ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਅਹਿਮ!
ਸਮੁੱਚੇ ਵਿਸ਼ਵ ਨੂੰ ਨਿਸ਼ਾਨਾ ਬਣਾਉਣ ਵਾਲੀ ਕੋਰੋਨਾ ਮਹਾਂਮਾਰੀ ਨੇ ਇਨਸਾਨੀ ਜ਼ਿੰਦਗੀ ਦੇ ਹਰ ਖੇਤਰ ਨੂੰ ਉਲਟੇ ਰੁਖ ਪ੍ਰਭਾਵਿਤ ਕੀਤਾ। ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦੇ ਚੱਲਦਿਆਂ ਸੂਬੇ ਦੇ ਸਕੂਲਾਂ ਦੀ ਮਾਰਚ ਮਹੀਨੇ ਹੋਈ ਤਾਲਾਬੰਦੀ ਤਕਰੀਬਨ ਦਸ ਮਹੀਨਿਆਂ ਤੱਕ ਜਾਰੀ ਰਹੀ। ਸਕੂਲਾਂ ਦੀ ਅਚਾਨਕ ਹੋਈ ਤਾਲਾਬੰਦੀ ਦੇ ਚੱਲਦਿਆਂ ਪਿਛਲੇ ਸੈਸ਼ਨ ਦੀਆਂ ਬੋਰਡ ਪ੍ਰੀਖਿਆਵਾਂ ਅੱਧ-ਵਿਚਕਾਰ ਲਟਕ ਗਈਆਂ। ਘਰੇਲੂ ਪ੍ਰੀਖਿਆਵਾਂ ਸਮੇਤ ਸਾਰੀਆਂ ਜਮਾਤਾਂ ਦੇ ਸਾਲਾਨਾ ਨਤੀਜਿਆਂ ਦੇ ਐਲਾਨ ਦਾ ਅਮਲ ਵੀ ਕਰੋਨਾ ਪਾਬੰਦੀਆਂ ਦੀ ਭੇਂਟ ਚੜ੍ਹ ਗਿਆ। ੳੇੁੱਚ ਪੱਧਰੀ ਵਿਚਾਰ-ਵਟਾਂਦਰੇ ਉਪਰੰਤ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਉਨ੍ਹਾਂ ਦੇ ਪਹਿਲਾਂ ਹੋ ਚੁੱਕੇ ਪੇਪਰਾਂ ਦੀ ਕਾਰਗੁਜ਼ਾਰੀ ਦੇ ਅਨੁਪਾਤ ਨਾਲ ਐਲਾਨਿਆ ਗਿਆ ਅਤੇ ਘਰੇਲੂ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਜਾਣਕਾਰੀ ਵੀ ਵਿਦਿਆਰਥੀਆਂ ਨੂੰ ਘਰ ਬੈਠਿਆਂ ਹੀ ਦਿੱਤੀ ਗਈ।
ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਐਲਾਨ ਉਪਰੰਤ ਨਵੇਂ ਵਿੱਦਿਅਕ ਸੈਸ਼ਨ ਲਈ ਦਾਖਲੇ ਅਤੇ ਦਾਖਲ ਕੀਤੇ ਵਿਦਿਆਰਥੀਆਂ ਦਾ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਕਰਨਾ ਵੱਡੀ ਚੁਣੌਤੀ ਬਣ ਗਈ। ਪਰ ਇਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਸਿਦਕ ਹੀ ਸੀ ਕਿ ਉਹਨਾਂ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਹੇਠ ਆਨਲਾਈਨ ਦਾਖਲਿਆਂ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਦਾਖਲਿਆਂ ਦਾ ਇਜ਼ਾਫਾ ਪਿਛਲੇ ਸਾਰੇ ਵਰਿ੍ਹਆਂ ਦੇ ਰਿਕਾਰਡ ਤੋੜ ਗਿਆ। ਬੱਸ ਫਿਰ ਕੀ ਸੀ, ਅਧਿਕਾਰੀਆਂ ਅਤੇ ਅਧਿਆਪਕਾਂ ਨੇ ਰਲ ਕੇ ਆਨਲਾਈਨ ਪੜ੍ਹਾਈ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਵਿਦਿਆਰਥੀ ਘਰ ਬੈਠਿਆਂ ਹੀ ਜਮਾਤਾਂ ਲਾਉਣ ਲੱਗੇ। ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਦੁਬਾਰਾ ਤੋਂ ਰਾਬਤਾ ਕਾਇਮ ਹੋ ਗਿਆ।
