ਮੋਦੀ ਸਰਕਾਰ ਪ੍ਰਤੀ ਲਗਾਤਾਰ ਵੱਧ ਰਿਹਾ ਕਿਸਾਨਾਂ ‘ਚ ਰੋਹ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਰੇਲ ਲਾਇਨਾਂ, ਟੋਲ ਪਲਾਜ਼ਿਆਂ, ਅਡਾਨੀ-ਅੰਬਾਨੀਆਂ ਦੇ ਕਾਰੋਬਾਰਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਹੇ। ਕਿਸਾਨਾਂ ਦੇ ਇਨ੍ਹਾਂ ਪ੍ਰਰਦਰਸ਼ਨਾਂ ਵਿੱਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਵੱਲੋਂ ਵੱਡੀ ਪੱਧਰ ਤੇ ਪੁੱਜ ਕੇ ਮੋਦੀ ਸਰਕਾਰ ਵਿਰੁੱਧ ਮੋਰਚਾ ਮੱਲਿਆ ਹੋਇਆ ਹੈ। ਅੱਜ ਦੂਜੇ ਦਿਨ ਭਾਜਪਾ ਆਗੂ ਸਮੇਤ ਕਾਂਗਰਸੀਆਂ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।
31 ਜਥੇਬੰਦੀਆਂ ਦੇ ਨੁਮਾਇੰਦਿਆਂ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਡਾ. ਦਰਸ਼ਨਪਾਲ ਨੇ ਦੱਸਿਆ ਕਿ ਪੰਜਾਬ ਭਰ ਵਿੱਚ 32 ਨਾਕਿਆਂ ਤੇ ਕਿਸਾਨਾਂ ਨੂੰ ਰੇਲ ਲਾਈਨਾਂ ਉੱਪਰ ਬੈਠਿਆਂ ਨੂੰ ਅੱਜ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜ ਭਾਜਪਾ ਆਗੂਆਂ ਦੇ ਘਰਾਂ, ਦੋ ਦਰਜਨ ਦੇ ਕਰੀਬ ਰਿਲਾਇੰਸ ਪੰਪਾਂ, ਦਰਜ਼ਨ ਟੋਲ ਪਲਾਜ਼ਿਆਂ ਅਤੇ ਅਨੇਕਾਂ ਸ਼ਾਪਿੰਗ ਮਾਲਾਂ ਦਾ ਘਿਰਾਓ ਕੀਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਅੰਮ੍ਰਿਤਸਰ ਦੇ ਪਿੰਡ ਲਦੇਹ ਨੇੜੇ ਉਸ ਸਮੇਂ ਘੇਰ ਲਿਆ ਜਦੋਂ ਉਹ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਛੀਨਾਂ ਦੇ ਫਾਰਮਹਾਊਸ ‘ਚ ਮੀਟਿੰਗ ਕਰਨ ਆਏ ਸੀ। ਮੌਕੇ ਤੇ ਇਕੱਠੇ ਹੋਏ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਵਿਰੁੱਧ ਡੱਟ ਕੇ ਨਾਅਰੇਬਾਜ਼ੀ ਕੀਤੀ, ਉਸਨੂੰ ਧਰਨੇ ਵਿੱਚ ਬੈਠਣ ਮਜਬੂਰ ਕੀਤਾ ਅਤੇ ਕਿਸਾਨਾਂ ਦੇ ਹੱਕ ‘ਚ ਬੋਲਣਾ ਪਿਆ। ਆਖਰ ਹੱਥ ਜੋੜ ਕੇ ਪ੍ਰਧਾਨ ਮੰਤਰੀ ਨਾਲ ਗੱਲ ਬਾਤ ਕਰਵਾਉਣ ਦਾ ਵਾਅਦਾ ਕਰਕੇ ਖਹਿੜ੍ਹਾ ਛੁਡਾਉਣਾ ਪਿਆ।
ਇਸੇ ਤਰਾਂ ਅੱਜ ਬਰਨਾਲਾ ਜਿਲ੍ਹੇ ਦੇ ਪਿੰਡ ਰਾਇਸਰ ‘ਚ ਕਾਂਗਰਸ ਦੀ ਹਲਕਾ ਇੰਚਾਰਜ ਹਰਚੰਦ ਕੌਰ ਘਨੌਰੀ ਨੂੰ ਵੀ ਕਿਸਾਨਾਂ ਨੇ ਘੇਰ ਕੇ ਮੁੱਖ ਮੰਤਰੀ ਤੋਂ ਵਿਧਾਨ ਸਭਾ ਚ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰਵਾਉਣ ਦਾ ਵਾਅਦਾ ਲਿਆ। ਉਨ੍ਹਾਂ ਦੱਸਿਆ ਕਿ ਅਣਮਿਥੇ ਸਮੇ ਲਈ ਰੇਲਾਂ ਰੋਕਣ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਬਾਈਕਾਟ ਕਰਨ, ਅਡਾਨੀ ਅਤੇ ਅੰਬਾਨੀ ਦੇ ਕਾਰਪੋਰੇਟ ਘਰਾਣਿਆਂ ਦੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੋਇਆ ਹੈ।
