ਸਵੱਛਤਾ ਤੋਂ ਬਿਨਾਂ ਫਿਟ ਇੰਡੀਆ ਮੂਵਮੈਂਟ ਦਾ ਕਾਮਯਾਬ ਹੋਣਾ ਅਸੰਭਵ

Impossible, FitIndia, Movement, Precision

ਮਨਪ੍ਰੀਤ ਸਿੰਘ ਮੰਨਾ

29 ਅਗਸਤ 2019 ਨੂੰ ਪ੍ਰਸਿੱਧ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਫਿਟ ਇੰਡੀਆ’ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿਚ ਸਾਰੇ ਦੇਸ਼ ਦੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਇਸ ਪ੍ਰੋਗਰਾਮ ਦਾ ਦੇਸ਼ ਭਰ ਵਿਚ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਇਸ ਦੌਰਾਨ ਸਾਰਿਆਂ ਵੱਲੋਂ ਯੋਗਾ ਅਤੇ ਕਸਰਤ ਰੋਜ਼ਾਨਾ ਕਰਨ ਦੀ ਸਹੁੰ ਵੀ ਚੁੱਕੀ ਗਈ। ਫਿਟ ਇੰਡੀਆ ਮੂਵਮੈਂਟ ਚਲਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪਰ ਇਸਨੂੰ ਲਾਗੂ ਕਰਨ ਤੇ ਮੂਵਮੈਂਟ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੇ ਨਾਲ-ਨਾਲ ਕਈ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਹੈ।

ਸਵੱਛ ਭਾਰਤ ਅਭਿਆਨ ਕਾਗਜ਼ਾਂ ’ਚ ਕਿੰਨਾ ਤੇ ਅਸਲੀਅਤ ’ਚ ਕਿੰਨਾ ਸਫ਼ਲ:

2 ਅਕਤੂਬਰ 2014 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂਆਤ ਦੇ ਵਿਚ ਇਸ ਮੁਹਿੰਮ ਨੂੰ ਲੈ ਕੇ ਕਾਫੀ ਲੋਕਾਂ ਵਿਚ ਉਤਸ਼ਾਹ ਦੇਖਿਆ ਗਿਆ। ਸਰਕਾਰੀ ਦਫਤਰਾਂ, ਸਕੂਲਾਂ, ਕਾਲਜਾਂ, ਜਨਤਕ ਥਾਵਾਂ ’ਤੇ, ਭਾਜਪਾ ਦੇ ਵਰਕਰਾਂ ਨੇ ਦਿਨ-ਰਾਤ ਇਸ ਅਭਿਆਨ ਨੂੰ ਸਫਲ ਕਰਨ ਲਈ ਕੰਮ ਸ਼ੁਰੂ ਕੀਤਾ ਪਰ ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਇਸ ਅਭਿਆਨ ਦੀ ਰਫਤਾਰ ਘਟਦੀ-ਘਟਦੀ ਬਿਲਕੁਲ ਹੀ ਠੰਢੀ ਪੈ ਗਈ। ਜਿੰਨੀ ਇਸ ਅਭਿਆਨ ਨੂੰ ਸਫਲਤਾ ਮਿਲਣੀ ਚਾਹੀਦੀ ਸੀ, ਉਸ ਤਰ੍ਹਾਂ ਇਸ ਅਭਿਆਨ ਨੂੰ ਸਫ਼ਲਤਾ ਨਹੀਂ ਮਿਲੀ। ਜੇਕਰ ਕੁੱਲ ਮਿਲਾ ਕੇ ਮੰਨਿਆ ਜਾਵੇ ਤਾਂ ਇਸ ਅਭਿਆਨ ਨੂੰ ਕਾਗਜਾਂ ਦੇ ਵਿਚ ਤਾਂ ਪੂਰੇ ਨੰਬਰ ਦਿੱਤੇ ਜਾ ਸਕਦੇ ਹਨ ਪਰੰਤੂ ਅਸਲੀਅਤ ਵਿਚ ਨੰਬਰ ਦੇਣ ਲਈ ਹਾਲੇ ਕਾਫੀ ਮਿਹਨਤ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਉਹ ਇਹ ਗੱਲ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਵੱਛਤਾ ਸਾਡੇ ਦੇਸ਼, ਸਮਾਜ ਦੇ ਨਾਲ ਨਾਲ ਇਨਸਾਨ ਦੀ ਸਿਹਤ ਲਈ ਕਿੰਨੀ ਮਹੱਤਵਪੂਰਨ ਹੈ, ਇਸ ਲਈ ਕੇਂਦਰ ਸਰਕਾਰ, ਸੂਬਾ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਕੁੱਲ ਮਿਲਾ ਕੇ ਜੇ ਕਿਹਾ ਜਾਵੇ ਤਾਂ ਸਾਰਿਆਂ ਨੂੰ ਮਿਲ ਕੇ ਇੱਕਜੁਟ ਹੋ ਕੇ ਕੰਮ ਕਰਨ ਦੀ ਬਹੁਤ ਵੱਡੇ ਪੱਧਰ ’ਤੇ ਲੋੜ ਹੈ। ਹੁਣ ਜੇਕਰ ਅਸਲੀਅਤ ਵਿਚ ਸਵੱਛਤਾ ਅਭਿਆਨ ਨੂੰ ਨੰਬਰ ਦੇਣੇ ਹੋਣ ਦਾ 100 ’ਚੋਂ 10 ਫੀਸਦੀ ਹੀ ਅੰਕ ਦਿੱਤੇ ਜਾ ਸਕਦੇ ਹਨ, ਕਿਉਂਕਿ ਸਵੱਛਤਾ ਅਭਿਆਨ ਦੇ ਅਧੀਨ ਆਉਂਦੀਆਂ ਸਕੀਮਾਂ ਜਿਸ ’ਚ ਕੂੜਾ ਇਕੱਠਾ ਕਰਨਾ, ਕੂੜੇ ਨੂੰ ਡੰਪ ਕਰਨ ਲਈ ਸਹੀ ਥਾਂ, ਸੀਵਰੇਜ਼ ਪਾਉਣ, ਸਫਾਈ ਕਰਮਚਾਰੀਆਂ ਨੂੰ ਸਫਾਈ ਤੇ ਸੁਰੱਖਿਆ ਸਾਧਨ ਮੁਹੱਇਆ ਕਰਵਾਉਣ ਵਿਚ ਸਰਕਾਰਾਂ ਨਾਕਾਮ ਰਹੀਆਂ ਹਨ। ਹਾਲੇ ਤੱਕ ਵੀ ਇਨ੍ਹਾਂ ਸਕੀਮਾਂ ’ਤੇ ਕੰਮ ਨਹੀਂ ਹੋ ਸਕਿਆ ਹੈ।

