‘ਸੜਕ ਸੁਰੱਖਿਆ ਮੁਹਿੰਮ-ਨੋ-ਚਲਾਨ ਦਿਵਸ’ ਤਹਿਤ ਆਵਾਜਾਈ ਨੇਮਾਂ ਦੀ ਪਾਲਣਾਂ ਕਰਨ ਵਾਲਿਆਂ ਨੂੰ ਮਿਲੇ ਗੁਲਾਬ
(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਟਰਾਂਸਪੋਰਟ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 132ਵੇਂ ਜਨਮ ਦਿਨ ਮੌਕੇ ਰਾਜ ਅੰਦਰ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਦੇ ਆਗਾਜ਼ ਮੌਕੇ ਅੱਜ ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਤੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ‘ਸੜਕ ਸੁਰੱਖਿਆ ਮੁਹਿੰਮ-ਨੋ-ਚਲਾਨ ਦਿਵਸ’ ਤਹਿਤ ‘ਸੜਕ ਸੁਰੱਖਿਆ ਮੇਰੀ ਜਿੰਮੇਵਾਰੀ’ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਵਾਈ। ਸ. ਛੀਨਾ ਨੇ ਸ਼ੇਰਾਂ ਵਾਲਾ ਗੇਟ ਅਤੇ ਸ. ਭੁੱਲਰ ਨੇ ਫੁਹਾਰਾ ਚੌਂਕ ਵਿਖੇ ਆਵਾਜਾਈ ਨੇਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਭੇਂਟ ਕੀਤੇ ਅਤੇ ਸੜਕ ਸੁਰੱਖਿਆ ਸਹੁੰ ਚੁਕਾਈ।
ਇੱਥੇ ਸ਼ੇਰਾਂ ਵਾਲਾ ਗੇਟ ਵਿਖੇ ਕਰਵਾਏ ਸਮਾਰੋਹ ਮੌਕੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਸੁਰੱਖਿਅਤ ਆਵਾਜਾਈ ਲਈ ਆਮ ਲੋਕਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਵਾਜਾਈ ਨੇਮਾਂ ਪ੍ਰਤੀ ਬਚਪਨ ਤੋਂ ਹੀ ਜਾਗਰੂਕ ਕਰਨ ਦੇ ਨਾਲ-ਨਾਲ ਸਵੈ ਜਾਬਤਾ ਲਾਗੂ ਵੀ ਸਿਖਾਉਣ। ਉਨ੍ਹਾਂ ਕਿਹਾ ਕਿ ਉਨੇ ਲੋਕਾਂ ਦੀ ਹੱਤਿਆ ਜੁਰਮ ਵਾਰਦਾਤਾਂ ’ਚ ਨਹੀਂ ਹੁੰਦੀਆਂ ਜਿੰਨੀਆਂ ਜਾਨਾਂ ਕੇਵਲ ਆਵਾਜਾਈ ਨੇਮਾਂ ਦੀ ਉਲੰਘਣਾ ਕਰਨ ’ਤੇ ਵਾਪਰੇ ਹਾਦਸਿਆਂ ’ਚ ਜਾਂਦੀ ਹਨ, ਇਸ ਲਈ ਨਿਯਮਤ ਤੇ ਸੁਰੱਖਿਅਤ ਆਵਾਜਾਈ ਕੇਵਲ ਪੁਲਿਸ ਦੀ ਸਖਤੀ ਨਾਲ ਹੀ ਨਹੀਂ ਬਲਕਿ ਲੋਕਾਂ ਦੇ ਸਵੈ ਜਾਬਤੇ ਨਾਲ ਹੀ ਸੰਭਵ ਹੈ।
ਫੁਹਾਰਾ ਚੌਂਕ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਹਾਦਸਾ ਰਹਿਤ ਆਵਜਾਈ ਲਈ ਨੌਜਵਾਨਾਂ ਨੂੰ ਜਾਗਰੂਕਤਾ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਸੜਕਾਂ ਬਣਾਉਣ ਲਈ ਲੋਕਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਪਵੇਗਾ। ਉਨ੍ਹਾਂ ਨੇ ਇਸ ਮੌਕੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਬਦਲੇ ਸਿਟੀ-2 ਟੈ੍ਰਫਿਕ ਇੰਚਾਰਜ ਐਸ.ਆਈ. ਭਗਵਾਨ ਸਿੰਘ ਲਾਡੀ ਪਹੇੜੀ, ਏ.ਐਸ.ਆਈ. ਹਰਭਜਨ ਸਿੰਘ ਤੇ ਬਲਵਿੰਦਰ ਸਿੰਘ ਸਮੇਤ ਮਾਰਸ਼ਲ ਅਮਰਜੀਤ ਦਾਸ ਆਦਿ ਨੂੰ ਭਾਈ ਘਨਈਆ ਜੀ ਅਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਡੀ.ਐਸ.ਪੀ. ਟੈ੍ਰਫਿਕ ਡੀ.ਐਸ. ਗਰੇਵਾਲ, ਡੀ.ਐਸ.ਪੀ. ਸਿਟੀ-1 ਹੇਮੰਤ ਸ਼ਰਮਾ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰਜੀਤ ਬਰਾੜ ਵੀ ਮੌਜੂਦ ਸਨ।
ਇਸ ਦੌਰਾਨ ਬੱਸ ਅੱਡੇ ਵਿਖੇ ਪੀ.ਆਰ.ਟੀ.ਸੀ. ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਐਸ.ਪੀ. ਸਿਟੀ ਹਰਪਾਲ ਸਿੰਘ, ਜੀ.ਐਮ. ਪਟਿਆਲਾ ਡਿਪੂ ਇੰਜ. ਜਤਿੰਦਰਪਾਲ ਸਿੰਘ ਗਰੇਵਾਲ ਨੇ ਡਰਾਇਵਰਾਂ ਤੇ ਕੰਡਕਟਰਾਂ ਸਮੇਤ ਆਮ ਲੋਕਾਂ ਨੂੰ ਆਵਾਜਾਈ ਨੇਮਾਂ ਪ੍ਰਤੀ ਜਾਗਰੂਕ ਕੀਤਾ ਅਤੇ ਸੜਕ ਸੁਰੱਖਿਆ ਦੀ ਸਹੁੰ ਚੁਕਾਈ ਗਈ। ਖੰਡਾ ਚੌਂਕ ਵਿਖੇ ਐਸ.ਪੀ. ਪੀ.ਬੀ.ਆਈ.-ਕਮ-ਟੈ੍ਰਫਿਕ ਕੇਸਰ ਸਿੰਘ ਨੇ ਲੋਕਾਂ ਨੂੰ ਸੜਕ ’ਤੇ ਚਲਦੇ ਸਮੇਂ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਤ ਕੀਤਾ। ਪੰਜਾਬੀ ਯੂਨੀਵਰਸਿਟੀ ਵਿਖੇ ਡੀ.ਐਸ.ਪੀ. ਟੈ੍ਰਫਿਕ ਡੀ.ਐਸ. ਗਰੇਵਾਲ ਅਤੇ ਸੜਕ ਸੁਰੱਖਿਆ ਸਿੱਖਿਆ ਸੈਲ ਦੇ ਇੰਸਪੈਕਟਰ ਪੁਸ਼ਪਾ ਦੇਵੀ ਨੇ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