ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ ‘ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ ਜੋ ਤੁਹਾਨੂੰ ਲੇਖ ਵਿੱਚ ਦਿਸ ਰਹੀਆਂ ਹਨ ਤਸਵੀਰ ਦੇ ਰੂਪ ਵਿੱਚ ਵੇਖੀਆਂ।
ਸਾਡੇ ਪੁਰਾਤਨ ਪੰਜਾਬ ਦੀਆਂ ਯਾਦਾਂ ਨਾਲ ਇਨ੍ਹਾਂ ਤਸਵੀਰਾਂ ਦਾ ਖਾਸ ਮਹੱਤਵ ਹੈ ਅਤੇ ਇਹ ਮੇਰਾ ਸਿਰਫ ਵਾਅਦਾ ਹੀ ਨਹੀਂ ਸਗੋਂ ਪੱਕਾ ਵਿਸ਼ਵਾਸ ਹੈ ਕਿ ਮੇਰੀ ਹਮਉਮਰ ਦੋਸਤ ਇਹ ਲੇਖ ਪੜ੍ਹ ਕੇ ਤੇ ਤਸਵੀਰਾਂ ਵੇਖ ਕੇ ਆਪਣੇ ਅਤੀਤ ਵਿੱਚ ਜ਼ਰੂਰ ਗੁੰਮ ਹੋ ਜਾਣਗੇ। ਆਮ ਕਹਾਵਤ ਵੀ ਹੈ ਕਿ ਓਸ ਲਿਖਤ ਦਾ ਕੋਈ ਜ਼ਿਆਦਾ ਮਹੱਤਵ ਨਹੀਂ ਹੁੰਦਾ ਜੋ ਕਿਸੇ ਦੇ ਦਿਲ ਨੂੰ ਟੁੰਬਦੀ ਨਾ ਹੋਵੇ।
ਸੰਨ ਸੱਠ ਤੇ ਸੱਤਰ ਦੇ ਦਹਾਕਿਆਂ ਦੇ ਦਰਮਿਆਨ ਦੀਆਂ ਹਨ ਇਹ ਗੱਲਾਂ ਜਦੋਂ ਫੱਟੀਆਂ ਤੇ ਸਲੇਟਾਂ ‘ਤੇ ਸਾਡੇ ਅਧਿਆਪਕ ਸਾਨੂੰ ਪੜ੍ਹਾਇਆ ਕਰਦੇ ਸਨ। ਫੱਟੀਆਂ ‘ਤੇ ਪੂਰਨੇ ਪੁਆ ਕੇ ਓਹਨਾਂ ਦੇ ਉੱਤੇ-ਉੱਤੇ ਲਿਖਣਾ ਇਹ ਮੁਹਾਰਤ ਵਾਰ-ਵਾਰ ਦੁਹਰਾਈ ਜਾਂਦੀ ਸੀ। ਪਰ ਛਿੱਤਰ ਬਹੁਤ ਪੈਂਦੇ ਸਨ ਦੋਸਤੋ ਕਿਉਂਕਿ ਪੂਰਨਿਆਂ ‘ਤੇ ਲਿਖਣਾ ਬਹੁਤ ਔਖਾ ਹੁੰਦਾ ਸੀ ਉਨ੍ਹਾਂ ਦਿਨਾਂ ‘ਚ ਅੱਜ ਜਦੋਂ ਆਪਾਂ ਪੁੱਤਾਂ-ਪੋਤਿਆਂ ਵਾਲੇ ਹੋ ਗਏ ਹਾਂ, ਸਾਨੂੰ ਓਹ ਸਮੇਂ ਯਾਦ ਕਰ-ਕਰ ਕੇ ਹਾਸੀ ਵੀ ਬਹੁਤ ਆਉਂਦੀ ਹੈ।
ਇਸੇ ਤਰ੍ਹਾਂ ਸਲੇਟਾਂ ‘ਤੇ ਵੀ ਮਾਸਟਰ ਜੀ ਨੇ ਬੋਲ-ਬੋਲ ਕੇ ਲਿਖਾਉਣਾ ਜਾਂ ਫਿਰ ਸਾਹਮਣੇ ਬਣੇ ਬਲੈਕ ਬੋਰਡ ‘ਤੇ ਲਿਖ ਦੇਣਾ ਤੇ ਉਸ ਦੀ ਨਕਲ ਮਾਰ ਕੇ ਭਾਵ ਓਹਨੂੰ ਵੇਖ-ਵੇਖ ਕੇ ਸਲੇਟਾਂ ‘ਤੇ ਲਿਖਣਾ। ਜਿਸ ਮੇਰੇ ਵਰਗੇ ਨੂੰ ਨਕਲ ਵੀ ਨਾ ਮਾਰਨੀ ਆਉਂਦੀ ਓਹਦੀ ਫਿਰ ਸ਼ਾਮਤ ਆ ਜਾਣੀ। ਮੁਰਗਾ ਬਣਾ ਕੇ ਤੇ ਫਿਰ ਤੂਤ ਦੀ ਛਿਟੀ ਹੁੰਦੀ ਸੀ ਮਾਸਟਰ ਜੀ ਕੋਲ, ਪਤਾ ਨਹੀਂ ਫਿਰ ਕਿੱਥੇ-ਕਿੱਥੇ ਪੈਂਦੀਆਂ ਸਨ। ਦੋ ਦਿਨ ਮੰਜੇ ‘ਤੇ ਬੈਠਿਆ ਨਾ ਜਾਣਾ ਤੇ ਉੱਤੋਂ ਘਰੋਂ ਮਾਪਿਆਂ ਦਾ ਸੁਨੇਹਾ ਵੀ ਇਹੀ ਆਉਂਦਾ ਸੀ ਕਿ ਮਾਸਟਰ ਜੀ ਚੰਮ ਉਧੇੜ ਦਿਓ ਪਰ ਬੰਦਾ ਜ਼ਰੂਰ ਬਣਾ ਦਿਆ ਜੇ।
