ਹੁਣ ਸਾਹ ਵੀ ਖਰੀਦਣੇ ਪਿਆ ਕਰਨਗੇ ਜੇ ਵਾਤਾਵਰਨ ਨੂੰ ਸ਼ੁੱਧ ਕਰਨ ਵੱਲ ਧਿਆਨ ਨਾ ਦਿੱਤਾ Air Pollution
ਅਜੋਕੇ ਸਮੇਂ ਹਵਾ-ਪ੍ਰਦੂਸ਼ਣ (Air Pollution) ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ ਪਰ ਇੱਕ ਤਲਖ਼ ਹਕੀਕਤ ਹੈ ਕਿ ਇਹ ਮੁੱਦਾ ਜਿੰਨਾ ਗੰਭੀਰ ਹੈ, ਉਨੀ ਤਵੱਜੋ ਇਸ ਪਾਸੇ ਵੱਲ ਨਹੀਂ ਦਿੱਤੀ ਜਾ ਰਹੀ। ਭਾਰਤ ਵਿਚ ਹਵਾ ਪ੍ਰਦੂਸ਼ਣ ਰਾਹੀਂ ਔਸਤ ਉਮਰ 1.7 ਸਾਲ ਘਟ ਗਈ ਹੈ। ਇਸ ਦਾ ਸਭ ਤੋਂ ਘਾਤਕ ਤੇ ਮਾਰੂ ਪ੍ਰਭਾਵ ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ’ਤੇ ਪੈਂਦਾ ਹੈ। ਅਸਲ ਵਿੱਚ ਹਵਾ ਪ੍ਰਦੂਸ਼ਣ ਦਾ ਭਾਵ ਹੁੰਦਾ ਹੈ ਕਿ ਹਵਾ ਵਿੱਚ ਧੂੜ ਅਤੇ ਕਾਰਬਨ ਦੇ ਬਰੀਕ ਕਣਾਂ ਦੀ ਇੱਕ ਨਿਸ਼ਚਿਤ ਪੱਧਰ ਤੋਂ ਵੱਧ ਮੌਜੂਦਗੀ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦਾ ਇੱਕ ਤੈਅ ਸੀਮਾ ਤੋਂ ਵੱਧ ਹੋ ਜਾਣਾ।
ਹਵਾ ਪ੍ਰਦੂਸ਼ਣ (Air Pollution) ਨਾਲ ਵੱਖ-ਵੱਖ ਤਰ੍ਹਾਂ ਦੀਆਂ ਐਲਰਜੀਆਂ ਖੰਘ, ਅੱਖਾਂ ’ਚ ਪਾਣੀ ਆਉਣਾ, ਫੇਫੜਿਆਂ ਦੇ ਘਾਤਕ ਰੋਗ ਆਦਿ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਸਥਾ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਸ਼ਹਿਰ ਭਾਰਤ ਦੇ ਹਨ। ਸਾਲ 2015 ਵਿੱਚ ਆਈ ਇੱਕ ਅੰਤਰਰਾਸ਼ਟਰੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਹਵਾ ਦੀ ਗੁਣਵੱਤਾ ਵਿੱਚ ਜੇਕਰ ਬਿਹਤਰੀ ਲਿਆਂਦੀ ਜਾਵੇ ਤਾਂ ਹਰ ਸਾਲ 14 ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਸਕਦੇ ਹਾਂ।
