ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਦੀ ਮੋਹਰ ਲਗਣ ਤੱਕ ਇੰਤਜ਼ਾਰ ਕਰਨ ਲਈ ਕਿਹਾ
ਭਾਜਪਾ ਸਣੇ ਬਾਕੀ ਪਾਰਟੀਆਂ ਨਾਲ ਕੀਤੀ ਜਾਏਗੀ ਸੀਟਾਂ ਦੀ ਵੰਡ ਪਰ ਨਹੀਂ ਹੋਏਗਾ ਗਠਜੋੜ : ਅਮਰਿੰਦਰ ਸਿੰਘ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਐਲਾਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਨਾਂਅ ਨੂੰ ਜਨਤਕ ਉਸ ਸਮੇਂ ਕਰਨਗੇ, ਜਦੋਂ ਉਨਾਂ ਨੂੰ ਭਾਰਤੀ ਚੋਣ ਕਮਿਸ਼ਨ ਤੋਂ ਅਧਿਕਾਰਤ ਇਜਾਜ਼ਤ ਮਿਲ ਜਾਏਗੀ ਅਤੇ ਬਕਾਇਦਾ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤਾ ਜਾਏਗਾ। ਜਿਸ ਕਰਕੇ ਅਮਰਿੰਦਰ ਸਿੰਘ ਨੇ ਪੰਜਾਬ ਦੀ ਮੀਡੀਆ ਨੂੰ ਨਵੀਂ ਸਿਆਸੀ ਪਾਰਟੀ ਦੇ ਨਾਂਅ ਸਬੰਧੀ ਇੰਤਜ਼ਾਰ ਕਰਨ ਲਈ ਕਿਹਾ ਹੈ। ਇਸ ਵਿੱਚ 10-15 ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਚੋਣ ਦੰਗਲ ਵਿੱਚ ਖ਼ੁਦ ਵੀ ਉੱਤਰਨਗੇ ਅਤੇ ਆਪਣੀ ਪਾਰਟੀ ਦੇ ਵੱਡੇ ਪੱਧਰ ’ਤੇ ਉਮੀਦਵਾਰ ਵੀ ਉਤਾਰਨਗੇ। ਇਸ ਸਬੰਧੀ ਸਮਾਂ ਆਉਣ ’ਤੇ ਐਲਾਨ ਕੀਤਾ ਜਾਏਗਾ। ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ ਪਰ ਸੀਟਾਂ ਦੀ ਵੰਡ ਜਰੂਰ ਕੀਤੀ ਜਾਏਗੀ। ਇਸ ਲਈ ਉਹ ਪੰਜਾਬ ਦੀ ਹਰ ਛੋਟੀ-ਵੱਡੀ ਪਾਰਟੀ ਨਾਲ ਗੱਲਬਾਤ ਕਰਨਗੇ ਤਾਂ ਕਿ 2-4 ਸੀਟਾਂ ਜਿੱਤਣ ਦੀ ਥਾਂ ’ਤੇ ਸਰਕਾਰ ਬਣਾਉਣ ਤੱਕ ਪੁੱਜਿਆ ਜਾ ਸਕੇ। ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਤੋਂ ਲੈ ਕੇ ਢੀਂਡਸਾ ਗਰੁੱਪ ਤੱਕ ਨਾਲ ਗੱਲਬਾਤ ਕੀਤੀ ਜਾਏਗੀ ਕਿ ਸੀਟਾਂ ਦੀ ਵੰਡ ਕਰਦੇ ਹੋਏ ਮਿਲ ਕੇ ਚੋਣ ਲੜੀ ਜਾਵੇ ਤਾਂ ਕਿ ਇਸ ਦਾ ਫਾਇਦਾ ਹਰ ਕਿਸੇ ਨੂੰ ਮਿਲੇ।
ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਆਪਣੇ ਕਾਰਜਕਾਲ ਦਾ ਲੇਖਾ-ਜੋਖਾ ਜਾਰੀ ਕਰਦੇ ਹੋਏ ਕਿਹਾ ਕਿ ਉਨਾਂ ਨੇ ਆਪਣੇ ਕਾਰਜਕਾਲ ਦੌਰਾਨ 92 ਫੀਸਦੀ ਵਾਅਦੇ ਪੂਰੇ ਕੀਤੇ ਹਨ ਅਤੇ ਇਹ ਫੈਕਟ ਸੀਟ ਹਨ, ਜਿਨਾਂ ਨੂੰ ਕੋਈ ਵੀ ਦੇਖ ਸਕਦਾ ਹੈ ਇਹ ਸਾਰਾ ਕੁਝ ਉਨਾਂ ਨੇ ਸੋਨੀਆ ਗਾਂਧੀ ਅਤੇ ਖੜਗੇ ਕਮੇਟੀ ਅੱਗੇ ਵੀ ਰੱਖਿਆ ਸੀ ਪਰ ਫਿਰ ਵੀ ਉਨਾਂ ਨੂੰ ਇਸ ਤਰੀਕੇ ਨਾਲ ਹਟਾਉਣ ਦੀ ਕੋਸ਼ਸ਼ ਕੀਤੀ ਗਈ। ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਕੋਈ ਮਰਜ਼ੀ ਦਾਅਵਾ ਕਰੀ ਜਾਵੇ ਉਨਾਂ ਦੇ ਨਾਲ 80 ਵਿੱਚੋਂ 67 ਵਿਧਾਇਕ ਤਾਂ ਉਨਾਂ ਦੇ ਹੱਕ ਵਿੱਚ ਹੀ ਸਨ ਪਰ ਪਤਾ ਨਹੀਂ ਕਿਥੋਂ ਇਹ ਅੰਕੜੇ ਜਾਰੀ ਕਰਦੇ ਹੋਏ ਕਦੇ 40 ਕਹਿੰਦੇ ਸਨ ਅਤੇ ਕਦੇ 78 ਵੀ ਆਖੀ ਜਾ ਰਹੇ ਸਨ।
ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਅਜੇ ਤੱਕ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ, ਉਹ 52 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਕੰਮ ਕਰ ਰਹੇ ਹਨ ਤਾਂ ਕੀ ਉਹ 10 ਦਿਨ ਹੋਰ ਕਾਂਗਰਸ ਪਾਰਟੀ ਵਿੱਚ ਨਹੀਂ ਰਹਿ ਸਕਦੇ ਹਨ। ਉਹ ਸਮਾਂ ਆਉਣ ’ਤੇ ਆਪਣਾ ਅਸਤੀਫ਼ਾ ਵੀ ਦੇਣਗੇ।
ਅਰੂਸਾ ਆਲਮ ਦੇ ਮੁੱਦੇ ’ਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਉਨਾਂ ਦੇ ਨਾਲ ਹੀ ਸਾਢੇ 4 ਸਾਲ ਤੱਕ ਕੈਬਨਿਟ ਮੰਤਰੀ ਰਹੇ ਹਨ ਅਤੇ ਸੁਖਜਿੰਦਰ ਰੰਧਾਵਾ ਨੇ ਪਹਿਲਾ ਤਾਂ ਕਦੇ ਵੀ ਇਸ ਸਬੰਧੀ ਕੋਈ ਇਤਰਾਜ਼ ਜ਼ਾਹਰ ਨਹੀਂ ਕੀਤਾ ਕਿ ਉਹ ਕਿਉਂ ਅਰੂਸਾ ਆਲਮ ਨੂੰ ਪੰਜਾਬ ਵਿੱਚ ਸੱਦ ਰਹੇ ਹਨ, ਹੁਣ ਉਨਾਂ ਨੂੰ ਮਿਰਚਾਂ ਕਿਉਂ ਲੜ ਰਹੀਆਂ ਹਨ। ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਵੀਜ਼ਾ ਖੁੱਲ੍ਹੇ ਤਾਂ ਉਹ ਮੁੜ ਤੋਂ ਅਰੂਸਾ ਆਲਮ ਨੂੰ ਪੰਜਾਬ ਵਿੱਚ ਸੱਦਣਗੇ।
ਸੁਖਜਿੰਦਰ ਰੰਧਾਵਾ ਗ੍ਰਹਿ ਮੰਤਰੀ ਦੇ ਅਹੁਦੇ ਲਈ ਨਹੀਂ ਹਨ ਕਾਬਲ
ਅਮਰਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਤਾਂ ਪੰਜਾਬ ਦੇ ਗ੍ਰਹਿ ਮੰਤਰੀ ਰਹਿਣ ਦੇ ਹੀ ਕਾਬਲ ਨਹੀਂ ਹਨ, ਕਿਉਂਕਿ ਉਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਕਿ ਬਾਰਡਰ ’ਤੇ ਕੀ ਕੁਝ ਹੋ ਰਿਹਾ ਹੈ? ਜਿਹੜੇ ਬੰਦੇ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਡੋ੍ਰਨ 15 ਕਿਲੋਮੀਟਰ ਤੱਕ ਪੰਜਾਬ ਵਿੱਚ ਪੁੱਜ ਰਹੇ ਹਨ ਤਾਂ ਉਹ ਕਿਵੇਂ ਪੰਜਾਬ ਦੇ ਅਮਨ ਕਾਨੂੰਨ ਦੀ ਰੱਖਿਆ ਕਰ ਸਕਦਾ ਹੈ। ਅਮਰਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ਨੇ ਉਹ ਬਿਆਨ ਨੂੰ ਹਾਸੋਹੀਣ ਦੱਸਿਆ, ਜਿਸ ਵਿੱਚ ਸੁਖਜਿੰਦਰ ਰੰਧਾਵਾ ਦਾਅਵਾ ਕਰ ਰਹੇ ਹਨ ਕਿ ਪਾਕਿਸਤਾਨ ਤੋਂ ਆਏ ਡੋ੍ਰਨ ਸਿਰਫ਼ 3-4 ਕਿਲੋਮੀਟਰ ਦੇ ਦਾਇਰੇ ਵਿੱਚ ਰਹੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਸੂਬੇ ’ਚ ਗ੍ਰਹਿ ਵਿਭਾਗ ਦੀ ਕਮਾਨ ਸੁਖਜਿੰਦਰ ਰੰਧਾਵਾ ਵਰਗੇ ਦੇ ਹੱਥ ’ਚ ਦੇਣਾ ਹੀ ਖ਼ਤਰਨਾਕ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