦੁਨੀਆ ਦੇ ਅਕਾਸ਼ ‘ਚ ਖੁੱਲ੍ਹੀਆਂ ਉਡਾਰੀਆਂ ਲਾ ਸਕੇ। ਜਿੰਨੇ ਚਾਅ, ਮਲ੍ਹਾਰ ਅਤੇ ਲਾਡ ਮਾਪੇ ਆਪਣੇ ਬੱਚਿਆਂ ਨਾਲ ਕਰਦੇ ਹਨ, ਉਨੀ ਸ਼ਿੱਦਤ ਨਾਲ ਪਿਆਰ ਅਤੇ ਆਪਣੀਆਂ ਰੀਝਾਂ ਦਾ ਪ੍ਰਗਟਾਵਾ ਦੂਜਾ ਕੋਈ ਹੋਰ ਨਹੀਂ ਕਰ ਸਕਦਾ। ਬੱਚੇ ਦੀ ਛੋਟੀ ਜਿਹੀ ਖੁਸ਼ੀ ਦੀ ਕਿਲਕਾਰੀ ਸੁਣਨ ਲਈ ਉਤਾਵਲੇ ਰਹਿਣ ਵਾਲੇ ਮਾਪੇ, ਬੱਚੇ ਨੂੰ ਛੋਟੀ ਜਿਹੀ ਝਰੀਟ ਲੱਗਣ ‘ਤੇ ਘਬਰਾ ਜਾਂਦੇ ਹਨ ਅਤੇ ਉਸ ਦੀ ਨਿੱਕੀ ਜਿਹੀ ਖੁਸ਼ੀ ਲਈ ਹਮੇਸ਼ਾ ਆਪਾ ਵਾਰਨ ਲਈ ਤਿਆਰ ਰਹਿੰਦੇ ਹਨ।

ਬੱਚੇ ਦੇ ਦੁੱਖ, ਤਕਲੀਫ, ਭੁੱਖ, ਪਿਆਸ ਤੇ ਹਰ ਤਰ੍ਹਾਂ ਦੀ ਖੁਸ਼ੀ ਦਾ ਖਿਆਲ ਰੱਖਣ ਵਾਲੇ ਮਾਪੇ ਰੱਬ ਦਾ ਹੀ ਦੂਜਾ ਰੂਪ ਹਨ। ਜ਼ਿੰਦਗੀ ਆਸ ਅਤੇ ਉਮੀਦ ਨਾਲ ਹੀ ਜੁੜੀ ਹੋਈ ਹੈ। ਪੁੱਤਰਾਂ ਤੇ ਧੀਆਂ ਨੂੰ ਮਾਪੇ ਇਸ ਆਸ ਨਾਲ ਪਾਲ਼ਦੇ ਹਨ ਤਾਂ ਜੋ ਉਹ ਜ਼ਿੰਦਗੀ ਦੇ ਢਲ਼ਦੇ ਪੱਖ ‘ਚ ਸਾਡੀ ਧਰਵਾਸ ਬਣਨ। ਬੇਸ਼ੱਕ ਕਈ ਘਰਾਂ ‘ਚ ਥੁੜਾਂ ਦੇ ਬਾਵਜੂਦ ਵੀ ਬਜ਼ੁਰਗਾਂ ਨੂੰ ਇਉਂ ਸੰਭਾਲਿਆ ਜਾਂਦਾ ਹੈ ਜਿਵੇਂ ਬੂਟੇ ਦੀਆਂ ਜੜ੍ਹਾਂ ਨੂੰ। ਨਿਸ਼ਚੇ ਹੀ ਘਰ ਦੇ ਸਿਆਣੇ ਜੜ੍ਹਾਂ ਹੀ ਹੁੰਦੇ ਹਨ। ਇਸੇ ਲਈ ਪਰਿਵਾਰਕ ਸਬੰਧਾਂ ਅਤੇ ਰਿਸ਼ਤੇਦਾਰੀਆਂ ਦਾ ਕੇਂਦਰ ਬਣੇ ਇਨ੍ਹਾਂ ਬਜ਼ੁਰਗਾਂ ਦੇ ਤੁਰ ਜਾਣ ਨਾਲ ਬੜਾ ਕੁਝ ਖੁਰ-ਖਿੰਡ ਜਾਂਦਾ ਹੈ।

