ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ

ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ

ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ । ਸਾਡੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹੁਤ ਹੀ ਮਹੱਤਤਾ ਹੈ। ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀਆਂ ਨੂੰ ਹੀ ਨੈਤਿਕਤਾ ਦੀ ਜ਼ਰੂਰਤ ਹੈ। ਬਜ਼ੁਰਗ, ਨੌਜਵਾਨ, ਔਰਤ ਹਰ ਉਮਰ ਦੇ ਇਨਸਾਨ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਤਾ ਹੋਣਾ ਜਰੂਰੀ ਹੈ। ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਵਾਲੇ ਇਨਸਾਨ ਦੀ ਸੋਚ ਬਹੁਤ ਵਧੀਆ ਭਾਵ ਉਸ ਦੇ ਵਧੀਆ ਵਿਚਾਰ,ਚੰਗਾ ਇਨਸਾਨ , ਰਹਿਣ ਸਹਿਣ, ਸਮਾਜ ਵਿੱਚ ਵਿਚਰਨਾ ਬਹੁਤ ਜ਼ਿਆਦਾ ਆਦਰਸ ਹੁੰਦਾ ਹੈ। ਅਕਸਰ ਜਿਵੇਂ ਪਹਿਲਾਂ ਬੱਚੇ ਗੁਰੂਕੁੱਲ ਵਿੱਚ ਰਿਸੀਆਂ-ਮੁਨੀਆਂ ਕੋਲ ਪੜ੍ਹਦੇ ਸਨ, ਤਾਂ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰਾਂ ,ਚੰਗਾ ਇਨਸਾਨ , ਈਮਾਨਦਾਰੀ, ਬਜੁਰਗਾਂ ਦਾ ਸਤਿਕਾਰ, ਆਗਿਆਕਾਰੀ , ਨਿਮਰਤਾ, ਪਿਆਰ, ਸ਼ਹਿਣਸ਼ੀਲਤਾ ਧਾਰਨ ਕਰਨ ਲਈ ਸਿੱਖਿਆ ਵੀ ਦਿੱਤੀ ਜਾਂਦੀ ਸੀ। ਭਾਵ ਉਨ੍ਹਾਂ ਨੂੰ ਚੰਗੇ ਮਾੜੇ ਬਾਰੇ ਸਭ ਦੱਸਿਆ ਜਾਂਦਾ ਸੀ।

ਖਾਸ ਕਰ ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਕਰਨ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਜਾਂਦੀ ਸੀ। ਦੱਸਿਆ ਜਾਂਦਾ ਸੀ ਕਿ ਮਾਂ-ਬਾਪ ਦੀ ਜ਼ਿੰਦਗੀ ਵਿਚ ਕਿੰਨੀ ਮਹੱਤਵਪੂਰਨ ਭੂਮਿਕਾ ਹੈ। ਤਾਏ-ਚਾਚੇ ,ਭੂਆ, ਫੁੱਫੜ ਸਭ ਦੇ ਬਾਰੇ ਦੱਸਿਆ ਜਾਂਦਾ ਸੀ। ਬਜ਼ੁਰਗਾਂ ਦਾ ਸਤਿਕਾਰ ਕਰਨ ਬਾਰੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਜੇ ਕੋਈ ਬੱਚਾ ਉਸ ਸਮੇਂ ਗਲਤ ਵੀ ਹੁੰਦਾ ਸੀ, ਤਾਂ ਆਪਸ ਵਿੱਚ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ।ਜਦੋਂ ਬੱਚੇ ਦੇ ਮਾਂ-ਬਾਪ ਨੂੰ ਪਤਾ ਲੱਗਣਾ ਕਿ ਸਾਡੇ ਅੱਜ ਮੁੰਡੇ ਨੇ ਗਲਤੀ ਕੀਤੀ ਹੈ ਤਾਂ ਅੱਗੋਂ ਉਹ ਕਹਿੰਦੇ ਸਨ ਕਿ ਚੰਗਾ ਕੀਤਾ ਤੁਸੀਂ ਸਾਡੇ ਬੱਚਿਆਂ ਨੂੰ ਫਟਕਾਰ ਲਗਾਈ। ਭਵਿੱਖ ਵਿਚ ਅਜਿਹੀ ਗਲਤੀ ਨਹੀਂ ਕਰੇਗਾ। ਕਹਿਣ ਦਾ ਭਾਵ ਹੈ ਕਿ ਮਾਂ-ਬਾਪ ਨੂੰ ਬਿਲਕੁਲ ਵੀ ਇਤਰਾਜ ਨਹੀਂ ਹੁੰਦਾ ਸੀ ਕਿ ਜਦੋਂ ਉਨ੍ਹਾਂ ਦਾ ਬੱਚਾ ਕੋਈ ਗਲਤੀ ਜਾਂ ਕਿਸੇ ਨੂੰ ਉੱਚਾ-ਨੀਵਾਂ ਬੋਲ ਬੋਲਦਾ ਸੀ।

