ਜਲਵਾਯੂ ’ਚ ਅਣਚਾਹੀ ਤਬਦੀਲੀ ਕੁਦਰਤ ਤੇ ਮਨੱੁਖਤਾ ਲਈ ਵੱਡੀ ਮੁਸੀਬਤ ਬਣ ਰਹੀ ਹੈ। ਤਾਪਮਾਨ ’ਚ ਵਾਧਾ ਗਲੇਸ਼ੀਅਰ ਪਿਘਲਣ ਦਾ ਸਬੱਬ ਬਣ ਰਿਹਾ ਹੈ ਜੋ ਅੱਗੇ ਚੱਲ ਕੇ ਮੈਦਾਨੀ ਖੇਤਰਾਂ ਲਈ ਹੜ੍ਹਾਂ ਦੀ ਸਮੱਸਿਆ ਦਾ ਰੂਪ ਧਾਰਨ ਕਰੇਗਾ। ਮੌਸਮ ਮਾਹਿਰਾਂ ਦੀ ਤਾਜ਼ਾ ਰਿਪੋਰਟ ਇਹ ਦੱਸਦੀ ਹੈ ਕਿ ਜਲਵਾਯੂ ਤਬਦੀਲੀ ਦਾ ਸਭ ਤੋਂ ਮਾੜਾ ਅਸਰ ਪਹਾੜੀ ਪ੍ਰਦੇਸ਼ਾਂ ਹਿਮਾਚਲ ਦੇ ਉੱਤਰਾਖੰਡ ’ਤੇ ਪੈ ਰਿਹਾ ਹੈ ਜਿੱਥੇ ਔਸਤ ਸਾਲਾਨਾ ਤਾਪਮਾਨ ’ਚ ਦੇਸ਼ ਅੰਦਰ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਉੱਤਰਾਖੰਡ ’ਚ ਇਹ ਵਾਧਾ 1.17 ਡਿਗਰੀ ਅਤੇ ਹਿਮਾਚਲ 1.16 ਡਿਗਰੀ ਦਰਜ ਹੋਇਆ ਹੈ।
ਕੁਦਰਤ ਦਾ ਸੰਤੁਲਨ
ਤੀਜੇ ਨੰਬਰ ’ਤੇ ਪੰਜਾਬ ਹੈ ਪਹਾੜੀ ਪ੍ਰਦੇਸ਼ਾਂ ’ਚ ਆਈ ਤਬਦੀਲੀ ਇਸ ਕਾਰਨ ਗੰਭੀਰ ਹੈ ਕਿ ਇੱਥੇ ਤਾਪਮਾਨ ਵਧਣ ਨਾਲ ਬਰਫ ਜ਼ਿਆਦਾ ਪਿਘਲਦੀ ਹੈ ਜਿਸ ਨਾਲ ਨਦੀਆਂ ’ਚ ਪਾਣੀ ਦਾ ਪੱਧਰ ਵਧਦਾ ਹੈ ਤੇ ਕੁਦਰਤੀ ਆਫ਼ਤ ਆ ਜਾਂਦੀ ਹੈ। ਗਲੇਸ਼ੀਅਰ ਪਿਘਲਣ ਨਾਲ ਕੁਦਰਤ ਦਾ ਸੰਤੁਲਨ ਵਿਗੜਦਾ ਹੈ। ਜਲਵਾਯੂ ਤਬਦੀਲੀ ਦਾ ਨਤੀਜਾ ਸਾਹਮਣੇ ਆ ਰਿਹਾ ਹੈ। ਇਸ ਵਾਰ ਬੇਮੌਸਮੀ ਵਰਖਾ ਨਾਲ ਲੱਖਾਂ ਏਕੜ ਫਸਲ ਬਰਬਾਦ ਹੋਈ ਹੈ। ਇਸ ਦੇ ਉਲਟ ਪਿਛਲੇ ਸਾਲ ਮਾਰਚ ਮਹੀਨੇ ’ਚ ਗਰਮੀ ਵੱਧ ਪੈਣ ਕਾਰਨ ਕਣਕ ਦਾ ਝਾੜ ਘਟਿਆ ਤੇ ਬਾਗਾਂ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਅਸਲ ’ਚ ਦਰੱਖਤਾਂ ਦੀ ਕਟਾਈ ਜਿੰਨੀ ਰਫਤਾਰ ਨਾਲ ਹੋ ਰਹੀ ਹੈ ਓਨੀ ਰਫਤਾਰ ਨਾਲ ਪੌਦੇ ਲਾਏ ਨਹੀਂ ਜਾ ਰਹੇ ਹਨ। ਅਬਾਦੀ ਦੇ ਵਾਧੇ ਕਾਰਨ ਉਸਾਰੀ ਕੰਮ ਵਧ ਰਿਹਾ ਹੈ। ਜੰਗਲ ਸਾਫ ਕਰਕੇ ਖੇਤੀ ਹੋ ਰਹੀ ਹੈ ਜਾਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ।