ਫਿਟ ਇੰਡੀਆ ਮੂਵਮੈਂਟ ਲਈ ਸਾਫ-ਸੁਥਰਾ ਵਾਤਾਵਰਨ ਬਹੁਤ ਜਰੂਰੀ:

ਫਿਟ ਇੰਡੀਆ ਮੂਵਮੈਂਟ ਅਧੀਨ ਲੋਕਾਂ ਨੂੰ ਯੋਗਾ ਅਤੇ ਕਸਰਤ ਤੇ ਖੇਡਾਂ ਵਿਚ ਭਾਗ ਲਈ ਪ੍ਰੇਰਿਤ ਕੀਤਾ ਗਿਆ ਹੈ। ਇਨ੍ਹਾਂ ਚੀਜ਼ਾਂ ਲਈ ਸਾਫ-ਸੁਥਰਾ ਵਾਤਾਵਰਨ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਫਿਟ ਸਰੀਰ ਉੱਥੇ ਹੀ ਹੋ ਸਕਦਾ ਹੈ, ਜਿੱਥੇ ਸਾਫ-ਸੁਥਰੀ ਹਵਾ ਹੋਵੇ, ਜੇਕਰ ਸਾਫ-ਸੁਥਰੀ ਹਵਾ ਇਨਸਾਨ ਨੂੰ ਮਿਲੇਗੀ ਤਾਂ ਉਸਦੇ ਸਰੀਰ ਦੀ ਫਿਟਨੈਸ ਵੀ ਚੰਗੀ ਬਣ ਸਕਦੀ ਹੈ। ਡਾਕਟਰ ਕੋਲ ਜਦੋਂ ਕੋਈ ਮਰੀਜ ਜਾਂਦਾ ਹੈ ਤਾਂ ਉਸਨੂੰ ਉਹ ਸਵੇਰ ਦੀ ਸੈਰ ਕਰਨ ਦਾ ਕਹਿੰਦਾ ਹੈ, ਘਾਹ ਦੇ ਉੱਤੇ ਨੰਗੇ ਪੈਰ ਸੈਰ ਕਰਨ ਲਈ ਕਹਿੰਦੇ ਹਨ ਕਿਉਂ ਉਸਨੂੰ ਪਤਾ ਹੁੰਦਾ ਹੈ ਕਿ ਸਵੇਰੇ ਹੀ ਚੰਗੀ ਹਵਾ ਹੁੰਦੀ ਹੈ, ਜੋ ਇਨਸਾਨ ਦੀ ਸਿਹਤ ਨੂੰ ਚੰਗਾ ਕਰ ਸਕਦੀ ਹੈ। ਦਿਨ-ਪ੍ਰਤੀਦਿਨ ਹਵਾ ਪਾਣੀ ਸਾਡਾ ਦੂਸ਼ਿਤ ਹੁੰਦਾ ਜਾ ਰਿਹਾ ਹੈ, ਦਰੱਖਤਾਂ ਦੀ ਕਟਾਈ ਲਗਾਤਾਰ ਹੋਣ ਕਰਕੇ ਵਾਤਾਵਰਨ ਵਿਚ ਵੀ ਵੱਡੇ ਪੱਧਰ ’ਤੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਘਾਤਕ ਮੰਨਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਸਾਫ-ਸੁਥਰਾ ਵਾਤਾਵਰਨ ਬਣਾਉਣ ਲਈ ਦਰੱਖਤ ਲਾਉਣ ਅਤੇ ਹੋਰਨਾਂ ਸਾਧਨਾਂ ’ਤੇ ਕੰਮ ਕਰਨ ਦੀ ਲੋੜ ਹੈ।

