ਪਟਿਆਲਾ ’ਚ ਕਾਂਗਰਸ ਅਮਰਿੰਦਰ ਸਿੰਘ ਦੇ ਮੁਕਾਬਲੇ ਉਮੀਦਵਾਰ ਉਤਾਰਨ ’ਚ ਪੱਛੜੀ

Amarinder Singh Sachkahoon

ਕਾਂਗਰਸੀਆਂ ਨੇ ਹਾਈਕਮਾਂਡ ਵੱਲ ਅੱਡੀਆਂ ਚੁੱਕੀਆਂ, ਬਾਕੀ ਉਮੀਦਵਾਰ ਲੋਕਾਂ ਦੀ ਕਚਿਹਰੀ ਪੁੱਜੇ

 ਸੀਨੀਅਰ ਕਾਂਗਰਸੀ ਲਾਲ ਸਿੰਘ ਦੀ ਚਰਚਾ ਛਿੜੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਲਕਾ ਪਟਿਆਲਾ ਸ਼ਹਿਰੀ ’ਚ ਸਾਬਕਾ ਮੁੱਖ ਮੰਤਰੀ (Captain Amarinder Singh) ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਆਲਮ ਇਹ ਹੈ ਕਿ ਬਾਕੀ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਚੋਣ ਪ੍ਰਚਾਰ ਵਿੱਚ ਕੁੱਦੇ ਹੋਏ ਹਨ ਜਦਕਿ ਕਾਂਗਰਸੀਆਂ ਵੱਲੋਂ ਹਾਈਕਮਾਂਡ ਦੀ ਲਿਸਟ ਵੱਲ ਮੂੰਹ ਕੀਤੇ ਹੋਏ ਹਨ। ਉਂਜ ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਇੱਥੋਂ ਸੀਨੀਅਰ ਆਗੂ ਲਾਲ ਸਿੰਘ ਨੂੰ ਆਪਣਾ ਉਮੀਦਵਾਰ ਬਣਾਉਣ ਦੇ ਚਰਚੇ ਹਨ।

ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ (Captain Amarinder Singh) ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨੇ ਜਾਂਦੇ ਉਨ੍ਹਾਂ ਦੇ ਜੱਦੀ ਸ਼ਹਿਰ ਪਟਿਆਲਾ ’ਚ ਕਾਂਗਰਸ ਨੂੰ ਆਪਣਾ ਉਮੀਦਵਾਰ ਉਤਾਰਨ ਲਈ ਪਹਿਲਾਂ ਹੀ ਗਰਮੋਂ-ਗਰਮੀ ਹੋਣਾ ਪੈ ਰਿਹਾ ਹੈ। ਸ਼ਹਿਰ ਦੇ ਕਾਂਗਰਸੀਆਂ ਵੱਲੋਂ ਕਾਂਗਰਸੀ ਉਮੀਦਵਾਰ ਦੇ ਐਲਾਨ ਲਈ ਅੱਡੀਆਂ ਚੁੱਕ-ਚੁੱਕ ਕੇ ਹਾਈਕਮਾਂਡ ਵੱਲ ਅੱਖਾਂ ਲਗਾਈਆਂ ਹੋਈਆਂ ਹਨ, ਕਿਉਂਕਿ ਕਾਂਗਰਸ ਪਾਰਟੀ ਸ਼ਹਿਰ ਅੰਦਰ ਚੋਣ ਪ੍ਰਚਾਰ ’ਚ ਬੁਰੀ ਤਰ੍ਹਾਂ ਪੱਛੜ ਚੁੱਕੀ ਹੈ। ਕਾਂਗਰਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣਾ ਉਮੀਦਵਾਰ ਉਤਾਰਨਾ ਟੇਢੀ ਖੀਰ ਬਣੀ ਹੋਈ ਹੈ।

