ਅਧਿਆਪਕ ਝਕਾਨੀ ਦੇ ਕੇ ਬੈਰੀਕੇਡ ਤੋੜ ਤੇ ਮੋਤੀ ਮਹਿਲ ਅੱਗੇ ਪੁੱਜੇ
ਮਹਿਲਾ ਅਧਿਆਪਕਾਂ ਨੇ ਪੁਲਿਸ ’ਤੇ ਲਾਏ ਬਦਸਲੂਕੀ ਤੇ ਕੱਪੜੇ ਪਾੜਨ ਦੇ ਦੋਸ਼
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਐਨਐਸਕਿਊਐਫ ਵੋਕੇਸ਼ਨ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਉਲੀਕਦਿਆਂ ਪੁਲਿਸ ਪ੍ਰਸ਼ਾਸਨ ਨੂੰ ਭਾਜੜ ਪਾ ਦਿੱਤੀ ਅਤੇ ਮੋਤੀ ਮਹਿਲ ਦੇ ਮੁੱਖ ਗੇਟ ਅੱਗੇ ਜਾ ਪੁੱਜੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਭਾਰੀ ਧੂਹ-ਘੜੀਸ ਕੀਤੀ ਗਈ ਅਤੇ ਔਰਤਾਂ ਅਤੇ ਮਰਦਾਂ ਨੂੰ ਲੱਤਾਂ-ਬਾਹਾਂ ਤੋਂ ਬੋਰੀਆਂ ਵਾਂਗ ਚੁੱਕ-ਚੁੱਕ ਕੇ ਉਥੋਂ ਹਟਾਇਆ ਗਿਆ। ਪੁੁਲਿਸ ਨੇ ਕਾਫ਼ੀ ਅਧਿਆਪਕਾਂ ਨੂੰ ਹਿਰਾਸਤ ’ਚ ਲੈ ਕੇ ਮੋਤੀ ਮਹਿਲ ਦਾ ਗੇਟ ਖਾਲੀ ਕਰਵਾਇਆ।
ਜਾਣਕਾਰੀ ਅਨੁਸਾਰ ਉਕਤ ਅਧਿਆਪਕਾਂ ਦਾ ਧਰਨਾ ਅੱਜ ਪਟਿਆਲਾ ਵਿਖੇ 101ਵੇਂ ਦਿਨ ਵਿੱਚ ਪੁੱਜ ਗਿਆ। ਅੱਜ ਅਧਿਆਪਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦਿੰਦਿਆਂ ਦੂਜੇ ਪਾਸਿਓ ਮੋਤੀ ਮਹਿਲ ਦੇ ਘਿਰਾਓ ਲਈ ਪੁੱਜ ਗਏ ਅਤੇ ਬੈਰੀਕੇਡ ਤੋੜ ਕੇ ਮੁੱਖ ਗੇਟ ਕੋਲ ਜਾਕੇ ਨਾਅਰੇਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ ਅਧਿਆਪਕਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਗਿਣਤੀ ਘੱਟ ਹੋਣ ਕਾਰਨ ਉਹ ਕੁਝ ਨਾ ਕਰ ਸਕੇ। ਇਸ ਦੌਰਾਨ ਅਧਿਆਪਕਾਂ ਨੇ ਮੋਤੀ ਮਹਿਲ ਦੇ ਮੁੱਖ ਗੇਟ ਅੱਗੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਥੋਂ ਹਟਾਉਣ ਦਾ ਯਤਨ ਕੀਤਾ ਗਿਆ ਪਰ ਅਧਿਆਪਕਾਂ ਦਾ ਕਹਿਣਾ ਸੀ ਕਿ ਪਹਿਲਾਂ ਸਰਕਾਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦਾ ਐਲਾਨ ਕਰੇ। ਇਸ ਮੌਕੇ ਪੁਲਿਸ ਨੇ ਸਖਤੀ ਵਰਤਦਿਆਂ ਮਹਿਲਾ ਅਧਿਆਪਕਾਂ ਨੂੰ ਖਿੱਚ ਖਿੱਚ ਕੇ ਉਥੋਂ ਹਟਾਇਆ ਤਾਂ ਉਹ ਧਰਤੀ ’ਤੇ ਲਿਟ ਗਈਆਂ। ਪੁਲਿਸ ਨੇ ਜਬਰੀ ਖਿੱਚ ਕੇ ਬੋਰੀਆਂ ਵਾਂਗ ਚਾਰੇ ਪਾਸਿਓ ਫੜ੍ਹ ਕੇ ਮਹਿਲਾ ਤੇ ਮਰਦਾਂ ਅਧਿਆਪਕਾਂ ਨੂੰ ਬੱਸਾਂ ਵਿੱਚ ਸੁੱਟਿਆ।
ਇਸ ਮੌਕੇ ਕਈ ਅਧਿਆਪਕਾਵਾਂ ਨੇ ਦੋਸ਼ ਲਾਇਆ ਕਿ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਹੈ ਅਤੇ ਉਨ੍ਹਾਂ ਦੀਆਂ ਬੱਖੀਆਂ ਵਿੱਚ ਡੰਡਿਆਂ ਦੀਆਂ ਹੁੱਜਾਂ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਦਰਜ਼ਨਾਂ ਚੁੰਨੀਆਂ ਅਤੇ ਸੂਟ ਪਾਟ ਦਿੱਤੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਰਾਏ ਸਾਹਬ ਸਿੰਘ ਨੇ ਕਿਹਾ ਕਿ ਉਹ 100 ਦਿਨਾਂ ਤੋਂ ਸਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਪਰ ਅੱਜ ਸਬਰ ਟੁੱਟਦਿਆਂ ਉਨ੍ਹਾਂ ਨੂੰ ਇਹ ਐਕਸ਼ਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਚ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਸੱਤ-ਸੱਤ ਹਜਾਰ ’ਤੇ ਪੜ੍ਹਾ ਰਹੇ ਹਨ, ਸਾਡੀ ਮੰਗ ਹੈ ਕਿ ਸਰਕਾਰ ਸਿੱਖਿਆ ਵਿਭਾਗ ਵਿੱਚ ਲਿਆਕੇ ਰੈਗੂਲਰ ਕਰੇ। ਉਨ੍ਹਾਂ ਕਿਹਾ ਕਿ ਅੱਜ ਪ੍ਰਸ਼ਾਸਨ ਵੱਲੋਂ ਬਹੁਤ ਧੱਕਾ ਕੀਤਾ ਗਿਆ ਅਤੇ ਔਰਤਾਂ ਦਾ ਖਿਆਲ ਵੀ ਨਹੀਂ ਕੀਤਾ ਗਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਬੱਸਾਂ ਵਿੱਚ ਭਰ ਕੇ ਹਿਰਾਸਤ ਵਿੱਚ ਲੈ ਲਿਆ। ਉਕਤ ਅਧਿਆਪਕਾਂ ਦਾ ਕਹਿਣਾ ਸੀ ਕਿ ਜਿੰਨਾਂ ਚਿਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਅੱਜ ਕੈਬਨਿਟ ਦੀ ਮੀਟਿੰਗ ਨੂੰ ਦੇਖਦਿਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਰਕਾਰ ਦੇ ਦਬਾਅ ਪਾਉਣ ਦੀ ਕੋਸਿਸ਼ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