ਲੋਕਾਂ ਦੇ ਭਲੇ ਦੀਆਂ ਸਕੀਮਾਂ ਨੂੰ ਚਲਾਉਣਾ ਸਰਕਾਰਾਂ ਦਾ ਫਰਜ਼:

2014 ਤੋਂ 2019 ਅਤੇ ਫਿਰ ਦੁਬਾਰਾ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਬਣੀ। 2014 ਵਿਚ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਤੇ ਹੁਣ 2019 ਵਿਚ ਫਿਟ ਇੰਡੀਆ ਮੂਵਮੈਂਟ ਚਲਾਈ ਗਈ ਹੈ। ਇਸ ਨੂੰ ਰਾਜਨੀਤਿਕ ਰੰਗ ਤੋਂ ਬਚਾਉਣ ਦੀ ਬਹੁਤ ਲੋੜ ਹੈ। ਕਿਉਂਕਿ ਲੋਕਾਂ ਦੇ ਭਲੇ ਲਈ ਸਰਕਾਰਾਂ ਸਮੇਂ-ਸਮੇਂ ’ਤੇ ਕੋਈ ਨਾ ਕੋਈ ਮੁਹਿੰਮ ਜਾਂ ਅਭਿਆਨ ਚਲਾਉਂਦੀਆਂ ਹਨ ਜੋ ਕਿ ਇਨ੍ਹਾਂ ਦਾ ਫਰਜ਼ ਹੈ। ਇਸ ’ਤੇ ਰਾਜਨੀਤੀ ਕਰਕੇ ਸਫਲਤਾ ਵਿਚ ਰੋੜਾ ਨਹੀਂ ਬਣਨਾ ਚਾਹੀਦਾ। ਪੰਚਾਇਤਾਂ, ਨਗਰ ਕੌਂਸਲਾਂ, ਨਗਰ ਨਿਗਮ, ਸ਼ਹਿਰਾਂ, ਕਸਬਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜਨਤਾ ਨੂੰ ਮਿਲ ਕੇ ਜੋ ਕਿ ਸਮਾਜ ਦੇ ਭਲੇ ਦੀਆਂ ਸਕੀਮਾਂ ਹੋਣ ਉਨ੍ਹਾਂ ਨੂੰ ਲਾਗੂ ਕਰਨ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸਰੀਰ ਫਿਟ ਹੋਵੇਗਾ ਤਾਂ ਹੀ ਸਮਾਜ ਨੂੰ ਸਿਹਤਮੰਦ ਕਰਨ ਵੱਲ ਕਦਮਾਂ ਨੂੰ ਵਧਾਇਆ ਜਾ ਸਕਦਾ ਹੈ। ਜਦੋਂ ਸਿਹਤਮੰਦ ਸਮਾਜ ਹੋਵੇਗਾ ਤਾਂ ਹੌਲੀ-ਹੌਲੀ ਕਦਮ-ਦਰ-ਕਦਮ ਅੱਗੇ ਵਧਦੇ ਹੋਏ ਸੂਬਿਆਂ ਤੋਂ ਵਧਦੇ-ਵਧਦੇ ਦੇਸ਼ ਸਿਹਤਮੰਦ ਹੋਵੇਗਾ, ਜਦੋਂ ਦੇਸ਼ ਸਿਹਤਮੰਦ ਹੋਵੇਗਾ ਤਾਂ ਆਪਣੇ-ਆਪ ਹੀ ਤਰੱਕੀਆਂ ਦੇ ਰਸਤੇ ’ਤੇ ਚੱਲ ਪਵੇਗਾ।

ਵਾਰਡ ਨੰਬਰ 5,
ਗੜਦੀਵਾਲਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।