ਸਮਾਂ ਬਦਲਿਆ। ਜੋ ਅੱਜ ਕੱਲ ਦੀ ਸਿੱਖਿਆ ਹੈ, ਉਹ ਵਿਦਿਆਰਥੀਆਂ ਨੂੰ ਪੈਸਾ ਕਮਾਉਣਾ ਦੇ ਯੋਗ ਬਣਾ ਰਹੀ ਹੈ। ਅੱਜ ਪੈਸੇ ਦੀ ਇੰਨੀ ਹੋੜ ਲੱਗੀ ਹੋਈ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਸੰਸਕਾਰਾਂ ਨੂੰ ਭੁੱਲ ਚੁੱਕੀ ਹੈ। ਇਕ ਦੂਜੇ ਨਾਲ ਗੱਲ ਤੱਕ ਨਹੀਂ ਕਰਦੇ ਬੱਚੇ। ਰਿਸਤਿਆਂ ਦਾ ਬਿਲਕੁਲ ਵੀ ਨਹੀਂ ਪਤਾ ਹੈ।ਸਮਾਜਿਕ ਢਾਂਚਾ ਦਿਨ-ਪ੍ਰਤੀ-ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ।

ਜੇ ਬੱਚੇ ਅੱਜ ਕੱਲ ਗਲਤੀ ਕਰਦੇ ਹਨ, ਤਾਂ ਸਕੂਲਾਂ ਵਿੱਚ ਮਾਸਟਰਾਂ ਨੂੰ ਇਜਾਜਤ ਨਹੀਂ ਹੈ, ਕਿ ਬੱਚਿਆਂ ਨੂੰ ਡਾਂਟ ਫਟਕਾਰ ਲਗਾਈ ਜਾਵੇ । ਜੇ ਕੋਈ ਮਾਸਟਰ ਬੱਚੇ ਦੀ ਗਲਤੀ ਤੇ ਉਸਨੂੰ ਝਿੜਕ ਵੀ ਦਿੰਦਾ ਹੈ ਤਾਂ ਮਾਂ ਬਾਪ ਸਕੂਲ ਵਿਚ ਜਾ ਕੇ ਹੰਗਾਮਾ ਕਰ ਦਿੰਦੇ ਹਨ। ਇੱਥੋਂ ਤੱਕ ਉਸ ਮਾਸਟਰ ਨੂੰ ਨੌਕਰੀ ਤੋਂ ਵੀ ਤੁਰੰਤ ਬਰਖਸਤ ਕਰਨ ਲਈ ਸਕੂਲ ਦੇ ਡਾਇਰੈਕਟਰ, ਪਿ੍ਰੰਸੀਪਲ ਨੂੰ ਕਹਿ ਦਿੰਦੇ ਹਨ। ਅੱਜ-ਕੱਲ੍ਹ ਦੇ ਮਾਂ-ਬਾਪ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਝਿੜਕਦੇ। ਤਾਏ ਚਾਚੇ ਜਾਂ ਬਾਹਰ ਦਾ ਕੋਈ ਵਿਅਕਤੀ ਤਾਂ ਹੁਣ ਕੀ ਝਿੜਕੇਗਾ ਕਿਸੇ ਨੂੰ। ਜੇ ਬੱਚਾ ਗਲਤੀ ਕਰਦਾ ਹੈ ਤਾਂ ਮਾਂ ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਪਿਆਰ ਨਾਲ ਸਮਝਾਇਆ ਜਾਵੇ। ਉਸ ਨੂੰ ਦੱਸਿਆ ਜਾਵੇ ਕਿ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ।

