ਨਵੇਂ ਖੇਤੀ ਕਾਨੂੰਨਾਂ ਦਾ ਮੰਡੀਆਂ ‘ਚ ਦਿਸਣ ਲੱਗਿਆ ਅਸਰ

ਕਿਸਾਨਾਂ ਦੀ ਪਿਛਲੇ ਸਾਲ ਨਾਲੋਂ ਘੱਟ ਭਾਅ ‘ਤੇ ਵਿਕ ਰਹੀ ਏ ਬਾਸਮਤੀ

ਕਿਸਾਨਾਂ ‘ਚ ਫਿਕਰਮੰਦੀ, ਪਿਛਲੇ ਸਾਲ ਨਾਲੋਂ ਅੱਧੀ ਫਸਲ ਆਈ ਮੰਡੀਆਂ ‘ਚ

ਸੰਗਰੂਰ, (ਗੁਰਪ੍ਰੀਤ ਸਿੰਘ) ਸਮੁੱਚੇ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਰੇਲਵੇ ਟ੍ਰੈਕਾਂ, ਕਾਰੋਪਰੇਟ ਅਦਾਰਿਆਂ, ਪੈਟਰੋਲ ਪੰਪਾਂ, ਟੋਲ ਪਲਾਜ਼ਿਆਂ ਨੂੰ ਘੇਰੀ ਬੈਠਾ ਹੈ ਕਿਸਾਨਾਂ ਦੇ ਇਸ ਸੰਘਰਸ਼ ਕਾਰਨ ਝੋਨੇ ਦੀ ਫਸਲ ਮੰਡੀਆਂ ਵਿੱਚ ਪਛੜਣ ਲੱਗੀ ਹੈ ਅੱਜ ਦੇ ਦਿਨ ਤੱਕ ਪਿਛਲੀ ਵਾਰ ਦੇ ਨਾਲੋਂ ਅੱਧੀ ਫਸਲ ਵੀ ਮੰਡੀਆਂ ਵਿੱਚ ਨਹੀਂ ਪੁੱਜੀ ਜਿਸ ਕਾਰਨ ਮੰਡੀਆਂ ਵਿੱਚ ਮਜ਼ਦੂਰ ਵਿਹਲੇ ਬੈਠੇ ਹਨ ਪ੍ਰਾਈਵੇਟ ਵਪਾਰੀ ਵੀ ਵਿਹਲੇ ਬੈਠੇ ਹਨ, ਕੋਈ ਟਾਵਾਂ-ਟੱਲਾ ਕਿਸਾਨ ਹੀ ਫਸਲ ਮੰਡੀਆਂ ਵਿੱਚ ਲੈ ਕੇ ਆ ਰਿਹਾ ਹੈ ਦੂਜਾ ਮੰਡੀਆਂ ਵਿੱਚ ਕਿਸਾਨ ਇਸ ਕਾਰਨ ਵੀ ਫਿਕਰਮੰਦ ਹੈ ਕਿ ਨਵੇਂ ਖੇਤੀ ਕਾਨੂੰਨਾਂ ਦੇ ਰੌਲੇ ਕਾਰਨ ਇਸ ਵਾਰ ਬਾਸਮਤੀ ਦੀ ਫਸਲ ਪਿਛਲੀ ਵਾਰ ਨਾਲੋਂ ਕਾਫ਼ੀ ਘੱਟ ਰੇਟ ‘ਤੇ ਖਰੀਦੀ ਜਾ ਰਹੀ ਹੈ

