ਟਿਕਟਾਂ ’ਚ ਅਕਾਲੀਆਂ ਨੇ ਤੇ ਇੰਚਾਰਜ ਲਾਉਣ ’ਚ ‘ਆਪ’ ਨੇ ਬੀਬੀਆਂ ਵਿਸਾਰੀਆਂ

ਅਕਾਲੀਆਂ ਨੇ ਹੁਣ ਤੱਕ ਕੀਤੀ 28 ਟਿਕਟਾਂ ਦੀ ਵੰਡ, ਪਰ ਇੱਕ ਵੀ ਬੀਬੀ ਨੂੰ ਨਹੀਂ ਦਿੱਤੀ ਟਿਕਟ

  • ‘ਆਪ’ ਨੇ ਲਾਏ 47 ਹਲਕਾ ਇੰਚਾਰਜ ਪਰ ਸਿਰਫ਼ 2 ਬੀਬੀਆਂ ਨੂੰ ਹੀ ਮਿਲੀ ਥਾਂ
  • ਵਿਧਾਨ ਸਭਾ ਚੋਣਾਂ ’ਚ ਔਰਤਾਂ ਨੂੰ ਨਹੀਂ ਦਿੱਤੀ ਜਾ ਰਹੀ ਐ ਤਵੱਜੋਂ

(ਅਸ਼ਵਨੀ ਚਾਵਲਾ) ਚੰਡੀਗੜ੍ਹ । ਮਹਿਲਾ ਸ਼ਕਤੀਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀਆਂ ਸਿਆਸੀ ਪਾਰਟੀਆਂ ਖ਼ੁਦ ਮਹਿਲਾ ਸ਼ਕਤੀਕਰਨ ਵਿੱਚ ਖੋਖਲੀਆਂ ਨਜ਼ਰ ਆ ਰਹੀਆਂ ਹਨ। ਸ਼ੋ੍ਰਮਣੀ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਬੀਬੀਆਂ ਨੂੰ ਤਵੱਜੋ ਨਾ ਦਿੰਦੇ ਹੋਏ ਨਜ਼ਰਅੰਦਾਜ ਕਰਨ ਦੀ ਕੋਸ਼ਿਸ਼ ਵਿੱਚ ਹੀ ਲੱਗੀਆਂ ਹੋਈਆਂ ਹਨ।

ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ 28 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਇੱਕ ਵੀ ਮਹਿਲਾ ਨੂੰ ਹੁਣ ਤੱਕ ਉਮੀਦਵਾਰ ਨਹੀਂ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਰੂਪ ਵਿੱਚ ਹਲਕਾ ਇੰਚਾਰਜ ਲਾਏ ਜਾ ਰਹੇ ਹਨ ਅਤੇ ਹੁਣ ਤੱਕ ਲਗਾਏ ਗਏ 47 ਹਲਕਾ ਇੰਚਾਰਜਾਂ ਵਿੱਚੋਂ ਸਿਰਫ਼ 2 ਹੀ ਬੀਬੀਆਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਦੋਵਾਂ ਪਾਰਟੀਆਂ ਵੱਲੋਂ ਔਰਤਾਂ ਨੂੰ ਕੋਈ ਜ਼ਿਆਦਾ ਤਵੱਜੋਂ ਹੀ ਨਹੀਂ ਦਿੱਤੀ ਜਾ ਰਹੀ ਹੈ। ਜਦੋਂਕਿ ਭਾਸ਼ਣ ਦੇਣ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾ ਸ਼ਕਤੀਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ।

ਪੰਜਾਬ ਦੀ ਜਨਤਾ ਵਿੱਚ ਹੀ ਨਹੀਂ, ਸਗੋਂ ਪੰਜਾਬ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਸਬੰਧੀ ਵੱਡੇ ਵੱਡੇ ਐਲਾਨ ਕਰਦੇ ਹੋਏ ਵਾਅਦੇ ਕੀਤੇ ਗਏ ਪਰ ਹੁਣ ਇਨ੍ਹਾਂ ਦੇ ਦਾਅਵੇ ਅਤੇ ਵਾਅਦੇ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਬੀਤੀ 14 ਦਸੰਬਰ 2018 ਵਿੱਚ ਪੰਜਾਬ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮਹਿਲਾ ਸ਼ਕਤੀਕਰਨ ਸਬੰਧੀ ਇਹ ਮਤਾ ਪੇਸ਼ ਕੀਤਾ ਗਿਆ ਸੀ ਕਿ ਵਿਧਾਨ ਸਭਾ ਚੋਣਾਂ ਵਿੱਚ 33 ਫੀਸਦੀ ਔਰਤਾਂ ਨੂੰ ਰਾਖਵਾਂਕਰਨ ਮਿਲੇ ਤਾਂ ਕਿ ਸਿਆਸੀ ਪਾਰਟੀਆਂ ਘੱਟ ਤੋਂ ਘੱਟ 33 ਫੀਸਦੀ ਔਰਤਾਂ ਨੂੰ ਚੋਣ ਮੈਦਾਨ ਵਿੱਚ ਜਰੂਰ ਉਤਾਰਨ।