ਨਾ ਕਿ ਅਜੋਕੇ ਦੌਰ ਵਾਂਗ ਸੀ ਕਿ ਮਾਸਟਰ ਨੇ ਕਿਸੇ ਚੰਗੇ ਕੰਮ ਲਈ ਭਾਵ ਬੱਚੇ ਦੇ ਉੱਜਲ ਭਵਿੱਖ ਲਈ ਘੂਰਨਾ ਤੇ ਮਾਪਿਆਂ ਨੇ ਲਾਮ ਲਸ਼ਕਰ ਲੈ ਕੇ ਮਾਸਟਰ ਜੀ ਨੂੰ ਬੇਨਤੀ ਦੀ ਬਜਾਏ ਧਮਕੀਆਂ ਦੇਣੀਆਂ ਜਾਂ ਬਦਲੀ ਦੀਆਂ ਧਮਕੀਆਂ ਦੇਣੀਆਂ। ਜਾਂ ਅਜੋਕੇ ਦੌਰ ਵਾਂਗ ਪੜ੍ਹਾਕੂ ਮੁੰਡੇ ਹੀ ਮਾਸਟਰ ਨੂੰ ਰਾਹ ‘ਚ ਘੇਰ ਕੇ ਭੁਗਤ ਸਵਾਰ ਦਿੰਦੇ ਹਨ। ਉਨ੍ਹਾਂ ਸਮਿਆਂ ਵਿੱਚ ਇਉਂ ਨਹੀਂ ਸੀ। ਬੇਸ਼ੱਕ ਮਾਸਟਰ ਜੀ ਕਿੰਨਾ ਵੀ ਘੂਰਦੇ ਕੁੱਟਦੇ ਸਵੇਰੇ ਫਿਰ ਆ ਕੇ ਮਾਸਟਰ ਜੀ ਦੇ ਦਿਲੋਂ ਸਤਿਕਾਰ ਦੇ ਸਮੇਂ ਰਹੇ ਹਨ।
ਦਰੀ ਦੇ ਝੋਲਿਆਂ ਵਿੱਚ ਕਲਮ ਦਵਾਤ ਸਲੇਟ ਗਾਚਣੀ ਕਾਪੀਆਂ ਕਿਤਾਬਾਂ ਸਲੇਟੀਆਂ ਪਾ ਲੈਣੀਆਂ, ਕਦੇ-ਕਦੇ ਕਾਲੀ ਸਿਆਹੀ ਝੋਲੇ ਦੇ ਵਿੱਚ ਹੀ ਡੁੱਲ੍ਹ ਕੇ ਸਾਰੇ ਕਾਸੇ ਨੂੰ ਹੀ ਰੰਗ-ਬਿਰੰਗਾ ਕਰ ਦਿੰਦੀ ਸੀ। ਤੇ ਇਹੀ ਸਲੇਟਾਂ ਤੇ ਫੱਟੀਆਂ ਕਿਸੇ ਹਰਖੀ ਬੱਚਿਆਂ ਲਈ ਹਥਿਆਰ ਦਾ ਕੰਮ ਵੀ ਦਿੰਦੀਆਂ ਸਨ। ਜੋ ਝਗੜਾਲੂ ਕਿਸਮ ਦੇ ਸਿਖਾਂਦਰੂ ਸਨ ਓਹ ਕਦੇ-ਕਦੇ ਛੁੱਟੀ ਹੋਣ ‘ਤੇ ਘਰਾਂ ਨੂੰ ਜਾਂਦਿਆਂ ਲੜ ਵੀ ਪੈਂਦੇ ਸਨ, ਤੇ ਇਨ੍ਹਾਂ ਸਲੇਟਾਂ ਜਾਂ ਫੱਟੀਆਂ ਨਾਲ ਲੜਦਿਆਂ ਫੱਟੀਆਂ ਤੇ ਸਲੇਟਾਂ ਟੁੱਟ ਵੀ ਜਾਂਦੀਆਂ ਸਨ। ਪਰ ਐਸੇ ਬੱਚੇ ਬਹੁਤ ਘੱਟ ਸਨ।
ਸੋ ਦੋਸਤੋ ਗੱਲ ਤਾਂ ਸਮੇਂ-ਸਮੇਂ ਦੀ ਹੁੰਦੀ ਹੈ। ਅੱਜ ਇਹ ਫੋਟੋਆਂ ਵੇਖ ਕੇ ਬਚਪਨ ਯਾਦ ਆ ਗਿਆ। ਤੇ ਆਊਗਾ ਤੁਹਾਨੂੰ ਵੀ ਜਦੋਂ ਤੁਸੀਂ ਇਸ ਵਿਰਾਸਤੀ ਲੇਖ ਨੂੰ ਪੜ੍ਹੋਗੇ। ਇਹ ਮੈਨੂੰ ਪੱਕਾ ਯਕੀਨ ਹੈ ਇਸ ਲਈ ਆਪਾਂ ਸਭਨਾਂ ਨੂੰ ਕਦੇ-ਕਦੇ ਆਪਣੇ ਅਤੀਤ ‘ਤੇ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ, ਤਾਂ ਕਿ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਹੀਏ।