Patiala News: ਅਕਾਲੀ ਦਲ ਅਤੇ ਸਰਪੰਚ ਨੇ ਲਾਏ ਵਿਧਾਇਕ ਦੇ ਰਿਸ਼ਤੇਦਾਰ ’ਤੇ ਇਲਜ਼ਾਮ
- ਹਰਿਆਣਾ ਦੇ ਅੰਬਾਲਾ ਵਿਖੇ ਪ੍ਰਵਾਸੀ ਮਜ਼ਦੂਰ ਕਰਵਾਇਆ ਭਰਤੀ
- ਸਰਪੰਚ ਅਤੇ ਹਲਕਾ ਇੰਚਾਰਜ਼ ਝਿੰਜਰ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹਲਕਾ ਘਨੌਰ ਵਿੱਚ ਮਾਈਨਿੰਗ ਦਾ ਮਾਮਲਾ ਬੀਤੀ ਰਾਤ ਫਿਰ ਭਖ ਗਿਆ ਅਤੇ ਇਸ ਦੌਰਾਨ ਪ੍ਰਵਾਸੀ ਮਜ਼ਦੂਰ ਜਖ਼ਮੀ ਹੋ ਗਿਆ। ਇਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ਼ ਸਰਬਜੀਤ ਸਿੰਘ ਝਿੰਜਰ ਵੱਲੋਂ ਹਲਕਾ ਘਨੌਰ ਦੇ ਵਿਧਾਇਕ ਤੇ ਰਿਸ਼ਤੇਦਾਰ ਉੱਪਰ ਨਜਾਇਜ਼ ਮਾਇੰਨਿੰਗ ਦੇ ਦੋਸ਼ ਲਗਾਏ ਗਏ। ਵੱਡੀ ਗੱਲ ਇਹ ਰਹੀ ਕਿ ਪਿੰਡ ਸਮਸਪੁਰ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਵੀ ਘੱਗਰ ’ਚ ਮਾਈਨਿੰਗ ਦੇ ਆਪਣੀ ਪਾਰਟੀ ਦੇ ਵਿਕਅਤੀਆਂ ’ਤੇ ਦੋਸ਼ ਲਗਾਏ ਅਤੇ ਇਨਸਾਫ਼ ਨਾ ਮਿਲਣ ’ਤੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਦਿੱਤੀ। ਇੱਧਰ ਹਲਕਾ ਘਨੌਰ ਦੇ ਵਿਧਾਇਕ ਵੱਲੋਂ ਇਸ ਮਾਮਲੇ ਨੂੰ ਗਲਤ ਫਹਿਮੀ ਕਰਾਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਹਲਕਾ ਘਨੌਰ ਦੇ ਪਿੰਡ ਉਟਸਰ ਅਤੇ ਸਮਸਪੁਰ ਨੇੜੇ ਘੱਗਰ ਦੇ ਬੰਨੇ ਨੇੜਿਓ ਮਿੱਟੀ ਚੁੱਕੀ ਜਾ ਰਹੀ ਸੀ ਤਾਂ ਇੱਕ ਪ੍ਰਵਾਸੀ ਮਜ਼ਦੂਰ ਇਸ ਦੀ ਵੀਡੀਓ ਬਣਾਉਣ ਲੱਗ ਪਿਆ ਤਾਂ ਮਾਈਨਿੰਗ ਕਰਨ ਵਾਲਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਪਿੰਡ ਸਮਸਪੁਰ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦੇ ਨੌਕਰ ਨੂੰ ਅੰਬਾਲਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਇੱਥੇ ਅਕਾਲੀ ਦਲ ਦੇ ਹਲਕਾ ਘਨੌਰ ਦੇ ਇੰਚਾਰਜ਼ ਸਬਰਜੀਤ ਸਿੰਘ ਝਿੰਜਰ ਵੀ ਪੁੱਜ ਗਏ ਕਿਉਂਕਿ ਮਾਈਨਿੰਗ ਦੇ ਮਾਮਲੇ ਵਿੱਚ ਇਨ੍ਹਾਂ ਵਿਅਕਤੀਆਂ ਦੀ ਹੋਈ ਲੜਾਈ ਦਾ ਮਾਮਲਾ ਭਖ ਗਿਆ ਸੀ।
Patiala News
ਹਰਿਆਣਾ ਦੇ ਅੰਬਾਲਾ ਹਸਪਤਾਲ ਵਿੱਚ ਦੇਰ ਰਾਤ ਪਿੰਡ ਸਮਸਪੁਰ ਦੇ ਸਰਪੰਚ ਹਰਦੀਪ ਸਿੰਘ ਵੱਲੋਂ ਸ਼ੋਸਲ ਮੀਡੀਆ ’ਤੇ ਦੱਸਿਆ ਕਿ ਉਸਦੇ ਭਰਾ ਦਾ ਫੋਨ ਆਇਆ ਕਿ ਉਨ੍ਹਾਂ ਦੇ ਪਿੰਡ ਦੇ ਨੇੜਿਓ ਘੱਗਰ ਦੇ ਬੰਨੇ ਤੋਂ ਮਿੱਟੀ ਦੀ ਨਜਾਇਜ਼ ਮਾਈਨਿੰਗ ਵਿਧਾਇਕ ਗੁਰਲਾਲ ਘਨੌਰ ਦੇ ਰਿਸ਼ਤੇਦਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਘੱਗਰ ਦੇ ਇਸ ਬੰਨੇ ਤੋਂ ਕੋਈ ਮਿੱਟੀ ਨਹੀਂ ਚੁੱਕੇਗਾ ਕਿਉਂਕਿ ਇਸ ਨਾਲ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਸਦੇ ਭਰਾ ਦੇ ਨੌਕਰ ਵੱਲੋਂ ਇਸ ਮਾਈਨਿੰਗ ਦੀ ਵੀਡੀਓ ਬਣਾਈ ਜਾ ਰਹੀ ਸੀ ਤਾਂ ਮਾਈਨਿੰਗ ਕਰਨ ਵਾਲਿਆਂ ਵੱਲੋਂ ਸ਼ਾਮ ਨੂੰ ਇਸ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਸਰਪੰਚ ਹੈ, ਪਰ ਇੱਥੇ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਸ਼ਰੇਆਮ ਮਾਈਨਿੰਗ ਕੀਤੀ ਜਾ ਰਹੀ ਹੈ। ਜਦੋਂ ਇਸ ਨੂੰ ਰੋਕਿਆ ਜਾਂਦਾ ਹੈ ਤਾਂ ਸ਼ਰੇਆਮ ਪੁਲਿਸ ਵੱਲੋਂ ਉਨ੍ਹਾਂ ਨੂੰ ਹੀ ਧਮਕਾਇਆ ਜਾਂਦਾ ਹੈ।
Read Also : ਚਿੱਟਾ ਪੀ ਗਿਆ ਇੱਕ ਹੋਰ ਨੌਜਵਾਨ ਦੇ ਸਾਹ
ਉਨ੍ਹਾਂ ਵੀਡੀਓ ਵਿੱਚ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁੁਦਕੁਸ਼ੀ ਕਰਨ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਅਕਾਲੀ ਦਲ ਦੇ ਇੰਚਾਰਜ਼ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਵਿਧਾਇਕ ਗੁਰਲਾਲ ਘਨੌਰ ਵੱਲੋਂ ਸ਼ਰੇਆਮ ਮਾਈਨਿੰਗ ਕਰਵਾਈ ਜਾ ਰਹੀ ਹੈ ਅਤੇ ਉਪਰੋਂ ਰੋਕਣ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇੱਥੇ ਮਾਈਨਿੰਗ ਦਿੱਖ ਨਹੀਂ ਰਹੀ ਜਾਂ ਫਿਰ ਇਹ ਸਾਰਾ ਕੰਮ ਸਰਕਾਰ ਦੀ ਸਹਿ ’ਤੇ ਹੀ ਵਿਧਾਇਕ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਰਪੰਚ ਦੇ ਨਾਲ ਹਨ ਅਤੇ ਨਜਾਇਜ਼ ਮਾਈਨਿੰਗ ਵਾਲਿਆਂ ਖਿਲਾਫ਼ ਲੜਾਈ ਜਾਰੀ ਰੱਖਣਗੇ।
ਵਿਧਾਇਕ ਨੇ ਪ੍ਰਵਾਸੀ ਮਜ਼ਦੂਰਾਂ ਦੀ ਆਪਸੀ ਲੜਾਈ ਦੱਸਿਆ
ਇੱਧਰ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਉਨ੍ਹਾਂ ਦੀ ਸਰਪੰਚ ਹਰਦੀਪ ਸਿੰਘ ਨਾਲ ਗੱਲ ਹੋਈ ਹੈ ਅਤੇ ਇਹ ਸਾਰਾ ਗਲਤ ਫਹਿਮੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਪਸੀ ਲੜਾਈ ਹੋਈ ਹੈ। ਉਨ੍ਹਾਂ ਕਿਹਾ ਕਿ ਲੋਹਸਿੰਬਲੀ ਅਤੇ ਮਾੜੂ ਪਿੰਡ ਦੀ ਮੰਡੀ ਵਿੱਚ ਮਿੱਟੀ ਪੈ ਰਹੀ ਸੀ ਅਤੇ ਉਸੇ ਸਮੇਂ ਦੌਰਾਨ ਉਹ ਮਿੱਟੀ ਵਾਲੀਆਂ ਗੱਡੀਆਂ ਆ ਰਹੀਆਂ ਸਨ। ਸਰਪੰਚ ਸਾਹਿਬ ਨੂੰ ਵੀ ਭੁਲੇਖਾ ਲੱਗਿਆ ਕਿ ਸ਼ਾਇਦ ਇਹ ਗੱਡੀਆਂ ਹੀ ਲੜਾਈ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਅਕਾਲੀ ਦਲ ਵੱਲੋਂ ਇਸ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ।