ਦਰੱਖਤਾਂ ਦਾ ਸਫ਼ਾਇਆ | Climate Change
ਹਰ ਸਾਲ ਖੇਤੀ ਭੂਮੀ ਦਾ ਘਟਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਦਰੱਖਤਾਂ ਦਾ ਸਫਾਇਆ ਹੋ ਰਿਹਾ ਹੈ। ਉਂਜ ਵੀ ਇਹ ਮਜ਼ਬੂਰੀ ਹੈ ਕਿ ਸੜਕਾਂ, ਰੇਲਾਂ ਦਾ ਜਾਲ ਵਿਛਾਉਣ ਲਈ ਦਰੱਖਤ ਕੱਟਣੇ ਪੈ ਰਹੇ ਹਨ ਦੂਜੇ ਪਾਸੇ ਆਮ ਜਨਤਾ ’ਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਬੂਟੇ ਓਨੇ ਲੱਗ ਨਹੀਂ ਰਹੇ। ਉਦਯੋਗੀਕਕਰਨ ਦੀ ਰਫ਼ਤਾਰ ਵਿਕਾਸਸ਼ੀਲ ਮੁਲਕਾਂ ਦੀ ਜ਼ਰੂਰਤ ਹੈ। ਓਧਰ ਵਿਕਸਿਤ ਮੁਲਕ ਆਪਣੇ ਪ੍ਰਦੂਸ਼ਣ ਦੀ ਜਿੰਮੇਵਾਰੀ ਵਿਕਾਸਸ਼ੀਲ ਦੇਸ਼ਾਂ ’ਤੇ ਥੋਪਣ ਦੀ ਨੀਤੀ ਬਣਾ ਕੇ ਚੱਲ ਰਹੇ ਹਨ। ਅਜਿਹੇ ਹਾਲਾਤਾਂ ’ਚ ਜਲਵਾਯੂ ਤਬਦੀਲੀ ਭਾਵੇਂ ਭਾਰਤ ਦੀ ਨਹੀਂ ਸਗੋਂ ਪੂਰੇ ਵਿਸ਼ਵ ਦੀ ਸਮੱਸਿਆ ਹੈ ਫ਼ਿਰ ਵੀ ਵਾਤਾਵਰਨ ਦੀ ਸੁਰੱਖਿਆ ਲਈ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਉਦਯੋਗਿਕ ਨੀਤੀਆਂ ’ਚ ਪ੍ਰਦੂਸ਼ਣ ਦੀ ਰੋਕਥਾਮ ਕੇਂਦਰੀ ਨੁਕਤਾ ਹੋਣੀ ਚਾਹੀਦੀ ਹੈ। ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਵੀ ਹੱਲ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ।
ਪਹਾੜੀ ਪ੍ਰਦੇਸ਼ਾਂ ’ਚ ਸੈਰ-ਸਪਾਟਾ ਵੀ ਕਿਸੇ ਨਿਯਮ ਦੇ ਹੇਠ ਲਿਆਉਣ ਦੀ ਜ਼ਰੂਰਤ ਹੈ। ਸੈਲਾਨੀਆਂ ਦੇ ਭਾਰੀ ਇਕੱਠ, ਲੱਖਾਂ ਗੱਡੀਆਂ ਦਾ ਆਉਣਾ ਪਹਾੜੀ ਪ੍ਰਦੇਸ਼ਾਂ ਲਈ ਖਤਰਾ ਬਣ ਰਿਹਾ ਹੈ। ਜ਼ਰੂਰੀ ਹੈ ਕਿ ਪਹਾੜਾਂ ਦੀ ਸੰੁਦਰਤਾ ਤੇ ਹਵਾ ਵੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਕਦਮ ਚੁੱਕੇ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