ਭਾਵੇਂ ਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਅਜੇ ਪਟਿਆਲਾ ’ਚ ਆਪਣਾ ਫੇਰਾ ਨਹੀਂ ਪਾਇਆ ਗਿਆ, ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਰੂਰ ਚੋਣ ਪ੍ਰਚਾਰ ਵਿੱਚ ਕੁੱਦੇ ਹੋਏ ਹਨ। ਅਮਰਿੰਦਰ ਸਿੰਘ ਦੀ ਧੀ ਬੀਬਾ ਜੈਇੰਦਰ ਕੌਰ ਵੱਲੋਂ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਹੋਈ ਹੈ ਅਤੇ ਉਹ ਆਪਣੀ ਪਾਰਟੀ ਦੇ ਆਗੂਆਂ ਨਾਲ ਲਗਾਤਾਰ ਲੋਕਾਂ ’ਚ ਵਿਚਰ ਰਹੀ ਹੈ। ਇੱਥੋਂ ਤੱਕ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਦਫ਼ਤਰਾਂ ਦੇ ਉਦਘਾਟਨ ਮੌਕੇ ਵੀ ਵਿਸ਼ੇਸ ਤੌਰ ’ਤੇ ਪੁੱਜ ਰਹੀ ਹੈ। ਉਂਜ ਸਾਬਕਾ ਮੁੱਖ ਮੰਤਰੀ ਦੀ ਧਰਮਪਤਨੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਅਜੇ ਖੁੱਲ੍ਹ ਕੇ ਆਪਣੇ ਪਤੀ ਦੇ ਹੱਕ ਵਿੱਚ ਨਹੀਂ ਵਿਚਰਿਆ ਜਾ ਰਿਹਾ ਕਿਉਂਕਿ ਉਹ ਅਜੇ ਵੀ ਕਾਂਗਰਸ ਪਾਰਟੀ ਦੇ ਲੇਬਲ ਹੇਠ ਬੰਨ੍ਹੇ ਹੋਏ ਹਨ।

ਇੱਧਰ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰਪਾਲ ਲਾਲੀ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਕਾਂਗਰਸ ਦੇ ਸੀਨੀਅਰ ਆਗੂ ਨੂੰ ਉਤਾਰਿਆ ਜਾ ਰਿਹਾ ਹੈ। ਉਂਜ ਉਨ੍ਹਾਂ ਨਾਮ ਦੱਸਣ ਦੀ ਥਾਂ ਕਿਹਾ ਜਾ ਰਿਹਾ ਹੈ ਕਿ ਤੂਹਾਨੂੰ ਸਭ ਪਤਾ ਹੈ। ਪਿਛਲੇ ਦਿਨਾਂ ਦੌਰਾਨ ਟਿਕਟ ਲਈ ਅਕਾਲੀ ਦਲ ’ਚੋਂ ਸਾਬਕਾ ਮੇਅਰ ਵਿਸਨੂੰ ਸ਼ਰਮਾ ਨੇ ਸਿੱਧੂ ਦੀ ਅਗਵਾਈ ਹੇਠ ਕਾਂਗਰਸ ’ਚ ਡੁਬਕੀ ਲਗਾਈ ਸੀ, ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਸਿੱਧੂ ਵੱਲੋਂ ਵਿਸ਼ਨੂੰ ਸ਼ਰਮਾ ਨੂੰ ਹਰੀ ਝੰਡੀ ਦੇ ਦਿੱਤੀ ਹੈ, ਪਰ ਕਾਂਗਰਸ ’ਚ ਸਭ ਕੁਝ ਉਲਟ-ਪੁਲਟ ਚੱਲ ਰਿਹਾ ਹੈ। ਅਕਾਲੀ ਦਲ-ਬਸਪਾ ਵੱਲੋਂ ਹਰਪਾਲ ਜੁਨੇਜਾ ਚੋਣ ਪ੍ਰਚਾਰ ਵਿੱਚ ਕੁੱਦੇ ਹੋਏ ਹਨ ਜਦਕਿ ਆਮ ਆਦਮੀ ਪਾਰਟੀ ਵੱਲੋਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੋਕਾਂ ’ਚ ਵਿਚਰਿਆ ਜਾ ਰਿਹਾ ਹੈ।

ਅਮਰਿੰਦਰ ਸਿੰਘ 31 ਜਨਵਰੀ ਨੂੰ ਕਰਨਗੇ ਕਾਗਜ਼ ਦਾਖਲ

ਸਾਬਕਾ ਮੁੱਖ ਮੰਤਰੀ (Captain Amarinder Singh) ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ 31 ਜਨਵਰੀ ਨੂੰ ਆਪਣੇ ਕਾਗਜ ਦਾਖਲ ਕਰਨ ਲਈ ਪੁੱਜ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਲੋਕ ਕਾਂਗਰਸ ਦੇ ਕਈ ਹੋਰ ਉਮੀਦਵਾਰ ਵੀ ਆਪਣੇ ਕਾਗਜ ਦਾਖਲ ਕਰਨਗੇ। ਅਮਰਿੰਦਰ ਸਿੰਘ ਕਾਫ਼ੀ ਸਮੇਂ ਬਾਅਦ ਪਟਿਆਲਾ ’ਚ ਪੁੱਜਣਗੇ। ਦੇਖਣਾ ਇਹ ਹੋਵੇਗਾ ਕਿ ਪਟਿਆਲਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਆਪਣੀਆਂ ਪਲਕਾਂ ’ਤੇ ਬਿਠਾਉਂਦੇ ਹਨ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