ਪਰ ਹੁਣ ਬਹੁਤ ਤੇਜੀ ਨਾਲ ਪਾਸਾ ਪਲਟ ਰਿਹਾ ਹੈ ਅਤੇ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਦੇ ਤੇਜ ਰਫਤਾਰ ਜੀਵਨ ਕਾਰਨ ਪਿਛਲੇ ਕੁਝ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਗਿਣਤੀ ਦੇ ਘਰਾਂ ਨੂੰ ਛੱਡ ਬਹੁਤੇ ਪਰਿਵਾਰਾਂ ਵਿੱਚ ਘਰ ਦੇ ਬਜ਼ੁਰਗਾਂ ਨੂੰ ਵਾਰੀਆਂ ਬੰਨ੍ਹ ਕੇ ਰੱਖਿਆ ਜਾਂਦਾ ਹੈ ਅਤੇ ਵਾਰੀ ਮੁੱਕਣ ‘ਤੇ ਦੂਜੇ ਭਰਾ ਜਾਂ ਭੈਣ ਕੋਲ ਧੱਕ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਤਰਸਯੋਗ ਹੋ ਰਹੀ ਹਾਲਤ ਦਾ ਦੂਜਾ ਇੱਕ ਹੋਰ ਵੱਡਾ ਕਾਰਨ ਜੋ ਸਾਹਮਣੇ ਆ ਰਿਹਾ ਹੈ, ਉਹ ਹੈ ਅਜੋਕੀ ਪੀੜ੍ਹੀ ਦੀ ਸ਼ਹਿਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦੀ ਵੇਖੋ-ਵੇਖੀ ਹੋੜ।

ਅਨੇਕਾਂ ਪਰਿਵਾਰ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾ ਰਹੇ ਹਨ ਪਰ ਪਿੰਡ ਦੇ ਘਰ ‘ਚ ਬਚਪਨ ਅਤੇ ਜਵਾਨੀ ਗੁਜ਼ਾਰ ਚੁੱਕੇ ਬਜ਼ੁਰਗਾਂ ਦਾ ਸ਼ਾਂਤ ਅਤੇ ਸਾਫ-ਸੁਥਰਾ ਮਾਹੌਲ ਛੱਡ ਕੇ ਰੌਲੇ-ਰੱਪੇ ਅਤੇ ਪ੍ਰਦੂਸ਼ਣ ਭਰੇ ਸ਼ਹਿਰੀ ਵਾਤਾਵਰਨ ‘ਚ ਰਹਿਣ ਨੂੰ ਜੀਅ ਨਹੀਂ ਕਰਦਾ ਪਰ ਉਨ੍ਹਾਂ ਦੀ ਔਲਾਦ ਆਪਣੇ ਫੈਸਲੇ ‘ਤੇ ਬਜ਼ਿੱਦ ਹੁੰਦੀ ਹੈ ਅਤੇ ਜਿਸ ਦਾ ਸਿੱਟਾ ਇਹ ਨਿੱਕਲਦਾ ਹੈ ਕਿ ਬਜ਼ੁਰਗ ਆਪਣੇ ਪੋਤਰੇ-ਪੋਤਰੀਆਂ ਦੀਆਂ ਤੋਤਲੀਆਂ ਗੱਲਾਂ ਸੁਣਨ ਤੋਂ ਵਾਂਝੇ ਹੋ ਜਾਂਦੇ। ਇਸ ਤੋਂ ਇਲਾਵਾ ਨਵੀਂ ਪੀੜ੍ਹੀ ਦਾ ਨਿੱਜੀ ਜ਼ਿੰਦਗੀ ਵਿੱਚ ਕਿਸੇ ਦਾ ਦਖਲ ਬਰਦਾਸ਼ਤ ਨਾ ਕਰਨਾ ਵੀ ਹਰ ਨਵੇਂ ਦਿਨ ਬਿਰਧ ਆਸ਼ਰਮਾਂ ਦੇ ਵਿਹੜਿਆਂ ਨੂੰ ਤੰਗ ਕਰੀ ਜਾ ਰਿਹਾ ਹੈ।