ਜੇ ਕੋਈ ਮਾਸਟਰ ਬੱਚੇ ਦੀ ਗਲਤੀ ਤੇ ਉਸਨੂੰ ਝਿੜਕ ਦਿੰਦਾ ਹੈ ਤਾਂ ਮਾਂ ਬਾਪ ਸਕੂਲ ਵਿਚ ਜਾ ਕੇ ਹੰਗਾਮਾ ਕਰ ਦਿੰਦੇ ਹਨ । ਆਪਣੇ ਬੱਚੇ ਦੀਆਂ ਗਲਤ ਹਰਕਤਾਂ ਤੇ ਪਰਦੇ ਪਾਉਂਦੇ ਹਨ। ਹਮੇਸ਼ਾ ਜੋ ਬੱਚਾ ਹੁੰਦਾ ਹੈ ਉਹ ਘਰ ਤੋਂ ਹੀ ਸਿਖਦਾ ਹੈ। ਜੇ ਘਰ ਵਿੱਚ ਮਾਂ ਬਾਪ ਬੱਚਿਆਂ ਨੂੰ ਆਪਸੀ ਪ੍ਰੇਮ, ਪਿਆਰ, ਸ਼ਹਿਣਸ਼ੀਲਤਾ , ਵਰਗੇ ਗੁਣ ਦੇਣਗੇ ਤੇ ਬੱਚਿਆਂ ਨੂੰ ਦੱਸਣਗੇ ਕਿ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ, ਤਾਂ ਬੱਚਾ ਬਾਹਰ ਜਾ ਕੇ ਕਦੇ ਵੀ ਗਲਤੀ ਨਹੀਂ ਕਰੇਗਾ। ਸਾਰੇ ਲੋਕ ਬੱਚੇ ਦਾ ਆਦਰ ਸਤਿਕਾਰ ਕਰਨਗੇ ਤੇ ਕਹਿਣਗੇ ਕਿ ਫਲਾਣੇ ਦੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲੀ ਹੈ। ਆਦਰ ਸਤਿਕਾਰ ਨਾਲ ਗੱਲ ਕਰਦੇ ਹਨ। ਮਾਂ ਬਾਪ ਨੂੰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਜਾਣੂੰ ਕਰਵਾਉਣਾ ਚਾਹੀਦਾ ਹੈ।

ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਹਰ ਰੋਜ ਕੋਈ ਨਾ ਕੋਈ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਰਿਹਾ ਹੈ। ਕੁਝ ਕੁ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ਵਧੀਆ ਪੜ੍ਹੀ-ਲਿਖੀ ਪਰਿਵਾਰ ਦੀ ਕੁੜੀ ਚਿੱਟਾ ਵੇਚਦੀ ਫੜੀ ਗਈ। ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ।

ਮਾਂ ਬਾਪ ਨੂੰ ਬੱਚਿਆਂ ਨੂੰ ਚੰਗੇ ਗੁਣਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ। ਦੱਸਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪਵੇਗਾ। ਨਸਾ ਚਾਹੇ ਕੋਈ ਵੀ ਹੈ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ। ਪਹਿਲਾਂ ਤਾਂ ਮਾਂ-ਬਾਪ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਲਕੋ ਕੇ ਰੱਖਦੇ ਹਨ। ਜਦੋਂ ਬੱਚਾ ਗਲਤ ਸੰਗਤ ਵਿੱਚ ਪੈ ਜਾਂਦਾ ਹੈ