ਅੱਜ ਪੰਜਾਬ ਦੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੀਆਂ ਮੁੱਖ ਮੰਡੀਆਂ ਦਾ ਦੌਰਾ ਕੀਤਾ ਤਾਂ ਇਹ ਗੱਲ ਉੱਭਰ ਕੇ ਆਈ ਕਿ ਹੇਠਲੇ ਪੱਧਰ ‘ਤੇ ਕਿਸਾਨਾਂ ਤੇ ਮਜ਼ਦੂਰਾਂ ‘ਚ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਪ੍ਰਤੀ ਏਨਾ ਗੁੱਸਾ ਹੈ ਕਿ ਉਹ ਹਰ ਗੱਲ ਵਿੱਚ ਮੋਦੀ ਸਰਕਾਰ ਦੀ ਭੰਡੀ ਕਰਨ ਲਈ ਮਜ਼ਬੂਰ ਹਨ ਸੰਗਰੂਰ ਦੀ ਮੁੱਖ ਮੰਡੀ ਵਿੱਚ ਬਾਸਮਤੀ ਦੀ ਕਿਸਮ 1509 ਮੰਡੀ ਵਿੱਚ ਲੈ ਕੇ ਆਏ ਪਿੰਡ ਸਾਰੋਂ ਦੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨਾਲ ਉਹੀ ਹੀ ਹੋਣ ਲੱਗਿਆ ਹੈ ਜਿਸ ਦਾ ਡਰ ਕਿਸਾਨ ਜਥੇਬੰਦੀਆਂ ਕਈ ਦਿਨਾਂ ਤੋਂ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਬਣਾਏ ਨਵੇਂ ਕਾਨੂੰਨਾਂ ਦੇ ਰੌਲੇ ਗੌਲੇ ਵਿੱਚ ਇਸ ਵਾਰ ਬਾਸਮਤੀ ਝੋਨੇ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਡਿੱਗ ਪਿਆ ਹੈ ਉਸ ਨੇ ਦੱਸਿਆ ਕਿ ਉਸ ਨੇ ਇੱਕ ਏਕੜ ਵਿੱਚ ਬਾਸਮਤੀ 1509 ਬੀਜੀ ਸੀ ਜਿਹੜੀ ਅੱਜ ਆੜ੍ਹਤੀਆਂ ਨੂੰ 1830 ਰੁਪਏ ਪ੍ਰਤੀ ਕਵਿੰਟਲ ਨਾਲ ਵੇਚੀ ਹੈ

ਉਸ ਨੇ ਕਿਹਾ ਕਿ ਪਿਛਲੀ ਵਾਰ ਇਹੀ ਕਿਸਮ ਦੀ ਜੀਰੀ ਬੀਜੀ ਸੀ ਅਤੇ ਉਨ੍ਹਾਂ ਨੂੰ ਪ੍ਰਤੀ ਕਵਿੰਟਲ 2500 ਰੁਪਏ ਪ੍ਰਤੀ ਕਵਿੰਟਲ ਤੋਂ ਜ਼ਿਆਦਾ ਦਾ ਮੁੱਲ ਮਿਲਿਆ ਸੀ ਅਤੇ ਉਨ੍ਹਾਂ ਦੇ ਖਰਚੇ ਕਾਫ਼ੀ ਕੰਟਰੋਲ ਹੋ ਗਏ ਸਨ ਇਸ ਕਾਰਨ ਇਸ ਵਾਰ ਫਿਰ ਉਨ੍ਹਾਂ ਨੇ ਉਹੀ ਕਿਸਮ ਬੀਜੀ ਪਰ ਇਸ ਵਾਰ ਕੋਈ ਵੀ ਪ੍ਰਾਈਵੇਟ ਵਪਾਰੀ ਉਨ੍ਹਾਂ ਦੀ ਫਸਲ ਖਰੀਦਣ ਨਹੀਂ ਆਇਆ ਉਨ੍ਹਾਂ ਦੱਸਿਆ ਕਿ ਕਾਫ਼ੀ ਦਿਨਾਂ ਦੀ ਮਿਹਨਤ ਪਿਛੋਂ ਅੱਜ ਉਹ ਪ੍ਰਾਈਵੇਟ ਵਪਾਰੀ ਨੂੰ 1830 ਰੁਪਏ ਪ੍ਰਤੀ ਕਵਿੰਟਲ ਵੇਚਣ ਲਈ ਮਜ਼ਬੂਰ ਹੋਏ ਹਨ ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਘਾਟਾ ਪਿਆ ਹੈ