ਬਿਰਧ ਆਸ਼ਰਮਾਂ ਵਿੱਚ ਲੋੜੀਂਦੀਆਂ ਸਹੂਲਤਾਂ ਤਾਂ ਹੋ ਸਕਦੀਆਂ ਹਨ ਪਰ ਕੀ ਇਹ ਘਰ ਦਾ ਬਦਲ ਹੋ ਸਕਦੇ ਹਨ? ਪਹਿਲਾਂ ਕੇਵਲ ਸ਼ਹਿਰਾਂ ਵਿੱਚ ਰਹਿਣ ਵਾਲੀ ਨਿਰਮੋਹੀ ਔਲਾਦ ਹੀ ਬਿਰਧ ਆਸ਼ਰਮਾਂ ਦਾ ਪਤਾ ਯਾਦ ਰੱਖਦੀ ਸੀ। ਪਰ ਹੁਣ ਇਹ ਲਾਹਨਤ ਪਿੰਡਾਂ ਵਿੱਚ ਵੀ ਆ ਗਈ ਹੈ। ਪਿੰਡਾਂ ਵਾਲੇ ਜੋ ਆਪਣੇ-ਆਪ ਨੂੰ ਸੱਭਿਆਚਾਰ ਦੇ ਅਲੰਬਰਦਾਰ ਗਿਣਦੇ ਹਨ, ਉਨ੍ਹਾਂ ‘ਚੋਂ ਵੀ ਕਈ ਹੁਣ ਬੁੱਢੇ ਮਾਪਿਆਂ ਨੂੰ ਗੁੱਠੇ ਲਾਉਣ ਜਾਂ ਘਰੋਂ ਧੱਕ ਦੇਣ ਵਿੱਚ ਜ਼ਰ੍ਹਾ ਵੀ ਨਹੀਂ ਹਿਚਕਚਾਉਂਦੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਔਲਾਦ ਦੀ ਸੁੱਖ ਲਈ ਹਰ ਸਮੇਂ ਦੁਆਵਾਂ ਮੰਗਦੇ ਬਜ਼ੁਰਗ ਮਾਪੇ ਆਪਣੇ ਅੰਤਲੇ ਦਿਨਾਂ ਨੂੰ ਪਰਿਵਾਰ ਵਿੱਚ ਹੱਸਦਿਆਂ-ਖੇਡਦਿਆਂ ਗੁਜਾਰਨ ਦੀ ਆਸ ਆਪਣੇ ਦਿਲ ਵਿੱਚ ਵਸਾਈ ਜ਼ਿੰਦਗੀ ਦੇ ਇਹ ਕੀਮਤੀ ਅਤੇ ਯਾਦਗਾਰੀ ਪਲ ਅਜਾਈਂ ਨਹੀਂ ਬਿਤਾਉਣਾ ਚਾਹੁੰਦੇ।

