ਜੇਕਰ ਸਿੱਧੂ ਬਿਜਲੀ ਮਹਿਕਮਾ ਲੈਂਦੇ ਤਾਂ ਕੀ ਬਿਜਲੀ ਸਸਤੀ ਕਰ ਦਿੰਦੇ: ਧਰਮਸੋਤ

ਕਿਹਾ, ਵਿਰੋਧ ਕਰਨ ਵਾਲੀ ਔਰਤ ਕਿਸੇ ਦੀ ਸਹਿ ’ਤੇ ਅਜਿਹਾ ਬੋਲ ਰਹੀ ਐ

ਸੁਰਿੰਦਰ ਕੁਮਾਰ ਸ਼ਰਮਾ, ਨਾਭਾ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ, ਉੱਥੇ ਹੀ ਪਿਛਲੇ ਦਿਨੀਂ ਵਿਰੋਧ ਕਰਨ ਵਾਲੀ ਇੱਕ ਔਰਤ ਨੂੰ ਕਿਸੇ ਦੀ ਸਹਿ ’ਤੇ ਅਜਿਹਾ ਕਰਨ ਦੀ ਗੱਲ ਕਹੀ। ਉਹ ਅੱਜ ਇੱਥੇ ਨਾਭਾ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਬਿਜਲੀ ਦੇ ਮਸਲੇ ਨੂੰ ਤੂਲ ਦੇਈ ਜਾ ਰਹੇ ਹਨ, ਜਦਕਿ ਪੰਜਾਬ ਵਿੱਚ ਬਿਜਲੀ ਇਕ ਡੇਢ ਦਿਨ ਲਈ ਜ਼ਰੂਰ ਖ਼ਰਾਬ ਰਹੀ, ਪਰ ਹੁਣ ਕਿਸਾਨਾਂ ਨੂੰ ਮੋਟਰਾਂ ’ਤੇ ਬਿਜਲੀ ਅੱਠ ਤੋਂ ਦੱਸ ਘੰਟੇ ਮਿਲ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਕੇਜਰੀਵਾਲ ਵੱਲੋਂ 300 ਯੂਨਿਟ ਮਾਫ ਕਰਨ ’ਤੇ ਧਰਮਸੋਤ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ, ਜੇ 300 ਯੂਨਿਟ ਮੁਫ਼ਤ ਦੇਣ ਦੀ ਗੱਲ ਕਰ ਰਹੇ ਹਨ ਅਤੇ ਇੱਕ ਯੂਨਿਟ ਵੱਧ ਹੋ ਗਈ ਤਾਂ ਸਾਰੇ ਪੈਸੇ ਦੇਣੇ ਪੈਣਗੇ, ਪਰ ਪੰਜਾਬ ਸਰਕਾਰ ਵੱਲੋਂ ਜੋ ਦੋ ਸੌ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਉਸ ਤੋਂ ਉੱਪਰ ਜਿੰਨੇ ਯੂਨਿਟ ਬਿਜਲੀ ਖਪਤ ਹੁੰਦੀ ਹੈ ਉਸੇ ਦੇ ਹੀ ਪੈਸੇ ਲਏ ਜਾਂਦੇ ਹਨ ।

ਬੀਤੇ ਦਿਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਟਵੀਟ ਕਿ ਪੰਜਾਬ ਵਿੱਚ ਬਿਜਲੀ ਤਿੰਨ ਚਾਰ ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਹੈ, ’ਤੇ ਧਰਮਸੋਤ ਨੇ ਹੱਸਦੇ-ਹੱਸਦੇ ਤੰਜ ਕੱਸਦੇ ਹੋਏ ਕਿਹਾ ਕਿ ਸਿੱਧੂ ਸਾਬ੍ਹ ਕਿ੍ਰਕਟਰ ਤੇ ਟੀਵੀ ’ਤੇ ਬਹੁਤ ਵਧੀਆ ਬੋਲਦੇ ਹਨ ਅਤੇ ਛੱਕੇ ਵੀ ਵਧੀਆ ਮਾਰਦੇ ਹਨ ਪਰ ਜੇ ਇੰਨਾ ਹੀ ਸੀ ਤਾਂ ਬਿਜਲੀ ਮਹਿਕਮਾ ਲੈ ਲੈਂਦੇ ਤੇ ਫੇਰ ਸਸਤੀ ਕਰ ਲੈਂਦੇ ਬਿਜਲੀ ।

ਸਿੱਧੂ ਨੇ ਟਵੀਟ ਵਿੱਚ ਇਹ ਕਿਹਾ ਕਿ ਦਿੱਲੀ ਮਾਡਲ ਪੰਜਾਬ ਵਿੱਚ ਹੋਣਾ ਚਾਹੀਦਾ ਸੀ ਪਰ ਧਰਮਸੋਤ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਹੀ ਰਹਿਣ ਦੇਵੋ, ਦਿੱਲੀ ਨਾ ਬਣਾਓ ਵੱਖ-ਵੱਖ ਪਿੰਡਾਂ ਵਿੱਚ ਹੋ ਰਹੇ ਉਹਨਾਂ ਦੇ ਵਿਰੋਧ ਸਬੰਧੀ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਮੈਂ ਤਾਂ ਜ਼ਮੀਨ ਦਾ ਕੀੜਾ ਹਾਂ, ਮੈਨੂੰ ਕੀ ਫਰਕ ਪੈਂਦਾ ਹੈ, ਮੈਂ ਤਾਂ ਕਿਸੇ ਗ਼ਰੀਬ ਦੇ ਘਰੇ ਅਫਸੋਸ ਕਰਨ ਗਿਆ ਸੀ, ਗਰੀਬ ਦੇ ਘਰੇ ਕੋਈ ਨਹੀਂ ਜਾਂਦਾ ਸਿਰਫ ਮੈਂ ਜਾਦਾ ਹਾਂ। ਕੁਝ ਸ਼ਰਾਰਤੀ ਬੰਦਿਆਂ ਨੇ ਇਹ ਸ਼ਰਾਰਤ ਕੀਤੀ ਜਿਨ੍ਹਾਂ ਨੇ ਪਿੰਡ ਦੇ ਟੋਭੇ ਦੇ ਖ਼ਿਲਾਫ਼ ਸਟੇਅ ਲਈ ਹੋਈ ਹੈ ਇਸ ਕਰਕੇ ਉਹ ਹੀ ਵਿਰੋਧ ਕਰ ਰਹੇ ਸੀ। ਸਟੇਅ ਤੁੜਵਾ ਦਿਓ ਮੈਂ ਪੈਸੇ ਦੇ ਦੇਵਾਂਗਾ ਪਿੰਡ ਦੇ ਵਿਕਾਸ ਕਾਰਜਾਂ ਲਈ।’

ਬੀਤੇ ਦਿਨੀਂ ਨਾਭਾ ਦੇ ਪਿੰਡ ਚਹਿਲ ਵਿਖੇ ਹੋਏ ਵਿਰੋਧ ’ਤੇ ਧਰਮਸੋਤ ਨੇ ਕਿਹਾ ਕਿ ਜੋ ਬੀਬੀ ਨੇ ਕਿਹਾ ਕਿ ਉਸਦੇ ਬੱਚਿਆਂ ਦੇ ਸਕਾਲਰਸ਼ਿਪ ਦੇ ਪੈਸੇ ਨਹੀਂ ਆਏ, ਮੰਤਰੀ ਖਾ ਗਿਆ, ਉਹ ਤਾਂ ਜੱਟਾਂ ਦੀ ਨੂੰਹ ਹੈ, ਇਹ ਪੈਸੇ ਜਿਹੜੇ ਹਨ ਉਹ ਐਸਸੀ ਬੀਸੀ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਇਹ ਬੀਬੀ ਕਿਸੇ ਦੀ ਸ਼ਹਿ ’ਤੇ ਸਾਰੀ ਗੱਲ ਬੋਲ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।