ਵਟਸਅਪ ਤੋਂ ਸ਼ੁਰੂ ਹੋਇਆ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਟੈਲੀਵੀਜਨ ਅਤੇ ਯੂ ਟਿਊਬ ਸਮੇਤ ਸੋਸ਼ਲ ਮੀਡੀਆ ਦੇ ਸਭ ਸਰੋਤਾਂ ’ਤੇ ਵਿਆਪਕ ਹੋ ਗਿਆ। ਹੋਰ ਤਾਂ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਆਨਲਾਈਨ ਪ੍ਰੀਖਿਆਵਾਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ। ਆਨਲਾਈਨ ਤਰੀਕੇ ਹੀ ਮਾਪੇ ਅਧਿਆਪਕ ਮਿਲਣੀਆਂ ਵੀ ਕੀਤੀਆਂ ਜਾਣ ਲੱਗੀਆਂ। ਮਾਰਚ 2020 ਤੋਂ ਸ਼ੁਰੂ ਹੋਈ ਸਕੂਲਾਂ ਦੀ ਤਾਲਾਬੰਦੀ ਨਵੇਂ ਵਰ੍ਹੇ ਤੱਕ ਜਾਰੀ ਰਹੀ। ਇੰਨੇ ਲੰਬੇ ਅਰਸੇ ਦੀ ਤਾਲਾਬੰਦੀ ਦੌਰਾਨ ਪੜ੍ਹਾਈ ਅਤੇ ਪ੍ਰੀਖਿਆਵਾਂ ਦੀ ਆਨਲਾਈਨ ਹੋਈ ਵਿਵਸਥਾ ਨੇ ਵਿਦਿਆਰਥੀਆਂ ਨੂੰ ਸਰੀਰਕ ਰੂਪ ਵਿੱਚ ਹਾਜ਼ਰ ਹੋ ਕੇ ਪ੍ਰੀਖਿਆਵਾਂ ਦੇਣ ਦਾ ਅਮਲ ਹੀ ਭੁਲਾ ਦਿੱਤਾ।
ਸਰਕਾਰੀ ਨਿਰਣੇ ਅਨੁਸਾਰ ਸਕੂਲਾਂ ਦੀ ਖਤਮ ਹੋਈ ਤਾਲਾਬੰਦੀ ਉਪਰੰਤ ਸਕੂਲਾਂ ਵਿੱਚ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਉਹਨਾਂ ਨੂੰ ਸਰੀਕਕ ਰੂਪ ’ਚ ਹਾਜ਼ਰ ਹੋ ਕੇ ਪ੍ਰੀਖਿਆਵਾਂ ਦੇਣ ਲਈ ਤਿਆਰ ਕਰਨਾ ਵੱਡੀ ਚੁਣੌਤੀ ਬਣ ਗਿਆ। ਆਖਿਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਇਹ ਚੁਣੌਤੀ ਵੀ ਸਰ ਕਰ ਲਈ। ਇਨ੍ਹੀਂ ਦਿਨੀਂ ਵਿਦਿਆਰਥੀਆਂ ਦੀ ਹਾਜ਼ਰੀ ਦਰ ਨੱਬੇ ਫੀਸਦੀ ਤੋਂ ਵੀ ਉੱਪਰ ਚੱਲ ਰਹੀ ਹੈ। ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਇਸ ਸੈਸ਼ਨ ਦੀਆਂ ਸਾਲਾਨਾ ਪ੍ਰੀਖਿਆਵਾਂ ਬਕਾਇਦਾ ਆਮ ਵਾਂਗ ਸਕੂਲਾਂ ਦੇ ਪ੍ਰੀਖਿਆਂ ਕੇਂਦਰਾਂ ਵਿੱਚ ਆਫਲਾਈਨ ਤਰੀਕੇ ਹੋਣਗੀਆਂ। ਆਨਲਾਈਨ ਪ੍ਰੀਖਿਆਵਾਂ ਦਾ ਅਮਲ ਮੁਕੰਮਲ ਤੌਰ ’ਤੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਸਰੀਰਕ ਰੂਪ ਵਿੱਚ ਹਾਜ਼ਰ ਹੋ ਕੇ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ।