ਇਸ ਮਤੇ ਨੂੰ ਪੇਸ਼ ਕਰਨ ਮੌਕੇ ਲੰਮੀ ਬਹਿਸ ਹੋਈ ਤਾਂ ਕਾਂਗਰਸ ਪਾਰਟੀ ਤੋਂ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮਤੇ ਦੇ ਹੱਕ ਵਿੱਚ ਆਪਣੀ ਵੋਟ ਦਿੰਦੇ ਹੋਏ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਤਾਂ ਕਿ ਇਸ ਸਬੰਧੀ ਐਕਟ ਬਣਾ ਕੇ ਲਾਗੂ ਕੀਤਾ ਜਾ ਸਕੇ।

ਹਾਲਾਂਕਿ ਇਸ ਮਤੇ ਨੂੰ ਪਾਸ ਕਰਨ ਮੌਕੇ ਵਿਧਾਨ ਸਭਾ ਦੇ ਅਕਾਲੀ ਦਲ ਦੇ ਵਿਧਾਇਕ ਮੌਜੂਦ ਨਹੀਂ ਸਨ ਪਰ ਬਾਅਦ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਇਸ ਮਤੇ ਦੇ ਹੱਕ ਵਿੱਚ ਹਾਮੀ ਭਰੀ ਗਈ ਸੀ ਪਰ ਹੁਣ ਜਦੋਂ ਇਸ ਮਤੇ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਸਮਾਂ ਆਇਆ ਹੈ ਤਾਂ ਸ਼ੋ੍ਰਮਣੀ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਇਸ ਤੋਂ ਭੱਜਦੀ ਨਜ਼ਰ ਆ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਕਰਦੇ ਹੋਏ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ ਨੂੰ ਉਨ੍ਹਾਂ ਨੂੰ 28 ਉਮੀਦਵਾਰਾਂ ਦੇ ਐਲਾਨ ਮੌਕੇ ਇੱਕ ਵੀ ਮਹਿਲਾ ਇਹੋ ਜਿਹੀ ਦਿਖਾਈ ਨਹੀਂ ਦਿੱਤੀ, ਜਿਸ ਦਾ ਐਲਾਨ ਕੀਤਾ ਜਾ ਸਕੇ।
ਆਮ ਆਦਮੀ ਪਾਰਟੀ ਦਾ ਵੀ ਇਹੋ ਹਾਲ ਹੈ, ਜਿਨ੍ਹਾਂ ਨੇ ਆਪਣੇ 47 ਉਮੀਦਵਾਰ ਦੇ ਰੂਪ ਵਿੱਚ ਬਣਾਏ ਹਲਕਾ ਇੰਚਾਰਜ ਵਿੱਚ ਸਿਰਫ਼ 2 ਬੀਬੀਆਂ ਨੂੰ ਹੀ ਮੌਕਾ ਦਿੱਤਾ ਹੈ।

50 ਫੀਸਦੀ ਨੌਕਰੀ ’ਚ ਰਾਖਵਾਂਕਰਨ ਦਾ ਦਾਅਵਾ, ਟਿਕਟਾਂ ਮੌਕੇ ਭੁੱਲੇ ਸੁਖਬੀਰ ਬਾਦਲ

ਸੁਖਬੀਰ ਬਾਦਲ ਵੱਲੋਂ ਇੱਕ ਮਹੀਨਾ ਪਹਿਲਾਂ 13 ਨੁਕਾਤੀ ਏਜੰਡੇ ਦਾ ਐਲਾਨ ਕੀਤਾ ਸੀ, ਜਿਸ ਦਾ ਸੁਖਬੀਰ ਬਾਦਲ ਸਣੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਰੱਜ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਿੱਚ ਔਰਤਾਂ ਨੂੰ ਸਰਕਾਰੀ ਨੌਕਰੀਆਂ ’ਚ 50 ਫੀਸਦੀ ਤੱਕ ਰਾਖਵਾਂਕਰਨ ਤੱਕ ਦੇਣ ਦੀ ਗੱਲ ਕੀਤੀ ਗਈ ਹੈ ਪਰ ਜਦੋਂ ਵਿਧਾਨ ਸਭਾ ’ਚ ਟਿਕਟਾਂ ਦੀ ਵਾਰੀ ਆਈ ਤਾਂ ਸੁਖਬੀਰ ਬਾਦਲ ਇਥੇ ਔਰਤਾਂ ਨੂੰ ਭੱੁਲ ਹੀ ਗਏ ਹਨ।

ਕੇਜਰੀਵਾਲ ਦਾ ਪਹਿਲਾ ਦੌਰਾ ਸੀ ਔਰਤਾਂ ਨੂੰ ਸਮਰਪਿਤ, ਪਾਰਟੀ ’ਚ ਭੁੱਲੇ ਬੀਬੀਆਂ ਨੂੰ

ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕਰਨ ਲਈ 2 ਮਹੀਨੇ ਪਹਿਲਾਂ ਕੀਤਾ ਗਿਆ, ਪੰਜਾਬ ਦਾ ਦੌਰਾ ਔਰਤਾਂ ਲਈ ਹੀ ਸਮਰਪਿਤ ਕੀਤਾ ਗਿਆ ਸੀ। ਇਸ ਦੌਰਾਨ ਬਿਜਲੀ ਸਸਤੀ ਕਰਨ ਦੇ ਨਾਲ ਹੀ ਬੀਬੀਆਂ ਲਈ ਐਲਾਨ ਕੀਤੇ ਗਏ ਸਨ, ਪਰ ਪਾਰਟੀ ਦੀ ਗੱਲ ਆਈ ਤਾਂ ਅਰਵਿੰਦ ਕੇਜਰੀਵਾਲ ਇਥੇ ਬੀਬੀਆਂ ਨੂੰ ਭੁੱਲਦੇ ਨਜ਼ਰ ਆ ਰਹੇ ਹਨ।

ਪਬਲਿਕ ਲਾਈਫ਼ ਤੋਂ ਦੂਰ ਹਨ ਮਹਿਲਾਵਾਂ, ਨਹੀਂ ਮਿਲ ਰਹੇ ਉਮੀਦਵਾਰ : ਅਕਾਲੀ ਦਲ

ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਅੱਜ ਵੀ ਔਰਤਾਂ ਪਬਲਿਕ ਲਾਈਫ਼ ਤੋਂ ਦੂਰੀ ਬਣਾ ਕੇ ਰੱਖਦੀਆਂ ਹਨ। ਹੁਣ ਕੁਝ ਸੁਧਾਰ ਆ ਰਿਹਾ ਹੈ ਪਰ ਅਜੇ ਵੀ ਔਰਤਾਂ ਦੀ ਸਿਆਸਤ ਵਿੱਚ ਕੋਈ ਜ਼ਿਆਦਾ ਰੁਚੀ ਹੀ ਨਹੀਂ ਹੈ ਤੇ ਔਰਤਾਂ ਵਿੱਚ ਚੰਗੇ ਉਮੀਦਵਾਰ ਹੀ ਨਹੀਂ ਹਨ, ਜਿਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਸ਼ੋ੍ਰਮਣੀ ਅਕਾਲੀ ਦਲ ਨੂੰ ਪੁਰਸ਼ਾਂ ਦੇ ਮੁਕਾਬਲੇ ਚੰਗੇ ਉਮੀਦਵਾਰ ਨਾ ਮਿਲਣ ਕਰਕੇ ਔਰਤਾਂ ਨੂੰ ਟਿਕਟ ਨਹੀਂ ਦਿੱਤੀ ਗਈ, ਪਰ ਭਵਿੱਖ ਵਿੱਚ ਕੁਝ ਔਰਤਾਂ ਨੂੰ ਜ਼ਰੂਰ ਟਿਕਟ ਦਿੱਤੀ ਜਾਏਗੀ।

ਵਿਧਾਨ ਸਭਾ ’ਚ ਕੀਤੇ ਵਾਅਦੇ ਨੂੰ ਕਰਾਂਗੇ ਪੂਰਾ, ਗਲਤੀ ਦਾ ਕਰਾਂਗੇ ਸੁਧਾਰ : ਹਰਪਾਲ ਚੀਮਾ

ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਹਲਕਾ ਇੰਚਾਰਜ ਲਾਉਣ ਮੌਕੇ ਔਰਤਾਂ ਨੂੰ ਤਵੱਜੋਂ ਨਾ ਦੇਣ ਸਬੰਧੀ ਗਲਤੀ ਨੂੰ ਸੁਧਾਰ ਕਰ ਲਿਆ ਜਾਏਗਾ, ਜਿਹੜਾ ਵਾਅਦਾ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਮੌਕੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀ, ਉਸ ਵਾਅਦੇ ਨੂੰ ਪੂਰਾ ਕੀਤਾ ਜਾਏਗਾ ਅਤੇ 33 ਫੀਸਦੀ ਕੋਟਾ ਹਰ ਹਾਲਤ ਵਿੱਚ ਔਰਤਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਜ਼ਿਆਦਾਤਰ ਔਰਤਾਂ ਨੂੰ ਹਲਕਾ ਇੰਚਾਰਜ ਲਗਾਇਆ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