ਫਿਰ ਬੱਚੇ ਨੂੰ ਸਮਝਾਉਂਦੇ ਹਨ। ਫਿਰ ਉਸ ਤੇ ਕੋਈ ਅਸਰ ਨਹੀਂ ਹੁੰਦਾ। ਮਾਂ-ਬਾਪ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਪੈਸੇ ਦੀ ਅੰਨ੍ਹੀ ਦੌੜ ਕਾਰਨ ਖੁਦਕੁਸ਼ੀਆਂ ਦਾ ਰੁਝਾਨ ਵੱਧ ਰਿਹਾ ਹੈ। ਪੈਸੇ ਦੀ ਬੇਲੋੜੀ ਵਰਤੋਂ ਕਾਰਨ ਗੈਰ ਕਾਨੂੰਨੀ ਕੰਮ ਵੀ ਜ਼ਿਆਦਾ ਹੋ ਰਹੇ ਹਨ। ਨਿੱਜੀ ਸੁਆਰਥ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ।। ਨੌਜਵਾਨ ਪੀੜ੍ਹੀ ਸੋਸਲ ਮੀਡੀਆ ਦੀ ਧੱੜਲੇ ਨਾਲ ਵਰਤੋਂ ਕਰ ਰਹੀ ਹੈ। ਉਹਨਾਂ ਨੂੰ ਇਸ ਚੀਜ ਦਾ ਪਤਾ ਹੀ ਨਹੀਂ ਹੈ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ। ਅੱਜਕਲ ਦੀ ਨੌਜਵਾਨ ਪੀੜੀ ਵਿੱਚ ਪਿਆਰ, ਨਿਮਰਤਾ , ਸ਼ਹਿਣਸ਼ੀਲਤਾ ਵਰਗੇ ਗੁਣ ਕਿਤੇ ਵੀ ਨਹੀਂ ਦਿਸਦੇ।

ਮਾਂ-ਬਾਪ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੋ ਚੁੱਕਿਆ ਹੈ। ਬੱਚਿਆਂ ਤੇ ਮਾੜੀ ਸੰਗਤ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਚੰਗੇ ਮਾੜੇ ਫੈਸਲੇ ਲੈਣ ਲਈ ਬੱਚੇ ਅੱਜ ਕੱਲ ਮਾਂ-ਬਾਪ ਨੂੰ ਬਿਲਕੁਲ ਵੀ ਨਹੀਂ ਪੁੱਛਦੇ। ਜਦੋਂ ਕੋਈ ਗਲਤ ਕੰਮ ਹੋ ਜਾਂਦਾ ਹੈ, ਫਿਰ ਮਾਂ ਬਾਪ ਨੂੰ ਬਾਹਰ ਤੋਂ ਹੀ ਪਤਾ ਲੱਗਦਾ ਹੈ। ਸਕੂਲ, ਕਾਲਜ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ ਸਰਟੀਫਿਕੇਟ, ਡਿਗਰੀਆਂ ਤਾਂ ਪ੍ਰਦਾਨ ਕਰ ਰਿਹਾ ਹੈ ,ਪਰ ਨੈਤਿਕ ਕਦਰਾਂ ਕੀਮਤਾਂ ਦੀ ਬਹੁਤ ਕਮੀ ਹੈ। ਪੈਸਾ ਕਿੱਥੇ ਅਤੇ ਸਹੀ ਵਰਤੋਂ ਕਿਵੇਂ ਕਰਨੀ ਹੈ ਇਹ ਵੀ ਨੈਤਿਕਤਾ ਦਾ ਬਹੁਤ ਵੱਡਾ ਗੁਣ ਹੈ।

ਬੱਚਿਆਂ ਦੇ ਅੰਦਰ ਅਨੁਸ਼ਾਸਨ ਹੋਣਾ ਬਹੁਤ ਜਰੂਰੀ ਹੈ। ਸਮੇਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਮਾਂ ਬਾਪ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਬਾਰੇ ਦੱਸਣ। ਬੱਚਿਆਂ ਨੂੰ ਆਪਣੇ ਘਰ ਦੇ ਵੱਡੇ ਬਜੁਰਗਾਂ ਕੋਲ ਬੈਠਣਾ ਚਾਹੀਦਾ ਹੈ। ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ। ਕਿਸੇ ਲੋੜਵੰਦ ਦੀ ਮੱਦਦ ਕਰਨੀ ਵੀ ਨੈਤਿਕਤਾ ਦਾ ਗੁਣ ਹੈ। ਅਜਿਹੇ ਗੁਣਾਂ ਨਾਲ ਭਰਪੂਰ ਇੰਨਸਾਨ ਦੀ ਚਾਰ ਚੁਫੇਰਿਓਂ ਫਿਰ ਬੱਲੇ ਬੱਲੇ ਹੁੰਦੀ ਹੈ।
ਮੋਹਾਲੀ
ਮੋ : 7888966168
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here