ਲੰਮਾ ਅਰਸਾ ਪ੍ਰੀਖਿਆਵਾਂ ਤੋਂ ਦੂਰ ਰਹੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਆਦੀ ਬਣਾਉਣ ਲਈ ਵਿਭਾਗ ਵੱਲੋਂ ਪਹਿਲਾਂ ਹਫਤਾਵਾਰੀ ਪ੍ਰੀਖਿਆਵਾਂ ਦਾ ਅਮਲ ਕੀਤਾ ਗਿਆ ਤੇ ਹੁਣ ਪੰਦਰਾਂ ਫਰਵਰੀ ਤੋਂ ਸਰਕਾਰੀ ਸਕੂਲਾਂ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਰਵਾਈ ਜਾ ਰਹੀ ਹੈ। ਮੌਜ਼ੂਦਾ ਸੈਸ਼ਨ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਮੂਹ ਵਿਦਿਆਰਥੀਆਂ ਦੀ ਸਫਲਤਾ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ ਨਾਂਅ ਦੇ ਮਿਸ਼ਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਸਕੂਲਾਂ ਦੀ ਤਾਲਾਬੰਦੀ ਬਦੌਲਤ ਪ੍ਰਭਾਵਿਤ ਹੋਈ ਪੜ੍ਹਾਈ ਨੂੰ ਵੇਖਦਿਆਂ ਤਕਰੀਬਨ ਸਾਰੀਆਂ ਜਮਾਤਾਂ ਦੇ ਪਾਠਕ੍ਰਮ ਵਿੱਚ ਵੀ ਕਟੌਤੀ ਕੀਤੀ ਗਈ ਹੈ। ਅਧਿਆਪਕਾਂ ਵੱਲੋਂ ਹਰ ਵਿਦਿਆਰਥੀ ’ਤੇ ਨਿੱਜੀ ਰੂਪ ਵਿੱਚ ਧਿਆਨ ਦਿੱਤਾ ਜਾ ਰਿਹਾ ਹੈ।
ਹਰ ਵਿਦਿਆਰਥੀ ਨੂੰ ਉਸਦੀ ਸਿੱਖਣ ਸਮਰੱਥਾ ਅਨੁਸਾਰ ਸੰਖੇਪ ਅਤੇ ਵਿਸਥਾਰਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਵੈ-ਇੱਛਾ ਨਾਲ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਪਹਿਲਾਂ ਤੇ ਬਾਅਦ ਵਿੱਚ ਇੱਥੋਂ ਤੱਕ ਕਿ ਐਤਵਾਰ ਤੇ ਹੋਰ ਛੁੱਟੀਆਂ ਦੇ ਦਿਨਾਂ ਦੌਰਾਨ ਵੀ ਪੜ੍ਹਾਇਆ ਜਾ ਰਿਹਾ ਹੈ। ਮੌਜ਼ੂਦਾ ਸੈਸ਼ਨ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਹਰ ਵਿਦਿਆਰਥੀ ਦੀ ਸਫਲਤਾ ਯਕੀਨੀ ਬਣਾਉਣ ਦੇ ਮਨੋਰਥ ਨਾਲ ਕੀਤੇ ਜਾ ਉਪਰਾਲਿਆਂ ਵਿੱਚ ਪੰਦਰਾਂ ਫਰਵਰੀ ਤੋਂ ਸ਼ੁਰੂ ਹੋਈਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਬੜਾ ਅਹਿਮ ਹੈ।
ਇਨ੍ਹਾਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਮੁੱਖ ਦਫਤਰ ਵੱਲੋਂ ਪੂਰੀ ਤਰ੍ਹਾਂ ਨਾਲ ਸਾਲਾਨਾ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਰਧਾਰਤ ਕੀਤੇ ਪਾਠਕ੍ਰਮ ਤੇ ਪੈਟਰਨ ਅਨੁਸਾਰ ਭੇਜੇ ਗਏ। ਪ੍ਰੀ-ਬੋਰਡ ਪ੍ਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰ ਸਾਲਾਨਾ ਪ੍ਰੀਖਿਆਵਾਂ ਲਈ ਨਿਰਧਾਰਤ ਸਮੁੱਚੇ ਪਾਠਕ੍ਰਮ ਵਿੱਚੋਂ ਆਵੇਗਾ। ਸਕੂਲਾਂ ਦੀ ਤਾਲਾਬੰਦੀ ਬਦੌਲਤ ਪ੍ਰਭਾਵਿਤ ਹੋਈ ਪੜ੍ਹਾਈ ਦੇ ਮੱਦੇਨਜ਼ਰ ਘਟਾਇਆ ਪਾਠਕ੍ਰਮ ਪ੍ਰੀ-ਬੋਰਡ ਪ੍ਰੀਖਿਆਵਾਂ ਦੌਰਾਨ ਵੀ ਸ਼ੁਮਾਰ ਨਹੀਂ ਕੀਤਾ ਜਾਵੇਗਾ। ਇਨ੍ਹਾਂ ਪ੍ਰੀ-ਬੋਰਡ ਪ੍ਰੀਖਿਆਵਾਂ ਲਈ ਪੇਪਰ ਕਰਨ ਦਾ ਸਮਾਂ ਵੀ ਸਾਲਾਨਾ ਪੇਪਰ ਵਾਲਾ ਤੇ ਕੁੱਲ ਅੰਕ ਵੀ ਸਾਲਾਨਾ ਪ੍ਰੀਖਿਆਵਾਂ ਵਾਲੇ ਹੀ ਰਹਿਣਗੇ।
ਵਿਦਿਆਰਥੀਆਂ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਵਿੱਚੋਂ ਹਾਸਲ ਕੀਤੇ ਅੰਕਾਂ ਦਾ ਲਾਭ ਸੀ.ਸੀ.ਈ. ਦੇ ਅੰਕਾਂ ਦੇ ਰੂਪ ਵਿੱਚ ਸਾਲਾਨਾ ਨਤੀਜਿਆਂ ਲਈ ਵੀ ਦਿੱਤਾ ਜਾਵੇਗਾ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਲਈਆਂ ਜਾ ਰਹੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਇੱਕ ਤਰ੍ਹਾਂ ਸਾਲਾਨਾ ਪ੍ਰੀਖਿਆਵਾਂ ਦੀ ਰਿਹਰਸਲ ਕਹੀਆਂ ਜਾ ਸਕਦੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਪ੍ਰਾਪਤ ਕੀਤੇ ਅੰਕਾਂ ਨਾਲ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਕੀਤੀ ਤਿਆਰੀ ਬਾਰੇ ਪਤਾ ਲੱਗਣ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਆਪੋ-ਆਪਣੇ ਵਿਸ਼ੇ ’ਚ ਵਿਦਿਆਰਥੀਆਂ ਦੀ ਵਿੱਦਿਅਕ ਸਥਿਤੀ ਦਾ ਅਨੁਮਾਨ ਹੋ ਜਾਵੇਗਾ।
ਕਿਹਾ ਜਾ ਸਕਦਾ ਹੈ ਕਿ ਆਗਾਮੀ ਸਾਲਾਨਾ ਪ੍ਰੀਖਿਆਵਾਂ ’ਚੋਂ ਬਿਹਤਰ ਕਾਰਗੁਜ਼ਾਰੀ ਨਾਲ ਸਫਲਤਾ ਹਾਸਲ ਕਰਨ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਬੜਾ ਅਹਿਮ ਹੈ। ਅਧਿਆਪਕ ਤੇ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਬਚਦੇ ਸਮੇਂ ਦੌਰਾਨ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਯੋਜਨਾਬੰਦੀ ਕਰ ਸਕਣਗੇ। ਸਮੂਹ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪੋ-ਆਪਣੇ ਬੱਚਿਆਂ ਨੂੰ ਇਹ ਪ੍ਰੀ-ਬੋਰਡ ਪ੍ਰੀਖਿਆਵਾਂ ਦੇਣ ਲਈ ਸਕੂਲਾਂ ਵਿੱਚ ਜਰੂਰ ਹਾਜ਼ਰ ਕਰਨ।
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.