ਕਿਸਾਨਾਂ ਵੱਲੋਂ ਸ਼ੰਭੂ ਬਾਰਡਾਰ , ਧਬਲਾਨ ਪਟਿਆਲਾ, ਸੰਗਰੂਰ ਰੇਲਵੇ ਸਟੇਸ਼ਨ, ਸੁਨਾਮ, ਮਾਨਸਾ ਰੇਲਵੇ ਸਟੇਸ਼ਨ, ਬੁਢਲਾਡਾ, ਬਰਨਾਲਾ ਰੇਲਵੇ ਸਟੇਸ਼ਨ, ਬਠਿੰਡਾ ਰੇਲਵੇ ਸਟੇਸ਼ਨ, ਮੌੜ ਮੰਡੀ ਰੇਲਵੇ ਸਟੇਸ਼ਨ, ਰਾਮਪੁਰਾ ਰੇਲਵੇ ਸਟੇਸ਼ਨ, ਗਿੱਦੜਬਾਹਾ ਰੇਲਵੇ ਸਟੇਸ਼ਨ, ਜੈਤੋ ਰੇਲਵੇ ਸਟੇਸ਼ਨ, ਫਰੀਦਕੋਟ ਰੇਲਵੇ ਸਟੇਸ਼ਨ, ਮੋਗਾ ਰੇਲਵੇ ਸਟੇਸ਼ਨ, ਡਗਰੂ ਰੇਲਵੇ (ਮੋਗਾ), ਜਗਰਾਉਂ ਰੇਲਵੇ ਸਟੇਸ਼ਨ, ਲੁਧਿਆਣਾ ਪੂਰਬੀ,ਲੁਧਿਆਣਾ ਪੱਛਮੀ, ਫਿਲੌਰ ਰੇਲਵੇ ਸਟੇਸ਼ਨ, ਕਰਤਾਰਪੁਰ ਰੇਲਵੇ ਸਟੇਸ਼ਨ ਫਤਿਹਗੜ੍ਹ ਸਹਿਬ ਰੇਲਵੇ ਸਟੇਸ਼ਨ, ਫਿਰੋਜ਼ਪੁਰ ਰੇਲਵੇ ਸਟੇਸ਼ਨ, ਗੁਰਦਾਸਪੁਰ ਰੇਲਵੇ ਸਟੇਸ਼ਨ, ਲਾਲੜੂ-ਡੇਰ੍ਹਾਬਸੀ ਰੇਲਵੇ ਸਟੇਸ਼ਨ, ਪੱਟੀ ਰੇਲਵੇ ਸਟੇਸ਼ਨ, ਜਲੰਧਰ ਰੇਲਵੇ ਸਟੇਸ਼ਨ, ਮੁਕਤਸਰ ਸਾਹਿਬ ਰੇਲਵੇ ਸਟੇਸ਼ਨ, ਨਵਾਂ ਸ਼ਹਿਰ ਰੇਲਵੇ ਸਟੇਸ਼ਨ, ਸ਼੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ, ਖਰੜ ਰੇਲਵੇ ਸਟੇਸ਼ਨ, ਬਸਤੀ ਟੈਂਕਾ ਵਾਲੀ ਟਰੈਕ ਫਿਰੋਜ਼ਪੁਰ, ਦੇਵੀਦਾਸਪੁਰ ਜੰਡਿਆਲਾ ਤੇ ਪੱਕੇ ਮੋਰਚੇ ਲਾਏ ਹੋਏ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੇ ਧਰਨਿਆਂ ਵਿੱਚ ਬਹੁਤ ਸਾਰੇ ਕਲਾਕਾਰਾਂ ਹਰਭਜਨ ਮਾਨ, ਰਣਜੀਤ ਬਾਵਾ, ਸਿੱਪੀ ਗਿੱਲ, ਮਨਕੀਰਤ ਔਲਖ ਅਤੇ ਜੱਸ ਬਾਜਵਾ ਆਦਿ ਵੱਲੋਂ ਹਾਜਰੀ ਲਗਵਾਈ ਗਈ। 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਵਾਅਦੇ ਮੁਤਾਬਿਕ ਜਲਦੀ ਤੋਂ ਜਲਦੀ ਪੰਜਾਬ ਅਸੰਬਲੀ ਦਾ ਇਜਲਾਸ ਬੁਲਾ ਕੇ ਕਾਨੂੰਨਾਂ ਦੇ ਖ਼ਿਲਾਫ਼ ਮਤਾ ਪਾਸ ਕਰਨ ਦੇ ਨਾਲ ਨਾਲ ਉਹਨਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਵੀ ਮਤਾ ਪਾ ਕੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਪੰਜਾਬ ਦੇ ਕਿਸਾਨ, ਹਰਿਆਣਾ ‘ਚ ਵੀ ਡੱਟਣਗੇ
ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਡਾ: ਦਰਸ਼ਨ ਪਾਲ ਨੇ ਦੱਸਿਆ ਕਿ 6 ਅਗਸਤ ਨੂੰ ਹਰਿਆਣੇ ਦੀਆਂ 17 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਹਰਿਆਣੇ ਦੇ ਹਜਾਰਾਂ ਕਿਸਾਨ, ਸਿਰਸਾ ਵਿਖੇ ਜਨਨਾਇਕ ਜਨਤਾ ਪਾਰਟੀ ਦੇ ਆਗੂ ਅਤੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਬਿਜਲੀ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦੇ ਘਰ ਅੱਗੇ ਅਣਮਿੱਥੇ ਸਮੇ ਦਾ ਧਰਨਾਂ ਲਾ ਰਹੇ ਹਨ। ਪੰਜਾਬ ਦੇ ਸਿਰਸਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਚੋਂ ਵੀ ਕਿਸਾਨ ਇਸ ਧਰਨੇ ਵਿੱਚ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ ਅਤੇ ਅਕਾਲੀ ਦਲ ਵਾਂਗ ਜੇਜੇਪੀ ਨੂੰ ਐਨ.ਡੀ.ਏ ਛੱਡਣ ਲਈ ਮਜਬੂਰ ਕਰ ਦੇਣਗੇ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.