ਜਨਮ ਦਿਨ ’ਤੇ ਵਿਸ਼ੇਸ਼ | Shaheed Bhagat Singh
Shaheed Bhagat Singh: ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਨੂੰ ਜਨਮ ਦਿੱਤਾ। ਜਿੱਥੇ ਅਨੇਕਾਂ ਸੂਰਵੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਜਿਹੀ ਹੀ ਇੱਕ ਮਹਾਨ ਸ਼ਖਸੀਅਤ ਸਨ ਸਰਦਾਰ ਭਗਤ ਸਿੰਘ, ਜਿਨ੍ਹਾਂ ਨੇ ਆਪਣੀ ਵਿਚਾਰਧਾਰਾ ਰਾਹੀਂ ਗੂੰਗੀ ਅਤੇ ਬੋਲੀ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸ੍ਰ. ਭਗਤ ਸਿੰਘ ਦਾ ਜਨਮ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ, 1907 ਨੂੰ ਪਿੰਡ ਬੰਗਾਂ ਜਿਲ੍ਹਾ ਲਾਇਲਪੁਰ, ਹੁਣ ਪਾਕਿਸਤਾਨ ਵਿਖੇ ਹੋਇਆ। ਸ੍ਰ. ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਹੈ। ਅਜੋਕੇ ਸਮੇਂ ਵਿੱਚ ਇਹ ਪਵਿੱਤਰ ਸਥਾਨ ਦੇਸ਼ ਦੀ ਕ੍ਰਾਂਤੀ ਦਾ ਮੁੱਖ ਧੁਰਾ ਹੈ। Shaheed Bhagat Singh
ਅੱਜ ਵੀ ਲੋਕ ਲਹਿਰਾਂ ਇਸ ਸਥਾਨ ਨੂੰ ਪ੍ਰੇਰਨਾ ਦਾ ਸਰੋਤ ਮੰਨਦੀਆਂ ਹਨ ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ’ਤੇ ਡੂੰਘਾ ਅਸਰ ਪਾਇਆ ਸੀ। ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਜਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਸ੍ਰ: ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਹੀ ਮਿਲੀ ਸੀ। ਇਨ੍ਹਾਂ ਦੇ ਦਾਦਾ ਸ੍ਰ: ਅਰਜਨ ਸਿੰਘ ਇੱਕ ਕਿਸਾਨ ਸਨ, ਅਤੇ ਦੇਸ਼ ਪ੍ਰੇਮ ਉਹਨਾਂ ਵਿੱਚ ਭਰਿਆ ਹੋਇਆ ਸੀ ਸ੍ਰ: ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ–ਸਮੇਂ ਆਈਆਂ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਵਧ-ਚੜ੍ਹ ਕੇ ਮੱਦਦ ਕੀਤੀ।
Read This : ਮਿਲੋ ਇਸ ਮਹਿਲਾ ਸਰਪੰਚ ਨੂੰ, ਕਾਰਜਕਾਲ ਦੌਰਾਨ ਨਸਿ਼ਆਂ ਨੂੰ ਠੱਲ੍ਹ ਪਾ ਕੀਤਾ ਸ਼ਾਨਦਾਰ ਕੰਮ ਪੰਜਾਬ ‘ਚ ਹੋ ਰਹੀ ਐ ਚ…
ਕਿਸ਼ਨ ਸਿੰਘ ਕਾਂਗਰਸ ਦੇ ਮੈਂਬਰ ਬਣੇ ਅਤੇ 1906 ਵਿੱਚ ਕਿਸ਼ਨ ਸਿੰਘ ਨੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸ੍ਰ: ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸੁਤੰਤਰਤਾ ਸੰਗਰਾਮੀ ਸਨ। ਇਹਨਾਂ ਨੇ ਅੰਗਰੇਜ਼ੀ ਜ਼ਾਲਮ ਸਰਕਾਰ ਦੇ ਖਿਲਾਫ ਟਾਕਰਾ ਲਿਆ ਜਿਸ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ। ਚਾਚਾ ਜੀ ਦੀਆਂ ਗਤੀਵਿਧੀਆਂ ਦਾ ਸਰਦਾਰ ਭਗਤ ਸਿੰਘ ’ਤੇ ਗਹਿਰਾ ਪ੍ਰਭਾਵ ਸੀ ਗੁਲਾਮੀ ਦੇ ਇਸ ਦੌਰ ਵਿੱਚ ਲੋਕਾਂ ਦੀ ਆਵਾਜ਼ ਨੂੰ ਕੁਚਲਣਾ, ਹੱਕੀ ਅੰਦੋਲਨਾਂ ਨੂੰ ਕੁਚਲਣ ਲਈ ਅੰਗਰੇਜ਼ ਹਕੂਮਤ ਦੀਆਂ ਸਖ਼ਤੀਆਂ ਨੇ ਭਗਤ ਸਿੰਘ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਪ੍ਰੇਰਨਾ ਦਿੱਤੀ ਭਗਤ ਸਿੰਘ ਨੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ। Shaheed Bhagat Singh