ਪੂਰੀ ਦੁਨੀਆ ’ਚ ਜਲਵਾਯੂ ਬਦਲਣ ਕਾਰਨ ਦਿਨੋਂ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ। ਇਸ ਮੁੱਦੇ ’ਤੇ ਪੂਰੀ ਦੁਨੀਆ ’ਚ ਚਰਚਾ ਚੱਲ ਰਹੀ ਹੈ ਕਿ ਆਖਰ ਕਿਸ ਤਰ੍ਹਾਂ ਵਾਤਾਵਰਨ ਖਰਾਬ ਹੋਣ ਤੋਂ ਬਚਾਇਆ ਜਾਵੇ। ਵਾਤਾਵਰਨ ਖਰਾਬ ਹੋਣਾ ਧਰਤੀ ਵਾਸੀਆਂ ਲਈ ਬੇਹੱਦ ਖ਼ਤਰਨਾਕ ਹੈ, ਦੀਵਾਲੀ ਜਾਂ ਹੋਰ ਤਿਉਹਾਰਾਂ ’ਤੇ ਚਲਾਏ ਜਾਂਦੇ ਪਟਾਕਿਆਂ ਜਾਂ ਹੋਰ ਸਾਧਨਾਂ ਨਾਲ ਵਾਤਾਵਰਨ ਬਹੁਤ ਖਰਾਬ ਹੁੰਦਾ ਹੈ। ਕਾਰਨ ਤਾਂ ਹੋਰ ਵੀ ਬਹੁਤ ਹਨ, ਜਿਨ੍ਹਾਂ ਦਾ ਅੱਗੇ ਜ਼ਿਕਰ ਕਰਦੇ ਹਾਂ, ਅਜੋਕੇ ਸਮੇਂ ਵਾਤਾਵਰਨ ਪ੍ਰਦੂਸ਼ਿਤ ਹੋਣਾ ਇੱਕ ਚਿੰਤਾਜਨਕ ਵਿਸ਼ਾ ਹੈ। ਪਿਛਲੇ ਦਿਨਾਂ ਵਿੱਚ ਦਿੱਲੀ ’ਚ ਪ੍ਰਦੂਸ਼ਣ ਦਾ ਪੱਧਰ 556 ਰਿਕਾਰਡ ਕੀਤਾ ਗਿਆ ਹੈ ਜੋ ਕਿ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।
ਕੁਝ ਸਮਾਂ ਪਹਿਲਾਂ ਸਵਿਟਜ਼ਰਲੈਂਡ ਦੇ ਕਲਾਈਮੇਟ ਗਰੁੱਪ ਆਈ ਕਿਊ ਏਅਰ ਨੇ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਦੁਨੀਆਂ ਦੇ 10 ਸਭ ਤੋਂ ਖਰਾਬ, ਮਤਲਬ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸਭ ਤੋਂ ਪਹਿਲਾ ਸਥਾਨ ਦਿੱਲੀ ਦਾ ਹੈ। ਇਸ ਸੂਚੀ ਵਿੱਚ ਸਿਰਫ ਦਿੱਲੀ ਹੀ ਨਹੀਂ ਬਲਕਿ ਭਾਰਤ ਦੇ ਦੋ ਹੋਰ ਸ਼ਹਿਰਾਂ ਕੋਲਕਾਤਾ ਅਤੇ ਮੁੰਬਈ ਦੇ ਨਾਂਅ ਵੀ ਸ਼ਾਮਿਲ ਹਨ, ਇਨ੍ਹਾਂ ਤਿੰਨ ਸ਼ਹਿਰਾਂ ਵਿਚ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ (Air Pollution) ਖਰਾਬ ਹਵਾ ਹੈ। ਦਰਅਸਲ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਦਾ ਇਸ ਲਈ ਵੀ ਸੰਕਟ ਬਣ ਗਿਆ ਹੈ, ਕਿਉਂਕਿ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਹੀਂ ਵਿਖਾਈ, ਦਿੱਲੀ ਪ੍ਰਦੂਸ਼ਣ ਦੇ ਹੱਲ ਲਈ, ਨਾਕਾਮ ਰਹਿਣ ਲਈ ਸਰਕਾਰਾਂ ਆਪਣੀਆਂ ਨਾਕਾਮੀਆਂ ਲਈ ਪਿਛਲੀਆਂ ਸਰਕਾਰਾਂ ਤੇ ਗੁਆਂਢੀ ਸੂਬੇ ਪੰਜਾਬ ਤੇ ਹਰਿਆਣਾ ਨੂੰ ਜਿੰਮੇਵਾਰ ਠਹਿਰਾਉਂਦੀਆਂ ਰਹੀਆਂ ਹਨ।