ਮੰਡੀ ਵਿੱਚ ਮੌਜ਼ੂਦ ਪਿੰਡ ਦੇ ਹੋਰਨਾਂ ਕਿਸਾਨਾਂ ਜਗਦੇਵ ਸਿੰਘ, ਨਛੱਤਰ ਸਿੰਘ ਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਮਾੜੇ ਆਰਥਿਕ ਹਾਲਾਤਾਂ ਵਿੱਚੋਂ ਲੰਘਣਾ ਪਵੇਗਾ ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਮੀਨ ਦਾ ਠੇਕਾ ਬਹੁਤ ਜ਼ਿਆਦਾ ਹੋਣ ਕਾਰਨ ਕਿਸਾਨਾਂ ਦੇ ਖਰਚੇ ਤੇ ਮੁਨਾਫ਼ੇ ਦਾ ਤਵਾਜ਼ਨ ਵਿਗੜੇਗਾ ਉਨ੍ਹਾਂ ਦੱਸਿਆ ਕਿ ਇਸ ਵਾਰ 60 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਦਾ ਠੇਕਾ ਵੱਡੀ ਗਿਣਤੀ ਕਿਸਾਨਾਂ ਨੂੰ ਦੇਣਾ ਪਿਆ ਇਸ ਤੋਂ ਇਲਾਵਾ ਕਿਸਾਨ ਨੂੰ ਝੋਨਾ ਲਾਉਣ ਲਈ ਅੰਦਾਜ਼ਨ ਇੱਕ ਏਕੜ ਵਿੱਚ 8 ਤੋਂ 12 ਹਜ਼ਾਰ ਰੁਪਏ ਦਾ ਖਰਚ ਆਇਆ ਜਿਸ ਵਿੱਚ ਉਨ੍ਹਾਂ ਦੀ ਪਨੀਰੀ ਤੋਂ ਲੈ ਕੇ ਝੋਨੇ ਲਵਾਉਣ ਦੀ ਮਜ਼ਦੂਰੀ, ਰੇਹਾਂ ਸਪਰੇਆਂ ਤੋਂ ਲੈ ਕੇ ਵਢਾਈ ਤੱਕ ਦੇ ਖਰਚੇ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮਾੜੇ ਦੌਰ ਵਿੱਚੋਂ ਲੰਘ ਰਹੇ ਹਨ, ਉਪਰੋਂ ਸਰਕਾਰਾਂ ਕਿਸਾਨਾਂ ਤੇ ਨਵੇਂ ਨਵੇਂ ਕਾਨੂੰਨ ਬਣਾ ਕੇ ਉਨ੍ਹਾਂ ਤੇ ਥੋਪ ਰਹੀਆਂ ਹਨ