ਉਹ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਬਣ ਗਿਆ। ਕਾਲਜ ਦੀ ਪੜ੍ਹਾਈ ਦੌਰਾਨ ਭਗਤ ਸਿੰਘ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਪਕੜ ਬਣਾ ਚੁੱਕਿਆ ਸੀ। ਸ. ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਸਰਾਭੇ ਦੀ ਫ਼ੋਟੋ ਆਪਣੀ ਜੇਬ੍ਹ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ। ਆਪਣੇ ਲੇਖ ਵਿੱਚ ਉਹ ਕਾਲਜ ਦੇ ਦਿਨਾਂ ਬਾਰੇ ਲਿਖਦਾ ਹੈ, ‘‘ਮੈਂ ਕਾਲਜ ਵਿੱਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਤੇ ਇੱਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਚਲਾ ਗਿਆ।
ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। 1927 ਵਿੱਚ ਕਾਕੋਰੀ ਕਾਂਡ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਕੈਦ ਕਰ ਲਿਆ ਗਿਆ ਉਸ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜਿ੍ਹਆ ਗਿਆ। ਚੰਗੇ ਵਿਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ ਉੱਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਤੰਬਰ 1928 ਵਿੱਚ ਇਸ ਯੋਧੇ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਜਿਸ ਦਾ ਮੁੱਖ ਉਦੇਸ਼ ਨੌਜਵਾਨ ਵਰਗ ਵਿੱਚ ਆਜ਼ਾਦੀ ਲਈ ਚੇਤਨਾ ਪੈਦਾ ਕਰਨਾ ਸੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। Shaheed Bhagat Singh
ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ. ਪੀ. ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਵਾਂ ਨੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। 23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ।
ਫ਼ਾਂਸੀ ਲਈ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਕਿਹਾ, ‘‘ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ।’’ ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ। ਕਿਤਾਬ ਦਾ ਮੁੜਿਆ ਹੋਇਆ ਪੰਨਾ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ। Shaheed Bhagat Singh
ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ, 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ ਦਰਿਆ ਦੇ ਕੰਢੇ ’ਤੇ ਸਾੜ ਦਿੱਤੀਆਂ ਗਈਆਂ ਪੰਜਾਬ ਦੀ ਧਰਤੀ ਵਿੱਚ ਅੱਜ ਵੀ ਸਰਦਾਰ ਭਗਤ ਸਿੰਘ ਦੀ ਮਹਿਕ ਮੌਜੂਦ ਹੈ ‘ਇਨਕਲਾਬ ਜਿੰਦਾਬਾਦ’ ਅੱਜ ਵੀ ਲੋਕ ਲਹਿਰਾਂ ਦਾ ਮੁੱਖ ਵਿਸ਼ਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਸਰਦਾਰ ਭਗਤ ਸਿੰਘ ਦੇ ਦੱਸੇ ਹੋਏ ਮਾਰਗ ’ਤੇ ਚੱਲਣ ਦੀ ਲੋੜ ਹੈ ਉਨ੍ਹਾਂ ਨੇ ਭਰੀ ਜਵਾਨੀ ਵਿੱਚ ਆਪਣੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਉਨ੍ਹਾਂ ਦੀ ਫਿਲਾਸਫੀ, ਵਿਚਾਰ, ਕਾਰਜ ਅੱਜ ਵੀ ਨੌਜਵਾਨ ਵਰਗ ਲਈ ਪ੍ਰੇਰਨਾ ਦੇ ਸਰੋਤ ਹਨ ਆਓ! ਉਨ੍ਹਾਂ ਦੇ ਜਨਮ ਦਿਨ ’ਤੇ ਉਹਨਾਂ ਦੀ ਸੋਚ ਨੂੰ ਅਪਣਾਉਣ ਦਾ ਪ੍ਰਣ ਕਰੀਏ Shaheed Bhagat Singh
ਅਵਨੀਸ਼ ਲੌਂਗੋਵਾਲ