ਕਈ ਵਾਰ ਤਾਂ ਪ੍ਰਦੂਸ਼ਣ (Air Pollution) ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਘਰਾਂ ’ਚੋਂ ਨਿੱਕਲਣਾ ਮੁਸ਼ਕਲ ਹੋ ਜਾਂਦਾ ਹੈ, ਖਾਸਕਰ ਦੀਵਾਲੀ ਜਾਂ ਹੋਰ ਤਿਉਹਾਰਾਂ ਵਾਲੇ ਦਿਨਾਂ ’ਚ ਜਦੋਂ ਪਟਾਕੇ ਵਗੈਰਾ ਚਲਾਏ ਜਾਂਦੇ ਹਨ, ਅੱਖਾਂ ਵਿੱਚ ਜਲਣ ਹੋਣ ਲੱਗਦੀ ਹੈ, ਦਮੇ ਆਦਿ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਹਨ ਜੋ ਪ੍ਰਦੂਸ਼ਿਤ ਹਵਾ ਨਾਲ ਹੁੰਦੀਆਂ ਹਨ। ਵਾਤਾਵਰਨ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਦਿਨੋਂ-ਦਿਨ ਰੁੱਖਾਂ ਦੀ ਕਟਾਈ ਤਾਂ ਕਰੀ ਜਾ ਰਹੇ ਹਾਂ ਪਰ ਓਨੀ ਗਿਣਤੀ ਵਿੱਚ ਰੁੱਖ ਲਾਏ ਨਹੀਂ ਜਾ ਰਹੇ।
ਸੜਕਾਂ ਨੂੰ ਫੋਰ-ਵੇ (ਚਾਰ ਪਾਸੀ) ਬਣਾਉਣ ਲਈ ਸੜਕ ਦੇ ਆਲੇ-ਦੁਆਲੇ ਦੇ ਰੁੱਖਾਂ ਦੀ ਦਿਨੋਂ-ਦਿਨ ਕਟਾਈ ਹੋ ਰਹੀ ਹੈ। ਰੁੱਖ ਜਿੱਥੇ ਹਵਾ ਨੂੰ ਸ਼ੁੱਧ ਕਰਦੇ ਹਨ, ਉੱਥੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਸੋ ਵੱਧ ਤੋਂ ਵੱਧ ਰੁੱਖ਼ ਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਕਾਰਖਾਨਿਆਂ, ਭੱਠਿਆਂ, ਵਾਹਨਾਂ ਤੇ ਅਨੇਕਾਂ ਸਨਅਤੀ ਅਦਾਰਿਆਂ ’ਚੋਂ ਨਿੱਕਲਣ ਵਾਲਾ ਧੂੰਆਂ ਤੇ ਪ੍ਰਦੂਸ਼ਿਤ ਗੈਸਾਂ ਵਾਤਾਵਰਨ ਖਰਾਬ ਕਰ ਰਹੇ ਹਨ, ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਾਲੀ ਸਾੜਨਾ ਜਾਂ ਕਣਕ ਦਾ ਨਾੜ ਸਾੜਨ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ, ਇਸ ਨਾਲ ਵੀ ਹਵਾ ਪ੍ਰਦੂਸ਼ਿਤ (Air Pollution) ਹੁੰਦੀ ਹੈ ਪਰ ਇਸ ਦੀ ਦਰ ਹਵਾ ਵਿਚਲੇ ਪ੍ਰਦੂਸ਼ਣ ’ਚੋਂ ਦਸ ਫੀਸਦੀ ਹੈ, ਬਾਕੀ ਪ੍ਰਦੂਸ਼ਣ ਦੇ ਹੋਰ ਬਹੁਤ ਸਾਰੇ ਕਾਰਨ ਹਨ ਜੋ ਉੱਪਰ ਦਰਸਾਏ ਗਏ ਹਨ।