ਮੰਡੀ ਵਿੱਚ ਹਜ਼ਾਰਾਂ ਮਜ਼ਦੂਰ ਫਿਲਹਾਲ ਵਿਹਲੇ

ਜ਼ਿਲ੍ਹਾ ਸੰਗਰੂਰ ਦੀ ਮੁੱਖ ਮੰਡੀ ਸੰਗਰੂਰ ਵਿਖੇ ਤਕਰੀਬਨ 2 ਹਜ਼ਾਰ ਮਜ਼ਦੂਰ ਜਿਹੜਾ ਬਿਹਾਰ ਤੋਂ ਚੱਲ ਕੇ ਆਇਆ ਹੋਇਆ ਹੈ, ਉਸ ਵਿੱਚੋਂ ਵੱਡੀ ਗਿਣਤੀ ਮਜ਼ਦੂਰ ਹਾਲੇ ਵਿਹਲੇ ਹਨ ਕਿਉਂਕਿ ਕਿਸਾਨਾਂ ਵੱਲੋਂ ਹਾਲੇ ਫਸਲ ਮੰਡੀਆਂ ਵਿੱਚ ਨਹੀਂ ਲਿਆਂਦੀ ਗਈ ਬਿਹਾਰੀ ਮਜ਼ਦੂਰ ਰਾਜੂ ਨੇ ਦੱਸਿਆ ਕਿ ਸਮੁੱਚੀ ਮੰਡੀ ਵਿੱਚ ਤਕਰੀਬਨ 2 ਹਜ਼ਾਰ ਤੋਂ ਜ਼ਿਆਦਾ ਮਜ਼ਦੂਰ ਆਇਆ ਹੋਇਆ ਹੈ ਜਿਹੜਾ ਵਿਹਲਾ ਹੈ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਜ਼ਦੂਰ ਪ੍ਰਾਈਵੇਟ ਵਪਾਰੀਆਂ ਨਾਲ ਲੱਗੇ ਹੋਏ ਹਨ ਅਤੇ 14 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਮਜ਼ਦੂਰੀ ਲੈ ਰਹੇ ਹਨ ਜਿਸ ਵਿੱਚ ਝੋਨੇ ਦੀ ਝੜਾਈ ਤੋਂ ਲੈ ਕੇ ਬੋਰੀਆਂ ਦੀ ਭਰਾਈ ਸ਼ਾਮਲ ਹੈ

ਅੱਜ ਤੱਕ ਮੰਡੀਆਂ ਵਿੱਚ ਹੋਈ ਆਮਦ

ਜ਼ਿਲ੍ਹਾ ਮੰਡੀ ਦਫ਼ਤਰ ਤੋਂ ਲਏ ਅੰਕੜਿਆਂ ਮੁਤਾਬਕ ਅੱਜ ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਮੰਡੀਆਂ ਵਿੱਚ ਪਰਮਲ ਤੇ ਬਾਸਮਤੀ ਝੋਨਾ 5,831 ਮੀਟਰਕ ਟਨ ਝੋਨਾ ਮੰਡੀਆਂ ਵਿੱਚ ਆਇਆ ਹੈ ਜਿਸ ਵਿੱਚੋਂ 5794 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਇਨ੍ਹਾਂ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਮਾਰਕਫੈੱਡ ਵੱਲੋਂ 1014, ਪਨਸਪ ਵੱਲੋਂ 717 ਅਤੇ ਵੇਅਰ ਹਾਊਸ ਵੱਲੋਂ 250 ਮੀਟਰਕ ਟਨ ਝੋਨੇ ਦੀ ਖਰੀਦ ਹੋਈ ਪ੍ਰਾਈਵੇਟ ਵਪਾਰੀਆਂ ਵੱਲੋਂ 1477 ਮੀਟਰਕ ਟਨ ਝੋਨਾ ਖਰੀਦਿਆ ਗਿਆ ਜਦੋਂ ਕਿ ਪਿਛਲੇ ਸਾਲ ਅੱਜ ਦੇ ਦਿਨ 13, 382 ਮੀਟਰਕ ਟਨ ਝੋਨਾ ਮੰਡੀਆ ਵਿੱਚ ਆ ਚੁੱਕਿਆ ਸੀ ਉਨ੍ਹਾ ਦੱਸਿਆ ਕਿ ਬਾਸਮਤੀ ਦਾ ਰੇਟ ਇਸ ਵਾਰ 1770 ਲੱਗਿਆ ਹੈ ਜਦੋਂ ਕਿ ਪਿਛਲੀ ਵਾਰ ਵੱਧ ਤੋਂ ਵੱਧ 2165 ਰੁਪਏ ਪ੍ਰਤੀ ਕਵਿੰਟਲ ਰੇਟ ਲਿਆ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.