ਬਜ਼ੁਰਗ ਹੋਏ ਮਾਪੇ ਆਪਣੀ ਔਲਾਦ ਕੋਲੋਂ ਕੋਈ ਬਹੁਤ ਵੱਡੀਆਂ ਖੁਆਇਸ਼ਾਂ ਨਹੀਂ ਰੱਖਦੇ, ਉਹ ਸਿਰਫ ਇੰਨਾ ਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਰੋਜ਼ਾਨਾ ਕੁਝ ਸਮਾਂ ਉਨ੍ਹਾਂ ਨਾਲ ਬੈਠ ਕੇ ਗੱਲਾਂ-ਬਾਤਾਂ ਕਰਨ ਕਿਉਂਕਿ ਇੰਨੇ ਨਾਲ ਹੀ ਉਨ੍ਹਾਂ ਦਾ ਇਕਲਾਪਾ ਦੂਰ ਹੋ ਜਾਂਦਾ ਹੈ ਅਤੇ ਉਹ ਜ਼ਿੰਦਗੀ ਨਾਲ ਜੁੜਿਆ ਮਹਿਸੂਸ ਕਰਦੇ ਹਨ।

ਅੱਜ ਦੇ ਸਮੇਂ ਵਿੱਚ ਹਰੇਕ ਵਿਅਕਤੀ ਸਿਰਫ ਪੈਸੇ ਦੀ ਹੀ ਦੌੜ ‘ਚ ਸ਼ਾਮਲ ਹੈ ਅਤੇ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਸਾਰੀਆਂ ਸੁਖ-ਸਹੂਲਤਾਂ ਮੁਹੱਈਆ ਕਰਾਉਣ ਲਈ ਰਾਤੋ-ਰਾਤ ਅਮੀਰ ਹੋਣ ਦੇ ਚੱਕਰ ਦੀ ਅੰਨ੍ਹੀ ਦੌੜ ਵਿੱਚ ਲੱਗੇ ਹਨ। ਅਜਿਹੇ ਵਰਤਾਰੇ ਦਾ ਇਹ ਸਿੱਟਾ ਨਿੱਕਲ ਰਿਹਾ ਹੈ ਕਿ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਕੋਈ ਸਮਾਂ ਨਹੀਂ ਹੈ, ਜਿਸ ਕਾਰਨ ਨੌਜਵਾਨ ਦਿਸ਼ਾਹੀਣ ਹੋ ਕੇ ਨਸ਼ਿਆਂ ਤੋਂ ਇਲਾਵਾ ਹੋਰ ਕਈ ਗੈਰ-ਸਮਾਜਿਕ ਗਤੀਵਿਧੀਆਂ ਦੀ ਗ੍ਰਿਫਤ ‘ਚ ਆ ਰਹੇ ਹਨ। ਇਹ ਰੁਝਾਨ ਨਾ ਸਿਰਫ ਨੌਜਵਾਨ ਪੀੜ੍ਹੀ ਲਈ ਘਾਤਕ ਸਿੱਧ ਹੋ ਰਿਹਾ ਹੈ ਸਗੋਂ ਉਨ੍ਹਾਂ ਨੂੰ ਬਜ਼ੁਰਗਾਂ ਤੋਂ ਵੀ ਦੂਰ ਕਰ ਰਿਹਾ ਹੈ।

ਮਾਂ-ਬਾਪ ਆਪਣੇ ਬੱਚਿਆਂ ਪ੍ਰਤੀ ਹਮੇਸ਼ਾ ਉਸਾਰੂ ਸੋਚ ਰੱਖਦੇ ਹਨ ਅਤੇ ਆਪਣੇ ਅਧੂਰੇ ਸੁਪਨੇ ਉਨ੍ਹਾਂ ਰਾਹੀਂ ਪੂਰੇ ਕਰਨਾ ਲੋਚਦੇ ਹਨ। ਇਸ ਲਈ ਜਿੱਥੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬਦਲਦੇ ਸਮੇਂ ਅਨੁਸਾਰ ਆਪਣੇ-ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਨ, ਉੱਥੇ ਹੀ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਮਾਪਿਆਂ ਨੂੰ ਆਪਣਾ ਅਨਮੋਲ ਸਰਮਾਇਆ ਸਮਝਦੇ ਹੋਏ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਕਰਨ।
ਸਾਬਕਾ ਪ੍ਰਿੰਸੀਪਲ,
ਪੀਈਐਸ-1, ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.