ਹਵਾ ਮਾਪਣ ਵਾਲੇ ਯੰਤਰ ਦੱਸ ਰਹੇ ਹਨ ਕਿ ਵੱਖ-ਵੱਖ ਸ਼ਹਿਰਾਂ ਦੀ ਹਵਾ ਖਰਾਬ (Air Pollution)(ਪ੍ਰਦੂਸ਼ਿਤ) ਹੈ। ਇਹ ਖਰਾਬ ਹਵਾ ਫ਼ਿਕਰਮੰਦੀ ਦੀ ਹੱਦ ਤੱਕ ਪਹੁੰਚ ਗਈ ਹੈ। ਉਜ ਸੋਚਿਆ ਜਾਵੇ ਕਿ ਅੱਜ ਤੋਂ ਡੇਢ-ਦੋ ਦਹਾਕੇ ਪਹਿਲਾਂ ਕਿਸੇ ਸੋਚਿਆ ਸੀ ਕਿ ਪਾਣੀ ਸਾਫ ਕਰਨ ਲਈ ਆਰ. ਓ. (ਰਿਵਰਸ ਓਸਮੋਸਿਸ) ਦੀ ਲੋੜ ਪੈ ਜਾਵੇਗੀ ਅਤੇ ਉਸ ਦੀ ਏਨੀ ਵੱਡੀ ਮਾਰਕੀਟ ਬਣ ਜਾਵੇਗੀ। ਜੋ ਕਿ ਲੱਖਾਂ ਤੋਂ ਤੁਰ ਕੇ ਅਰਬਾਂ ਤੱਕ ਪਹੁੰਚ ਜਾਵੇਗੀ। ਹੁਣ ਘਰ ਦੀ ਹਵਾ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਏ. ਪੀ. (ਏਅਰ ਪਿਊਰੀਫਾਇਰ) ਦੀ ਵੱਡੀ ਮੰਡੀ ਤੁਹਾਡੀਆਂ ਬਰੂਹਾਂ ’ਤੇ ਆਣ ਖੜ੍ਹੀ ਹੋਈ ਹੈ, ਜੋ ਤੁਹਾਡੇ ਘਰ ਤੁਹਾਨੂੰ ਸਾਹ ਵੇਚੇਗੀ।
ਪਵਿੱਤਰ ਗੁਰਬਾਣੀ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਕਿ ਜਗਤ ਵਿਚ ਪਵਨ ਅਰਥਾਤ ਹਵਾ ਇਉਂ ਹੈ, ਜਿਵੇਂ ਆਤਮਿਕ ਤੌਰ ’ਤੇ ਜਿੰਦਾ ਰਹਿਣ ਲਈ ਗੁਰੂ ਹੈ। ਕਿਉਂਕਿ ਜੀਵ ਅੰਦਰ ਚੱਲਣ ਵਾਲੇ ਪ੍ਰਾਣ ਪਵਣ ਦਾ ਹੀ ਇੱਕ ਰੂਪ ਹਨ, ਜਿਸ ਤੋਂ ਬਿਨਾਂ ਜਿਊਣਾ ਅਸੰਭਵ ਹੈ। ਹਵਾ ਪ੍ਰਦੂਸ਼ਣ ਤੋਂ ਬਚਣ ਲਈ ਕੁਝ ਬੁਨਿਆਦੀ ਨੁਕਤੇ ਸਾਨੂੰ ਖ਼ੁਦ ਵੀ ਅਪਨਾਉਣੇ ਪੈਣਗੇ, ਜਿਵੇਂ ਵੱਧ ਤੋਂ ਵੱਧ ਰੁੱਖ ਲਾਏ ਜਾਣ, ਡੀਜ਼ਲ ਦੀ ਵਰਤੋਂ ਘੱਟ ਕੀਤੀ ਜਾਵੇ, ਪੈਟਰੋਲ, ਗੈਸ ਅਤੇ ਹਵਾ, ਪਾਣੀ ਦੀ ਸ਼ਕਤੀ ਨੂੰ ਊਰਜਾ ਵਜੋਂ ਵਰਤਿਆ ਜਾਵੇ। ਸਨਅਤੀ ਅਦਾਰਿਆਂ ’ਚੋਂ ਨਿੱਕਲਣ ਵਾਲਾ ਪ੍ਰਦੂਸ਼ਿਤ ਧੂੰਆਂ, ਗੈਸਾਂ, ਲੋਕਾਂ ਨੂੰ ਨੁਕਸਾਨ ਨਾ ਪਹੁੰਚਾਉਣ। ਇਸ ਲਈ ਸਰਕਾਰ ਨੂੰ ਵੀ ਅਜਿਹੇ ਪਲਾਂਟਾਂ, ਫੈਕਟਰੀ ਵਾਲਿਆਂ ਨੂੰ ਵੀ ਵੱਡੇ ਜ਼ੁਰਮਾਨੇ ਕਰਨੇ ਚਾਹੀਦੇ ਹਨ ਅਤੇ ਸਖਤੀ ਵਰਤਣੀ ਚਾਹੀਦੀ ਹੈ। ਨਹੀਂ ਤਾਂ ਫਿਰ ਏ. ਪੀ. (ਏਅਰ ਪਿਊਰੀਫਾਇਰ) ਰਾਹੀਂ ਸਾਨੂੰ ਸਾਹ ਵੀ ਖਰੀਦਣੇ ਪਿਆ ਕਰਨਗੇ।
ਹਰਮੀਤ ਸਿਵੀਆਂ
ਸਿਵੀਆਂ (ਬਠਿੰਡਾ)
ਮੋ. 80547-57806
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














